channel punjabi
Canada International News

ਕੈਨੇਡਾ ‘ਚ ਦਿੱਲੀ ਤੋਂ ਆ ਰਹੀਆਂ ਉਡਾਣਾਂ ‘ਚ ਮਿਲ ਰਹੇ ਹਨ ਕੋਰੋਨਾ ਦੇ ਮਾਮਲੇ, ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੇ ਲੱਗ ਸਕਦੀ ਹੈ ਪਾਬੰਦੀ !

ਨਵੀਂ ਦਿੱਲੀ/ਚੰਡੀਗੜ੍ਹ/ਟੋਰਾਂਟੋ: ਇੱਕ ਪਾਸੇ ਕੈਨੇਡਾ ਵਿੱਚ ਕੋਰੋਨਾ ਖਿਲਾਫ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਕੋਰੋਨਾ ਸੰਕ੍ਰਮਣ ਦੇ ਮਾਮਲੇ ਵੀ ਘਟ ਨਹੀਂ ਹੋ ਰਹੇ। ਕੈਨੇਡਾ ਸਰਕਾਰ ਨੇ ਇਸ ਦੇ ਹੱਲ ਲਈ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਲਈ ਹੈ । ਦਰਅਸਲ ਕੈਨੇਡਾ ’ਚ ਹੁਣ ‘ਡਬਲ ਮਿਊਟੈਂਟ’ ਕੋਵਿਡ (SARS-CoV-2 ਵਾਇਰਸ) ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਤੇ ਇਸ ਦੇਸ਼ ਵਿੱਚ ਅਜਿਹਾ ਹੋਣ ਦਾ ਇੱਕ ਕਾਰਨ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਸਮਝਿਆ ਜਾ ਰਿਹਾ ਹੈ । ਇਸ ਸਬੰਧੀ ‘ਟੋਰਾਂਟੋ ਸਨ’ ਵੱਲੋਂ ਬ੍ਰਾਇਨ ਪੈਸੀਫ਼ਿਊਮ ਦੀ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਬਾਕਾਇਦਾ ਸਾਰੇ ਅੰਕੜੇ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਕੈਨੇਡਾ ਸਰਕਾਰ ਹੁਣ ਅਜਿਹੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਪਾਬੰਦੀ ਵੀ ਲਾ ਸਕਦੀ ਹੈ ਪਰ ਹਾਲੇ ਤੱਕ ਕਿਸੇ ਸਰਕਾਰੀ ਅਧਿਕਾਰੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ।

ਉਪਲਬਧ ਅੰਕੜਿਆਂ ਅਨੁਸਾਰ ਬੀਤੀ 21 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ ਟੋਰਾਂਟੋ ਪੁੱਜੀਆਂ ਫ਼ਲਾਈਟਾਂ ਦੀ ਗਿਣਤੀ 121 ਹੈ, ਜਿਨ੍ਹਾਂ ਵਿੱਚ ਕੋਵਿਡ ਦੇ ਮਰੀਜ਼ ਸਨ। ਉਨ੍ਹਾਂ ਵਿੱਚੋਂ 42 ਉਡਾਣਾਂ ਇਕੱਲੇ ਦਿੱਲੀ ਤੋਂ ਆਈਆਂ ਸਨ। ਕੈਨੇਡੀਅਨ ਸਿਹਤ ਮਾਹਿਰਾਂ ਅਨੁਸਾਰ ਕੋਵਿਡ ਦੀ B.1.617 (ਇਸ ਨੂੰ ‘ਡਬਲ ਮਿਊਟੈਂਟ’ ਕੋਵਿਡ ਵੀ ਕਿਹਾ ਜਾ ਰਿਹਾ ਹੈ ) ਕਿਸਮ ਦੇ ਮਰੀਜ਼ ਭਾਰਤ ’ਚ ਵੱਡੇ ਪੱਧਰ ਉੱਤੇ ਫੈਲ ਰਹੇ ਹਨ। ਉੱਧਰ ਸਟੈਨਫ਼ੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਮਰੀਕਾ ਦੇ ਸਾਨ ਫ਼੍ਰਾਂਸਿਸਕੋ ਬੇਅ ਇਲਾਕੇ ਵਿੱਚ ਵੀ B.1.617 ਦੇ ਪੰਜ ਮਾਮਲਿਆਂ ਦਾ ਪਤਾ ਲਾਇਆ ਹੈ। ਉੱਤਰੀ ਅਮਰੀਕਾ ਵਿੱਚ ਅਜਿਹੇ ਪਹਿਲੇ ਮਾਮਲੇ ਸਨ।

ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਮੰਕ ਸਕੂਲ ਆਫ਼ ਗਲੋਬਲ ਅਫ਼ੇਅਰਜ਼ ਐਂਡ ਪਬਲਿਕ ਪਾਲਿਸੀ ਦੇ ਐਸੋਸੀਏਟ ਪ੍ਰੋਫ਼ੈਸਰ ਰਾਜੀ ਜਯਾਰਮਨ ਨੇ ਕਿਹਾ ਕਿ ਭਾਰਤ ਨੇ ਦਰਅਸਲ, ਬਿਨਾਂ ਕਿਸੇ ਠੋਸ ਯੋਜਨਾ ਦੇ ਆਪਣੀ ਅਰਥਵਿਵਸਥਾ ਨੂੰ ਮੁੜ ਖੋਲ੍ਹ ਦਿੱਤਾ ਹੈ; ਜਿਸ ਕਾਰਣ ਮਹਾਮਾਰੀ ਦੇ ਮਾਮਲੇ ਵਧਣ ਲੱਗ ਪਏ ਹਨ। ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ ਜਦੋਂ ਵਧਣ ਲੱਗੇ, ਉਨ੍ਹਾਂ ਹੀ ਦਿਨਾਂ ਵਿੱਚ ਭਾਰਤ ਤੋਂ ਉਡਾਣਾਂ ਦੀ ਗਿਣਤੀ ਵੀ ਵਧਣ ਲੱਗ ਪਈ ਸੀ। ਇਸੇ ਲਈ ਹੁਣ ਕੈਨੇਡਾ ਵਿੱਚ ਇਸ ਵਾਇਰਸ ਦੀ ਲਾਗ ਦੇ ਫੈਲਣ ਦਾ ਕਾਰਣ ਵੀ ਉਨ੍ਹਾਂ ਫ਼ਲਾਈਟਾਂ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ। ਹਲਾਂਕਿ ਇਸ ਬਾਰੇ ਆਧਾਕਾਰਿਕ ਪੁਸ਼ਟੀ ਨਹੀਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ 4 ਫ਼ਰਵਰੀ ਤੋਂ ਲੈ ਕੇ 14 ਫ਼ਰਵਰੀ ਤੱਕ ਟੋਰਾਂਟੋ ’ਚ 13 ਉਡਾਣਾਂ ਦਿੱਲੀ ਤੋਂ ਲੈਂਡ ਕੀਤੀਆਂ ਸਨ ਪਰ 4 ਮਾਰਚ ਤੋਂ ਲੈ ਕੇ 20 ਮਾਰਚ ਤੱਕ 21 ਉਡਾਣਾਂ ਇੱਥੇ ਉੱਤਰੀਆਂ; ਜਦ ਕਿ 21 ਮਾਰਚ ਤੋਂ ਲੈ ਕੇ 1 ਅਪ੍ਰੈਲ ਤੱਕ 23 ਉਡਾਣਾਂ ਟੋਰਾਂਟੋ ਪੁੱਜੀਆਂ। ਭਾਰਤ ਸਰਕਾਰ ਨੇ ਭਾਵੇਂ ਪਿਛਲੇ ਮਹੀਨੇ ਕੌਮਾਂਤਰੀ ਉਡਾਣਾਂ ਉੱਤੇ ਪਾਬੰਦੀ ਲਾਈ ਸੀ ਪਰ ਕੈਨੇਡਾ ਉਨ੍ਹਾਂ 13 ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਨੂੰ ‘ਏਅਰ ਬ੍ਰਿਜ’ ਵਿਵਸਥਾ ਅਧੀਨ ਛੋਟ ਹੈ ਅਤੇ ਇਸੇ ਲਈ ‘ਏਅਰ ਕੈਨੇਡਾ’ ਤੇ ‘ਏਅਰ ਇੰਡੀਆ’ ਦੀਆਂ ਉਡਾਣਾਂ ਚੱਲ ਰਹੀਆਂ ਹਨ।

ਰਿਪੋਰਟ ਅਨੁਸਾਰ ਦਿੱਲੀ ਤੋਂ ਕੈਨੇਡਾ ਆਉਣ ਵਾਲੀਆਂ ਸਾਰੀਆਂ ਉਡਾਣਾਂ ਯਾਤਰੀਆਂ ਨਾਲ ਪੂਰੀ ਤਰ੍ਹਾਂ ਭਰੀਆਂ ਹੁੰਦੀਆਂ ਹਨ। ਵੀਰਵਾਰ ਦੀ ਸਵੇਰ ਨੂੰ ਦਿੱਲੀ ਤੋਂ ਬੋਇੰਗ 777 ਦੀ AC 43 ਉਡਾਣ 364 ਯਾਤਰੀਆਂ ਨੂੰ ਲੈ ਕੇ ਟੋਰਾਂਟੋ ਉੱਤਰੀ ਸੀ। ਇਹ ਵੀ ਦੱਸ ਦੇਈਏ ਕਿ ਦਸੰਬਰ 2020 ’ਚ ਕੈਨੇਡਾ ਨੇ ਇੰਗਲੈਂਡ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ਉੱਤੇ ਪਾਬੰਦੀ ਲਾ ਦਿੱਤੀ ਸੀ ਕਿਉਂਕਿ ਉਸ ਸਮੇਂ ਕੋਰੋਨਾ ਦਾ ਯੂ.ਕੇ. ਵੈਰੀਐਂਟ, ਜਿਸਨੂੰ B.1.1.7 ਵੇਰੀਐਂਟ ਵੀ ਕਿਹਾ ਜਾਂਦਾ ਹੈ, ਇੰਗਲੈਂਡ ’ਚ ਪੂਰੀ ਤੇਜੀ ਨਾਲ ਫੈਲਣਾ ਸ਼ੁਰੂ ਹੋ ਗਿਆ ਸੀ । ਫਿਲਹਾਲ ਮੰਨਿਆ ਜਾ ਸਕਦਾ ਹੈ ਕਿ ਆਉਂਦੇ ਦਿਨਾਂ ਵਿੱਚ ਕੈਨੇਡਾ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਤੇ ਕੁਝ ਸਮੇਂ ਲਈ ਰੋਕ ਲਗਾ ਸਕਦਾ ਹੈ।

Related News

ਕੈਨੇਡਾ ‘ਚ ਵੀਰਵਾਰ ਨੂੰ 7,563 ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ ਅਤੇ 154 ਮੌਤਾਂ ਦੀ ਪੁਸ਼ਟੀ

Rajneet Kaur

ਓਂਟਾਰੀਓ ਵਿੱਚ ਕੋਰੋਨਾ ਦੇ ਗੰਭੀਰ ਮਾਮਲੇ ਬਣੇ ਚੁਣੌਤੀ, ਮਈ ਤੱਕ ਸਾਰੇ ICU ਬੈੱਡ ਹੋਣਗੇ ਬੁੱਕ !

Vivek Sharma

ਵੌਹਾਨ ਦੇ ਇਕ ਵਿਆਹ ‘ਚ ਜਾਣਾ ਪਿਆ ਮਹਿੰਗਾ, ਕੋਵਿਡ 19 ਦੇ 44 ਮਾਮਲੇ ਆਏ ਸਾਹਮਣੇ

Rajneet Kaur

Leave a Comment