channel punjabi
International News

ਖੌਫ਼ਨਾਕ ਮੰਜ਼ਰ : ਭਾਰਤੀ ਸੂਬੇ ਉੱਤਰਾਖੰਡ ਦੇ ਚਮੋਲੀ ਵਿੱਚ ਗਲੇਸ਼ੀਅਰ ਟੁੱਟਣ ਨਾਲ ਭਾਰੀ ਤਬਾਹੀ,150 ਤੋਂ ਵੱਧ ਮਜ਼ਦੂਰ ਲਾਪਤਾ, 16 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਗਿਆ

ਰਿਸ਼ੀਕੇਸ਼ : ਭਾਰਤ ਦੇ ਸੂਬੇ ਉੱਤਰਾਖੰਡ ਦੇ ਜ਼ਿਲ੍ਹੇ ਚਮੋਲੀ ਵਿੱਚ ਐਤਵਾਰ ਨੂੰ ਗਲੇਸ਼ੀਅਰ ਟੁੱਟਣ ਕਾਰਨ ਵੱਡੀ ਤਬਾਹੀ ਮਚੀ ਹੈ। ਚਮੋਲੀ ਜ਼ਿਲ੍ਹੇ ‘ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਰਿਸ਼ੀਗੰਗਾ ਹਾਈਡ੍ਰੋ ਪ੍ਰੋਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਜਦਕਿ ਧੌਲੀਗੰਗਾ ‘ਤੇ ਬਣੇ ਹਾਈਡ੍ਰੋ ਪ੍ਰੋਜੈਕਟ ਦਾ ਬੰਨ੍ਹ ਟੁੱਟਣ ਕਾਰਨ ਗੰਗਾ ਤੇ ਉਸ ਦੀਆਂ ਸਹਾਇਕ ਨਦੀਆਂ ‘ਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਸੂਬੇ ‘ਚ ਚਮੋਲੀ ਤੋਂ ਲੈ ਕੇ ਹਰਿਦੁਆਰ ਤਕ ਸਵੇਰੇ ਹੀ ਅਲਰਟ ਜਾਰੀ ਕਰ ਦਿੱਤਾ ਗਿਆ । ਜਦੋਂ ਇਹ ਹਾਦਸਾ ਹੋਇਆ, ਉਦੋਂ ਦੋਵਾਂ ਪ੍ਰੋਜੈਕਟ ‘ਤੇ ਵੱਡੀ ਗਿਣਤੀ ‘ਚ ਮਜ਼ਦੂਰ ਕੰਮ ਕਰ ਰਹੇ ਸਨ। 150 ਦੇ ਕਰੀਬ ਮਜ਼ਦੂਰਾਂ ਦੀ ਮੌਤ ਦਾ ਖਦਸ਼ਾ ਹੈ, ਜਦਕਿ 10 ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਗਲੇਸ਼ੀਅਰ ਦੇ ਟੁੱਟਣ ਨਾਲ ਅਲਕਨੰਦਾ ਅਤੇ ਇਸ ਦੀਆਂ ਸਹਾਇਕ ਨਦੀਆਂ ‘ਚ ਅਚਾਨਕ ਭਿਆਨਕ ਹੜ੍ਹ ਆ ਗਿਆ। ਸੂਬੇ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਜੋਸ਼ੀਮਠ ਦਾ ਦੌਰਾ ਕੀਤਾ। ਉਨ੍ਹਾਂ ਇੱਥੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਪੂਰੀ ਜਾਣਕਾਰੀ ਲਈ। ਉੱਥੇ ਹੀ ਪਾਣੀ ਕਰਣਪ੍ਰਯਾਗ ਤਕ ਪਹੁੰਚ ਗਿਆ ਹੈ।

ਸਵੇਰ ਸਮੇਂ ਜਦੋਂ ਗਲੇਸ਼ੀਅਰ ਟੁੱਟਿਆ ਤਾਂ ਇਸ ਤੋਂ ਬਾਅਦ ਇਹ ਮਲਬੇ ਦੇ ਰੂਪ ਵਿੱਚ ਬਰਫ਼,ਪੱਥਰ,ਗਾਰਾ ਅਤੇ ਪਾਣੀ ਰੂਪੀ ਸੈਲਾਬ ਲੈ ਕੇ ਆਇਆ । ਚਸ਼ਮਦੀਦਾਂ ਅਨੁਸਾਰ ਪਹਾੜਾਂ ਤੋਂ ਤੇਜ਼ ਆਵਾਜ਼ ਦੇ ਨਾਲ ਸੈਲਾਬ ਜਦੋਂ ਹੇਠਾਂ ਵੱਲ ਆ ਰਿਹਾ ਸੀ ਤਾਂ ਅੰਦਾਜ਼ਾ ਹੋ ਗਿਆ ਸੀ ਕਿ ਇਹ ਤਬਾਹੀ ਲੈ ਕੇ ਆ ਰਿਹਾ ਹੈ। ਇਸ ਸੈਲਾਬ ਦਾ ਵੇਗ ਇੰਨਾ ਤੇਜ਼ ਸੀ ਕਿ ਰਿਸ਼ੀਗੰਗਾ ਹਾਈਡ੍ਰੋ ਪ੍ਰੋਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਜਦਕਿ ਧੌਲੀਗੰਗਾ ‘ਤੇ ਬਣੇ ਹਾਈਡ੍ਰੋ ਪ੍ਰੋਜੈਕਟ ਦਾ ਬੰਨ੍ਹ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਿਆ। ਇਸ ਦੌਰਾਨ ਕੰਮ ‘ਤੇ ਲੱਗੇ 150 ਤੋਂ ਵੱਧ ਮਜ਼ਦੂਰਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ । ਇਸ ਖੌਫ਼ਨਾਕ ਮੰਜ਼ਰ ਨੂੰ ਸਥਾਨਕ ਲੋਕਾਂ ਨੇ ਕੈਮਰਿਆਂ ਵਿਚ ਕੈਦ ਕਰ ਲਿਆ। ਕੈਮਰੇ ਵਿਚ ਕੈਦ ਹੋਈਆਂ ਤਬਾਹੀ ਦੀਆਂ ਤਸਵੀਰਾਂ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ।

ਤਬਾਹੀ ਦੀ ਸੂਚਨਾ ਮਿਲਦਿਆਂ ਹੀ NDRF ਦੀ ਟੀਮ ਹਰਕਤ ਵਿੱਚ ਆਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਉਧਰ ਭਾਰਤੀ ਆਰਮੀ ਦੀਆਂ ਟੀਮਾਂ ਨੇ ਮੌਕਾ ਸੰਭਾਲਿਆ ਅਤੇ ਦਰਜਨਾਂ ਲੋਕਾਂ ਦੀ ਜਾਨ ਬਚਾਈ।

ITBP ਦੀ ਟੀਮ ਵੱਲੋਂ ਇੱਕ ਗੂਫਾ਼ ਵਿਚੋਂ ਬਚਾਏ ਗਏ ਲੋਕਾਂ ਦੀ ਵੀਡੀਓ ਦੇਖ ਕੋਈ ਵੀ ਭਾਵੁਕ ਹੋ ਜਾਵੇਗਾ। ਵੀਡੀਓ ਵਿੱਚ ਵੇਖੋ ITBP ਦੀ ਟੀਮ ਨੇ ਕਿਸ ਤਰ੍ਹਾਂ ਵਿਅਕਤੀ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ।

ਸੂਬੇ ਦੇ ਆਫ਼ਤ ਰਿਸਪਾਂਸ ਫ਼ੋਰਸ ਦੀ ਡੀ.ਆਈ.ਜੀ. ਰਿਧਿਮ ਅਗਰਵਾਲ ਨੇ ਦੱਸਿਆ ਕਿ ਰਿਸ਼ੀ ਗੰਗਾ ਊਰਜਾ ਪ੍ਰਾਜੈਕਟ ‘ਚ ਕੰਮ ਕਰਨ ਵਾਲੇ 150 ਤੋਂ ਵੱਧ ਮਜ਼ਦੂਰ ਇਸ ਕੁਦਰਤੀ ਆਫ਼ਤ ਤੋਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ ਹਨ।


NDRF ਦੀਆਂ ਟੀਮਾਂ ਅਨੁਸਾਰ ਇਲਾਕਾ ਪਹਾੜੀ ਹੈ, ਬਚਾਅ ਅਤੇ ਰਾਹਤ ਕਾਰਜ ਰਾਤ ਨੂੰ ਵੀ ਜਾਰੀ ਰਹਿਣਗੇ।
ਗਲੇਸ਼ੀਅਰ ਫਟਣ ਕਾਰਨ ਉਤਰਾਖੰਡ ਸਰਕਾਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੇਂਦਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2-2 ਲੱਖ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਤਰਾਖੰਡ ਦੇ ਸੀ.ਐੱਮ. ਤ੍ਰਿਵੇਂਦਰ ਸਿੰਘ ਰਾਵਤ ਨੇ ਦਿੱਤੀ।

ਹੈਲਪਲਾਈਨ ਨੰਬਰ ਜਾਰੀ
ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਐੱਨਡੀਆਰਐੱਫ ਵੀ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਚੁੱਕੇ ਹਨ। ਪਾਣੀ ਦਾ ਪ੍ਰਵਾਹ ਹੁਣ ਥੋੜ੍ਹਾ ਘਟਿਆ ਹੈ। ਇਸ ਕਾਰਨ ਹੇਠਲੇ ਇਲਾਕਿਆਂ ‘ਚ ਰਹਿਣ ਵਾਲਿਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਉੱਥੇ ਹੀ ਇਸ ਐਮਰਜੈਂਸੀ ਵਰਗੇ ਹਾਲਾਤ ਨਾਲ ਨਿਪਟਣ ਲਈ ਐੱਸਡੀਆਰਐੱਫ ਤੇ ਉੱਤਰਾਖੰਡ ਪੁਲਿਸ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। +911352410197, +9118001804375, +919456596190..। ਇਨ੍ਹਾਂ ਨਵੰਬਰਾਂ ‘ਤੇ ਮਦਦ ਲਈ ਜਾ ਸਕਦੀ ਹੈ।

ਦੇਵਭੂਮੀ ਉਤਰਾਖੰਡ ਪਹਿਲੀ ਵਾਰ ਅਜਿਹੀ ਆਫ਼ਤ ਦਾ ਸਾਹਮਣਾ ਨਹੀਂ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਲ 2013 ‘ਚ ਹੋਈ ਤਬਾਹੀ ਨੇ ਭਾਰਤ ਹੀ ਨਹੀਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।

Videos & Pics Courtesy with Thanks: ANI, INDIAN ARMY, ITBP,NDRF

Related News

ਅਲਬਰਟਾ ‘ਚ ਕੋਵਿਡ 19 ਦੇ 121 ਨਵੇਂ ਕੇਸਾਂ ਦੀ ਪੁਸ਼ਟੀ: ਡਾ.ਡੀਨਾ ਹਿੰਸ਼ਾ

Rajneet Kaur

ਲੋਕਤੰਤਰ ਹੋਇਆ ਮਜ਼ਬੂਤ, ਸੱਚਾਈ ਦੀ ਹੋਈ ਜਿੱਤ : JOE BIDEN

Vivek Sharma

ਸਸਕੈਟੂਨ ਕੈਥੋਲਿਕ ਸਕੂਲ ਨੇ ਅਸਥਾਈ ਤੌਰ ਤੇ ਕੋਰੋਨਾ ਵਾਇਰਸ ਕੇਸ ਤੋਂ ਬਾਅਦ ਆਨਲਾਈਨ ਕਲਾਸਾਂ ਦੇਣ ਦਾ ਕੀਤਾ ਫੈਸਲਾ

Rajneet Kaur

Leave a Comment