channel punjabi
News

ਕੇਜਰੀਵਾਲ ਦੀ ਬਾਘਾ ਪੁਰਾਣਾ ਵਿੱਚ ਮਹਾਂਪੰਚਾਇਤ, ਮੋਦੀ-ਕੈਪਟਨ ਨੂੰ ਲਲਕਾਰਿਆ

ਮੋਗਾ : ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਪੰਜਾਬ ਦੇ ਬਾਘਾ ਪੁਰਾਣਾ ਵਿਖੇ ਕਿਸਾਨ ਮਹਾਪੰਚਾਇਤ ਕੀਤੀ ਗਈ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉਚੇਚੇ ਤੌਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਪੰਜਾਬੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਨੇ ਹੱਕੀ ਮੰਗਾਂ ਲਈ ਹਰ ਸੰਘਰਸ਼ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਹੈ ਅਤੇ ਹੁਣ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਦੀ ਆਵਾਜ਼ ਵੀ ਪੰਜਾਬ ਦੀ ਧਰਤੀ ਤੋਂ ਹੀ ਉੱਠੀ ਹੈ। ਇਸ ਦੌਰਾਨ ਕੇਜਰੀਵਾਲ ਨੇ ਮੋਦੀ ਤੇ ਕੈਪਟਨ ਸਰਕਾਰ ਵਿਰੁੱਧ ਜੰਮ ਕੇ ਨਿਸ਼ਾਨੇ ਸਾਧੇ ।
ਕੇਜਰੀਵਾਲ ਨੇ ਕਿਸਾਨਾਂ ਨਾਲ ਡਟੇ ਰਹਿਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਹ ਦਿੱਲੀ ਵਿੱਚ ਹਨ, ਕਿਸਾਨ ਕੋਈ ਫ਼ਿਕਰ ਨਾ ਕਰਨ।


ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਅੰਦੋਲਨ ਦਾ ਹਿੱਸਾ ਬਣੇ। ਇਸ ਕਰਕੇ ਹੁਣ ਮੋਦੀ ਸਰਕਾਰ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦੇਸ਼ ਭਰ ਵਿੱਚ ਫੈਲ ਗਿਆ ਹੈ। ਕੇਜਰੀਵਾਲ ਨੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨ ਸੰਘਰਸ਼ ’ਚ ਸ਼ਹੀਦ ਸੂਬੇ ਦੇ 282 ਕਿਸਾਨਾਂ ਤੇ ਬੀਬੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ।

ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਦੇਸ਼ਧ੍ਰੋਹੀ ਨਹੀਂ ਹੋ ਸਕਦਾ ਤੇ ਕਿਸਾਨਾਂ ਲਈ ਖੇਤੀਬਾੜੀ ਕਾਨੂੰਨ ਮੌਤ ਦੇ ਵਾਰੰਟ ਹਨ। ਅੱਜ ਦੇਸ਼ ਦਾ ਕਿਸਾਨ ਬਹੁਤ ਦਰਦ ਸਹਾਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦਿੱਲੀ ਵਿੱਚ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕਣ ਲਈ 9 ਸਟੇਡੀਅਮ ਨੂੰ ਆਰਜ਼ੀ ਜੇਲ੍ਹ ਬਣਾਉਣ ਦੀ ਮਨਜ਼ੂਰੀ ਮੰਗੀ ਸੀ। ਮੋਦੀ ਸਰਕਾਰ ਕੋਲ ਸਟੇਡੀਅਮ ਨੂੰ ਜੇਲ੍ਹ ਬਣਾਉਣ ਦਾ ਅਧਿਕਾਰ ਨਾ ਹੋਣ ਕਾਰਨ ਤੇ ਉਨ੍ਹਾਂ ਵੱਲੋਂ ਇਨਕਾਰ ਕਰਨ ਉੱਤੇ ਕੇਂਦਰ ਸਰਕਾਰ ਉਨ੍ਹਾਂ ਉੱਤੇ ਖਫ਼ਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਾਨੂੰਨ ਪਾਸ ਕਰਵਾਏ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਮਗਰੋਂ ਕਿਸਾਨਾਂ ਦੀ ਬਚੀ ਹੋਈ ਖੇਤੀ ਕੇਂਦਰ ਸਰਕਾਰ ਤਿੰਨ-ਚਾਰ ਪੂੰਜੀਪਤੀ ਸਾਥੀਆਂ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੀ ਹੈ।

ਕੇਜਰੀਵਾਲ ਨੇ ਸੂਬੇ ਦੀ ਕੈਪਟਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ 2017 ਵਿੱਚ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਮੈਂ ਦਿੱਲੀ ਵਿਚ ਸੱਤਾ ਵਿਚ ਆਇਆ, ਪੰਜ ਸਾਲਾਂ ਬਾਅਦ, ਬਿਜਲੀ ਕੰਪਨੀਆਂ ਠੀਕ ਹੋ ਗਈਆਂ ਹਨ। ਪਹਿਲਾਂ 20-20 ਹਜਾਰ ਦੇ ਬਿੱਲ ਦਿੱਲੀ ਆਉਂਦੇ ਸਨ, ਅੱਜ ਦਿੱਲੀ ਮੁਫ਼ਤ ਤੇ 24 ਘੰਟੇ ਬਿਜਲੀ ਪ੍ਰਾਪਤ ਕਰਦੀ ਹੈ। ਉਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਸਰਕਾਰ ’ਤੇ ਵਰਦੇ ਹੋਏ ਕਿਹਾ ਕਿ 2022 ’ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਸੂਬੇ ’ਚ ਨਵਾਂ ਪੰਜਾਬ ਉਸਾਰਾਂਗੇ ਤੇ ਦਿੱਲੀ ਦੀ ਤਰਜ ਉੱਤੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ।

Related News

W.H.O. ਦੀ ਚਿਤਾਵਨੀ, ਵੈਕਸੀਨ ਜਾਦੂ ਦੀ ਪੁੜੀ ਨਹੀਂ, ਦੋ ਸਾਲ ਤਕ ਜਾਰੀ ਰਹਿ ਸਕਦੀ ਹੈ ਕੋਰੋਨਾ ਮਹਾਂਮਾਰੀ

Vivek Sharma

2021 ‘ਚ ਟੋਰਾਂਟੋ ਪੁਲਿਸ ਬਜਟ ‘ਚ ਕਟੌਤੀ ਕਰਨ ਦੇ ਮਤੇ ਖ਼ਿਲਾਫ ਹੋਈ ਵੋਟਿੰਗ

team punjabi

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ Joe Biden ਦਾ ਐਲਾਨ, ਅਮਰੀਕਾ ਮੁੜ ਤੋਂ ਪੈਰਿਸ ਸਮਝੌਤੇ ਵਿੱਚ ਹੋਵੇਗਾ ਸ਼ਾਮਲ

Vivek Sharma

Leave a Comment