channel punjabi
International News

ਆਪਣੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਨੂੰ ਲੈ ਕੇ ਸੁਰਖੀਆਂ ‘ਚ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਅੱਜ-ਕਲ ਆਪਣੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਨੂੰ ਲੈ ਕੇ ਚਰਚਾਵਾਂ ਵਿਚ ਹਨ। ਦਰਅਸਲ 768 ਪੰਨਿਆਂ ਦੀ ਉਕਤ ਕਿਤਾਬ ਓਬਾਮਾ ਦਾ ਇਕ ਸੰਸਮਰਣ ਹੈ। ਇਹ ਕਿਤਾਬ ਜਿਥੇ ਉਨ੍ਹਾਂ ਦੇ ਸਿਆਸਤ ‘ਚ ਰੱਖੇ ਕਦਮਾਂ ਅਤੇ ਸਿਖ਼ਰ ਤੱਕ ਪਹੁੰਚਣ ਦੇ ਸਫ਼ਰ ਦਾ ਤੱਥਾਂ ਆਧਾਰਿਤ ਬਿਰਤਾਂਤ ਹੈ, ਉਥੇ ਇਹ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਅਤੇ ਲੀਡਰਾਂ ਸੰਬੰਧੀ ਓਬਾਮਾ ਦੇ ਨਜ਼ਰੀਏ ਨੂੰ ਪੇਸ਼ ਕਰਦੀ ਹੈ। ਦਰਅਸਲ ਉਕਤ ਕਿਤਾਬ ਵਿੱਚ ਓਬਾਮਾ ਨੇ ਦੁਨੀਆ ਦੇ ਅਲੱਗ-ਅਲੱਗ ਲੀਡਰਾਂ ਅਤੇ ਉਦਯੋਗਿਕ ਹਸਤੀਆਂ ਦੇ ਰਹਿਣ ਸਹਿਣ ਨੂੰ ਲੈ ਕੇ ਆਪਣੀ ਬੇਬਾਕ ਰਾਇ ਰੱਖਦਿਆਂ ਉਨ੍ਹਾਂ ਦੀ ਨੀਅਤ ਅਤੇ ਨੀਤੀਆਂ ਸੰਬੰਧੀ ਆਪਣੀ ਰਾਇ ਪ੍ਰਗਟਾਈ ਹੈ।

ਆਪਣੀ ਕਿਤਾਬ ‘ਚ ਉਨ੍ਹਾਂ ਹਾਲ ਹੀ ਵਿੱਚ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਿਡੇਨ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਬਿਡੇਨ ਇਕ ਸੱਭਿਅਕ ਵਿਅਕਤੀ ਹਨ। ਜਦੋਂਕਿ ਕਿਸੇ ਸਮੇਂ ਵਿੱਚ ਵਿਸ਼ਵ ਦੀ ਦੂਜੀ ਮਹਾਂ ਸ਼ਕਤੀ ਸਮਝੇ ਜਾਂਦੇ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀ ਤੁਲਨਾ ਓਬਾਮਾ ਨੇ ਸਟ੍ਰੀਟ-ਸਮਾਰਟ ਬਾਸੇਜ ਨਾਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਪੁਤਿਨ ਇਕ ਸਮੇਂ ਸ਼ਿਕਾਗੋ ਨੂੰ ਚਲਾਉਣ ਵਾਲੇ ਸਟ੍ਰੀਟ ਸਮਾਰਟ ਬਾਸੇਜ ਦੀ ਯਾਦ ਦਿਵਾਉਂਦੇ ਹਨ।

ਬਰਾਕ ਓਬਾਮਾ ਨੇ ਆਪਣੀ ਇਸ ਕਿਤਾਬ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ-ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ। ਉਨ੍ਹਾਂ ਮਨਮੋਹਨ ਸਿੰਘ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਉਨ੍ਹਾਂ ‘ਚ ਇੱਕ ਦ੍ਰਿੜ ਨਿਸ਼ਠਾ ਹੈ, ਜਦੋਂਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਤੇ’ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਘੱਟ ਯੋਗਤਾ ਤੇ ਜਨੂੰਨ ਦੀ ਕਮੀ ਵਾਲਾ ਲੀਡਰ ਗਰਦਾਨਿਆ ਹੈ। ਕਿਤਾਬ ‘ਚ ਉਨ੍ਹਾਂ ਰਾਹੁਲ ਗਾਂਧੀ ਦੀ ਤੁਲਨਾ ਇਕ ਅਜਿਹੇ ਵਿਦਿਆਰਥੀਆਂ ਨਾਲ ਕੀਤੀ ਹੈ, ਜਿਸ ਨੇ ‘ਕੋਰਸ ਵਰਕ’ ਤਾਂ ਕਰ ਲਿਆ ਹੈ ਤੇ ਸਿਖਿਆਰਥੀ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਵੀ ਰਹਿੰਦਾ ਹੈ ਪਰ ਵਿਸ਼ੇ ‘ਚ ਮੁਹਾਰਤ ਹਾਸਲ ਕਰਨ ਲਈ ਜਾਂ ਤਾਂ ਯੋਗਤਾ ਨਹੀਂ ਜਾਂ ਫਿਰ ਜਨੂੰਨ ਦੀ ਕਮੀ ਹੈ। ਇਸ ਦੇ ਨਾਲ ਹੀ ਓਬਾਮਾ ਨੇ ਰਾਹੁਲ ਗਾਂਧੀ ਨੂੰ ਨਰਵਸ ਇਨਸਾਨ ਵੀ ਦੱਸਿਆ ਹੈ।

ਉਨ੍ਹਾਂ ਲਿਖਿਆ ਕਿ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਸੀ, ਕਿਉਂਕਿ ਉਨ੍ਹਾਂ ਨੂੰ ਮਨਮੋਹਨ ਸਿੰਘ ਤੋਂ ਕੋਈ ਖ਼ਤਰਾ ਮਹਿਸੂਸ ਨਹੀਂ ਹੁੰਦਾ ਸੀ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਸੋਨੀਆ ਨੇ ਮਨਮੋਹਨ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਫੀ ਸੋਚ-ਵਿਚਾਰ ਕੀਤਾ।

ਓਬਾਮਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਤੇ ਗ਼ੈਰ-ਰਸਮੀ ਗੱਲਬਾਤ ਦਾ ਵੀ ਜ਼ਿਕਰ ਕੀਤਾ। ਓਬਾਮਾ ਨੇ ਲਿਖਿਆ ਕਿ ਭਾਰਤ ਦੇ ਅਰਥਚਾਰੇ ‘ਚ ਬੁਨਿਆਦੀ ਬਦਲਾਅ ਦੇ ਮੁੱਖ ਸ਼ਿਲਪਕਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ ਤੇ ਉਹ ਤਰੱਕੀ ਦੇ ਇਸ ਰਾਹ ਦੇ ਸਹੀ ਪ੍ਰਤੀਕ ਹਨ। ਉਹ ਇਕ ਛੋਟੇ ਤੇ ਸਤਾਏ ਗਏ ਸਿੱਖ ਭਾਈਚਾਰੇ ਦੇ ਮੈਂਬਰ ਹਨ, ਜੋ ਦੇਸ਼ ਦੇ ਸਰਬੋਤਮ ਅਹੁਦੇ ‘ਤੇ ਪਹੁੰਚੇ। ਉਹ ਇਕ ਨਰਮ ਸੁਭਾਅ ਦੇ ‘ਟੈਕਨੋਕ੍ਰੇਟ’ ਵਿਅਕਤੀ ਹਨ, ਜਿਨ੍ਹਾਂ ਜ਼ਿੰਦਗੀ ਜਿਊਣ ਲਈ ਉੱਚ ਮਾਪਦੰਡਾਂ ਨੂੰ ਪੇਸ਼ ਕੀਤਾ ਤੇ ਭ੍ਰਿਸ਼ਟਾਚਾਰ ਮੁਕਤ ਛਵੀ ਨਾਲ ਮਾਣ-ਸਨਮਾਨ ਹਾਸਲ ਕਰਦੇ ਹੋਏ ਜਨਤਾ ਦਾ ਭਰੋਸਾ ਜਿੱਤਿਆ।

ਅਮਰੀਕਾ ਦੇ ਲਗਾਤਾਰ ਦੋ ਵਾਰ ਰਾਸ਼ਟਰਪਤੀ ਰਹੇ (2008-2016) ਬਰਾਕ ਓਬਾਮਾ ਦੀ ਇਹ ਕਿਤਾਬ ਫ਼ਿਲਹਾਲ ਇੱਕ ਹਾਟ ਕੇਕ ਸਾਬਤ ਹੋ ਰਹੀ ਹੈ। ਵੇਖਣਾ ਹੋਵੇਗਾ ਇਸ ਵਿੱਚ ਦੁਨੀਆ ਦੇ ਹੋਰ ਲੀਡਰਾਂ ਬਾਰੇ ਕੀ-ਕੀ ਖੁਲਾਸੇ ਕੀਤੇ ਗਏ ਹਨ।

Related News

ਪ੍ਰਸਿੱਧ ਭਾਰਤੀ ਕਲਾਸੀਕਲ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ‘ਚ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸ਼ੋਕ ਪ੍ਰਗਟ

Rajneet Kaur

‘ਐਕਸੀਡੈਂਟ ਕੋਈ ਗੁਨਾਹ ਨਹੀਂ ਹੈ’: ਕਾਰ ਹਾਦਸੇ ਤੋਂ ਬਾਅਦ ਟਾਈਗਰ ਵੁੱਡਜ਼ ਖ਼ਿਲਾਫ਼ ਕੋਈ ਦੋਸ਼ ਪੱਤਰ ਦਾਇਰ ਨਹੀਂ ਕੀਤਾ ਗਿਆ’ : LA ਸ਼ੈਰਿਫ

Vivek Sharma

ਤਾਲਾਬੰਦੀ ਦਾ ਐਲਾਨ :ਫਰਾਂਸ ਵਿੱਚ ਸੜਕਾਂ ‘ਤੇ ਲੱਗਾ ਸੈਂਕੜੇ ਕਿਲੋਮੀਟਰ ਲੰਮਾ ਜਾਮ

Vivek Sharma

Leave a Comment