channel punjabi
International News USA

ਮਾਈਕ ਪੈਂਸ ਤੇ ਕਮਲਾ ਹੈਰਿਸ ਵਿਚਕਾਰ ਬਹਿਸ ਬੁੱਧਵਾਰ ਨੂੰ, ਦੋਹਾਂ ਪਾਰਟੀਆਂ ਲਈ ਬਣੀ ਵੱਕਾਰ ਦਾ ਸਵਾਲ !

ਵਾਸ਼ਿੰਗਟਨ : ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਵਿੱਚ ਕਰੀਬ ਚਾਰ ਹਫਤੇ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ ਵਿਚ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਹਾਂ ਪਾਰਟੀਆਂ ਦੇ ਆਗੂ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ । ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਰੋਨਾ ਨਾਲ ਜੂਝਣ ਕਾਰਨ ਉਹਨਾਂ ਦੀ ਚੋਣ ਮੁਹਿੰਮ ਪ੍ਰਭਾਵਿਤ ਹੋਈ ਹੈ, ਪਰ ਉਹ ਇਸ ਦੇ ਬਾਵਜੂਦ ਵੀ ਅਪਣੀ ਅਗਲੀ ਪਾਰੀ ਲਈ ਆਸਵੰਦ ਨਜ਼ਰ ਆ ਰਹੇ ਨੇ। ਬੀਤੇ ਹਫਤੇ ਡੋਨਾਲਡ ਟਰੰਪ ਅਤੇ ਜੋ ਬਿਡੇਨ ਵਿਚਾਲੇ ਆਹਮੋ-ਸਾਹਮਣੇ ਬਹਿਸ ਹੋਈ ਸੀ, ਹੁਣ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਨ੍ਹਾਂ ਨੂੰ ਚੁਣੌਤੀ ਦੇ ਰਹੀ ਸੈਨੇਟਰ ਕਮਲਾ ਹੈਰਿਸ ਵਿਚਕਾਰ ਬੁੱਧਵਾਰ ਨੂੰ ਬਹਿਸ ਹੋਵੇਗੀ।

ਉਟਾਹ ਦੇ ਸਾਲਟ ਲੇਕ ਸਿਟੀ ਵਿਚ ਹੋਣ ਵਾਲੀ ਇਸ ਬਹਿਸ ਨੂੰ ਲੈ ਕੇ ਦੋਵੇਂ ਨੇਤਾ ਤਿਆਰ ਹਨ। ਅਮਰੀਕੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਉਪ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰਦੇ ਹੋਏ ਭਾਰਤੀ ਮੂਲ ਦੀ ਔਰਤ ਇਸ ਬਹਿਸ ਲਈ ਮੰਚ ‘ਤੇ ਹੋਵੇਗੀ। ਹੁਣ ਤਕ ਭਾਰਤੀ ਮੂਲ ਦਾ ਕੋਈ ਵੀ ਵਿਅਕਤੀ ਇੱਥੇ ਤਕ ਨਹੀਂ ਪੁੱਜ ਸਕਿਆ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਸ਼ਣਾਂ ਵਿਚ ਹਮਲਾਵਰ ਰੁਖ਼ ਰੱਖਣ ਵਾਲੀ 55 ਸਾਲਾ ਹੈਰਿਸ ਆਸਾਨੀ ਨਾਲ ਉਪ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਬਹਿਸ ਵਿਚ 61 ਸਾਲਾ ਪੈਂਸ ‘ਤੇ ਹਾਵੀ ਹੋ ਜਾਵੇਗੀ। ਜੇਕਰ ਅਜਿਹਾ ਹੋਇਆ ਤਾਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਜੋ ਬਿਡੇਨ ਨੂੰ ਟਰੰਪ ‘ਤੇ ਬੜ੍ਹਤ ਹਾਸਲ ਕਰਨ ਵਿਚ ਮਦਦ ਮਿਲੇਗੀ।

ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਕੋਰੋਨਾ ਪ੍ਰਭਾਵਿਤ ਹੋਣ ਪਿੱਛੋਂ ਉਨ੍ਹਾਂ ਦੀ ਲੋਕਪਿ੍ਰਅਤਾ ਵਿਚ ਤੇਜ਼ ਗਿਰਾਵਟ ਆਈ ਹੈ। ਇਕ ਖ਼ਬਰ ਏਜੰਸੀ ਵੱਲੋਂ ਦੋ ਤੋਂ ਤਿੰਨ ਅਕਤੂਬਰ ਵਿਚਕਾਰ ਕੀਤੇ ਸਰਵੇ ਵਿਚ ਟਰੰਪ ਦੇ ਮੁਕਾਬਲੇ ਵਿਰੋਧੀ ਬਿਡੇਨ ਨੇ 10 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਪੈਂਸ ਅਤੇ ਹੈਰਿਸ ਦੋਵਾਂ ਨੇ ਕਿਹਾ ਹੈ ਕਿ ਉਹ ਬਹਿਸ ਲਈ ਤਿਆਰ ਹਨ। ਬਹਿਸ ਦਾ ਸੰਚਾਲਨ (ਮਾਡਰੇਟਰ) ਸੁਜਾਨ ਪੇਜ ਕਰੇਗੀ। ਉਹ ਯੂਐੱਸਏ ਟੂਡੇ ਵਿਚ ਵਾਸ਼ਿੰਗਟਨ ਬਿਊਰੋ ਦੀ ਮੁਖੀ ਹੈ। ਮੀਡੀਆ ਰਿਪੋਰਟ ਮੁਤਾਬਕ ਮੰਚ ‘ਤੇ ਪੈਂਸ ਅਤੇ ਹੈਰਿਸ ਵਿਚਕਾਰ ਫਲੇਕਿਸ ਗਲਾਸ ਲਗਾਇਆ ਜਾਵੇਗਾ। ਬਹਿਸ ਨੌਂ ਭਾਗਾਂ ਵਿਚ ਵੰਡੀ ਹੋਵੇਗੀ ਅਤੇ ਹਰੇਕ ਭਾਗ ‘ਤੇ ਬਹਿਸ ਲਈ 10 ਮਿੰਟਾਂ ਦਾ ਸਮਾਂ ਹੋਵੇਗਾ। ਸ਼ੁਰੂਆਤ ਵਿਚ ਸੰਚਾਲਕ ਇਕ ਪ੍ਰਸ਼ਨ ਪੁੱਛੇਗਾ ਜਿਸ ‘ਤੇ ਦੋਵਾਂ ਉਮੀਦਵਾਰਾਂ ਨੂੰ ਦੋ ਮਿੰਟ ਬੋਲਣ ਦਾ ਮੌਕਾ ਮਿਲੇਗਾ।

ਫਿਲਹਾਲ ਵੇਖਣਾ ਹੋਵੇਗਾ ਕਿ ਕਮਲਾ ਹੈਰਿਸ ਅਤੇ ਮਾਈਕ ਪੈਂਸ ਵਿਚਾਲੇ ਹੋਣ ਵਾਲੀ ਬਹਿਸ ਵਿੱਚ ਬਾਜ਼ੀ ਕਿਸਦੇ ਹੱਥ ਲੱਗਦੀ ਹੈ।

Related News

ਬਲੂਰ ਸਬਵੇਅ ਸਟੇਸ਼ਨ ‘ਚ ਹਥੌੜੀ ਨਾਲ ਕੀਤੇ ਹਮਲੇ ਵਿੱਚ ਕਈ ਵਿਅਕਤੀ ਜ਼ਖ਼ਮੀ

Rajneet Kaur

ਐਬਸਫੋਰਡ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਪੰਜਾਬੀ ਵਿਅਕਤੀ ਦੀ ਮੌਤ !

Vivek Sharma

UN ਦੇ ਸਕੱਤਰ ਜਨਰਲ ਦੀ ਚੋਣ ਲਈ ਭਾਰਤੀ ਮੂਲ ਦੀ ਮਹਿਲਾ ਨੇ ਆਪਣੀ ਉਮੀਦਵਾਰੀ ਦਾ ਕੀਤਾ ਐੇਲਾਨ

Vivek Sharma

Leave a Comment