channel punjabi
Canada International News North America

ਆਖ਼ਰ ਕਿਉਂ ਵਿਦੇਸ਼ ਯਾਤਰਾ ਲਈ ਬੇਚੈਨ ਹੋਏ ਪਏ ਨੇ ਕੈਨੇਡਾ ਦੇ ਸਿਆਸਤਦਾਨ ?

ਕੈਨੇਡਾ ਦੇ ਸਿਆਸਤਦਾਨ ਇਸ ਵਾਰ ਵਿਦੇਸ਼ ਜਾਣ ਲਈ ਕਮਲੇ ਹੋਏ ਜਾਪ ਰਹੇ ਹਨ । ਫੈਡਰਲ ਸਰਕਾਰ ਵੱਲੋਂ ਜਦੋਂ ਇਸ ਵਾਰ ਦੀਆਂ ਛੁੱਟੀਆਂ ਦੌਰਾਨ ਕੋਰੋਨਾ ਦੇ ਚਲਦਿਆਂ ਵਿਦੇਸ਼ ਯਾਤਰਾ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਵੀ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਸਿਆਸੀ ਆਗੂ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਵਿਦੇਸ਼ ਯਾਤਰਾ ਕਰ ਰਹੇ ਹਨ । ਹੁਣ ਜਦੋਂ ਇਹਨਾਂ ਆਗੂਆਂ ਦੇ ਵਿਦੇਸ਼ ਜਾਣ ਦਾ ਖੁਲਾਸਾ ਹੋ ਰਿਹਾ ਹੈ ਤਾਂ ਫਿਰ ਉਹ ਮੁਆਫ਼ੀ ਮੰਗ ਕੇ ਆਪਣੀ ਸਫ਼ਾਈ ਦੇ ਰਹੇ ਹਨ। ਇਹ ਸਭ ਉਹ ਸਿਆਸੀ ਲੋਕ ਹਨ ਜਿਨ੍ਹਾਂ ਨੂੰ ਸਾਲਾਂ ਦਾ ਸਿਆਸੀ ਤਜ਼ਰਬਾ ਹੈ, ਜਿਹੜੇ ਖੁਦ ਨੂੰ ਆਮ ਲੋਕਾਂ ਦਾ ਖ਼ੈਰ-ਖ਼ੁਆਹ ਮੰਨਦੇ ਹਨ । ਅਜਿਹਾ ਵੀ ਨਹੀਂ ਹੈ ਕਿ ਇਹ ਲੋਕ ਪੜ੍ਹੇ-ਲਿਖੇ ਨਹੀਂ ਜਿਨ੍ਹਾਂ ਨੂੰ ਹਦਾਇਤਾਂ ਬਾਰੇ, ਦੇਸ਼ ਦੇ ਕਾਨੂੰਨ ਬਾਰੇ ਕੋਈ ਗਿਆਨ ਹੀ ਨਹੀਂ, ਤਕਰੀਬਨ ਹਰ ਸਿਆਸਤਦਾਨ ਆਧੁਨਿਕਤਾ ਦੇ ਇਸ ਯੁਗ ਵਿੱਚ ਉੱਨਤ ਸੰਚਾਰ ਸਾਧਨਾਂ ਦਾ ਉਪਯੋਗ ਕਰ ਰਿਹਾ ਹੈ, ਜਿਨ੍ਹਾਂ ਰਾਹੀਂ ਸੂਚਨਾ ਸਕਿੰਟਾਂ ਵਿੱਚ ਹੀ ਦੁਨੀਆ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੀ ਹੈ । ਅਜਿਹੇ ਸਿਆਸਤਦਾਨ ਆਪਣੀ ਵਿਦੇਸ਼ ਯਾਤਰਾ ਦਾ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਉਹ ਯਾਤਰਾ ਹਦਾਇਤਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਹਰ ਕਿਸੇ ਨੂੰ ਪਤਾ ਹੈ ਕਿ ਕੈਨੇਡਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਜਿਸ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਉਸਨੂੰ ਹਾਲੇ ਤਕ ਕਾਬੂ ਨਹੀਂ ਕੀਤਾ ਜਾ ਸਕਿਆ । ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਸਾਰੇ ਹੀਲੇ-ਵਸੀਲੇ ਕੋਰੋਨਾ ਨੂੰ ਕਾਬੂ ਕਰਨ ਵਿੱਚ ਅਸਫ਼ਲ ਹੋਏ ਹਨ । ਹੋਰ ਤਾਂ ਹੋਰ ਕੈਨੇਡਾ ਨੇ ਅਮਰੀਕਾ ਨਾਲ ਆਪਣੀ ਸਰਹੱਦ ਨੂੰ ਹਾਲੇ ਵੀ ਸੀਲ ਕੀਤਾ ਹੋਇਆ ਹੈ, ਕਰੀਬ 10 ਮਹੀਨੇ ਬਾਅਦ ਵੀ ਇਹ ਬੰਦ ਹੈ । ਇਸ ਸਭ ਦੇ ਬਾਵਜੂਦ ਸਿਆਸੀ ਆਗੂ ਖੁਦ ਨੂੰ ਵਿਦੇਸ਼ ਯਾਤਰਾ ਦੀ ਪਾਬੰਦੀ ਸਬੰਧੀ ਹਦਾਇਤਾਂ ਬਾਰੇ ਪੂਰੀ ਜਾਣਕਾਰੀ ਨਾ ਹੋਣ, ਜਾਂ ਸਮਝਣ ਵਿੱਚ ਗਲਤਫਹਿਮੀ ਹੋਣ ਦੀ ਗੱਲ ਆਖ ਕੇ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ।

ਕਿਸੇ ਸਿਆਸੀ ਆਗੂ ਦੀ ਵਿਦੇਸ਼ ਯਾਤਰਾ ਦਾ ਤਾਜ਼ਾ ਮਾਮਲਾ ਹੁਣ ਅਲਬਰਟਾ ਸੂਬੇ ਤੋਂ ਸਾਹਮਣੇ ਆਇਆ ਹੈ । ਅਲਬਰਟਾ ਦੇ ਨਗਰ ਨਿਗਮ ਮਾਮਲਿਆਂ ਬਾਰੇ ਮੰਤਰੀ ਟਰੇਸੀ ਐਲਾਰਡ ਦੀ ਹਵਾਈ (HAWAII) ਛੁੱਟੀ ‘ਤੇ ਜਾਣ ਦਾ ਖੁਲਾਸਾ ਹੋਣ ‘ਤੇ ਸਿਆਸੀ ਹੜਕੰਪ ਮਚਿਆ ਹੋਇਆ ਹੈ। ਵਿਰੋਧੀ ਧਿਰ ਸੱਤਾਧਾਰੀ ਪਾਰਟੀ ਨੂੰ ਜਮ ਕੇ ਘੇਰ ਰਿਹਾ ਹੈ, ਸਿਆਸੀ ਬਾਣ ਛੱਡੇ ਜਾ ਰਹੇ ਨੇ । ਅਜਿਹੇ ਵਿੱਚ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਆਪਣੀ ਮੰਤਰੀ ਟਰੇਸੀ ਐਲਾਰਡ ਨੂੰ ਬਚਾਉਂਦੇ ਹੋਏ ਸਟੈਂਡ ਲੈ ਚੁੱਕੇ ਹਨ । ਉਹ ਸਾਰੀ ਗਫ਼ਲਤ ਦੀ ਜ਼ਿੰਮੇਵਾਰੀ ਆਪਣੇ ‘ਤੇ ਲੈਂਦੇ ਹੋਏ ਕਹਿ ਰਹੇ ਹਨ ਕਿ ਵਿਧਾਨ ਸਭਾ ਦੇ ਮੈਂਬਰਾਂ ਲਈ ਯਾਤਰਾ ਦੇ ਨਿਯਮਾਂ ਬਾਰੇ ਸਪੱਸ਼ਟ ਨਾ ਹੋਣ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਉਹਨਾਂ ਸ਼ੁੱਕਰਵਾਰ ਨੂੰ ਇਹ ਵੀ ਆਦੇਸ਼ ਦਿੱਤਾ ਕਿ ਵਿਧਾਇਕਾਂ ਨੂੰ ਦੇਸ਼ ਛੱਡ ਕੇ ਨਹੀਂ ਜਾਣਾ ਚਾਹੀਦਾ ਜਦ ਤੱਕ ਇਹ ਸਰਕਾਰੀ ਕਾਰੋਬਾਰ ਦੀ ਗੱਲ ਨਹੀਂ ਹੈ।

ਪ੍ਰੀਮੀਅਰ ਕੈਨੀ ਦੇ ਅਨੁਸਾਰ ਮੰਤਰੀ ਟਰੇਸੀ ਐਲਾਰਡ ਹੁਣ ਗ੍ਰੈਂਡ ਪ੍ਰੈਰੀ (ਅਲਬਰਟਾ) ਵਿੱਚ ਆਪਣੇ ਘਰ ਹੈ। ਉਹਨਾਂ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਛੁੱਟੀਆਂ ਦੇ ਬਾਵਜੂਦ ਹਾਲੇ ਵੀ ਕੰਮ ਕਰ ਰਹੀ ਸੀ ਅਤੇ ਕਾਲਾਂ ਵਿੱਚ ਹਿੱਸਾ ਲੈ ਰਹੀ ਸੀ । ਕੈਨੀ ਨੇ ਮੰਨਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲ ਗਈ ਸੀ ਕਿ ਐਲਾਰਡ ਮੰਗਲਵਾਰ ਨੂੰ ਹਵਾਈ ਵਿੱਚ ਸੀ । ਜਿਸ ਤੋਂ ਬਾਅਦ ਉਹਨਾਂ ਟਰੇਸੀ ਨੂੰ ਫੋ਼ਨ ਕਰਕੇ ਅਲਬਰਟਾ ਵਾਪਸ ਆਉਣ ਦੀ ਹਦਾਇਤ ਕੀਤੀ ਅਤੇ ਉਹ ਪਰਤ ਆਈ।

ਉਧਰ ਮਾਮਲੇ ਦੇ ਸਿਆਸੀ ਤੂਲ ਫੜੇ ਜਾਣ ਤੋਂ ਬਾਅਦ ਮੰਤਰੀ ਟਰੇਸੀ ਐਲਾਰਡ ਨੇ ਅਫਸੋਸ ਜ਼ਾਹਰ ਕੀਤਾ ਅਤੇ ਆਪਣੀ ਯਾਤਰਾ ਨੂੰ ਲਿਆ ਗਿਆ ਗਲਤ ਫੈਸਲਾ ਕਰਾਰ ਦਿੱਤਾ। ਉਹਨਾਂ ਅਲਬਰਟਾ ਵਾਸੀਆਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ, ਮੇਰਾ ਕੋਈ ਗਲਤ ਇਰਾਦਾ ਨਹੀਂ ਸੀ। ਹਾਲਾਂਕਿ, ਮੈਂ ਨੁਕਸਾਨ ਕੀਤਾ ਅਤੇ ਇਸ ਲਈ ਮੈਨੂੰ ਸੱਚਮੁੱਚ ਅਫਸੋਸ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਂਟਾਰੀਓ ਦੇ ਵਿੱਤ ਮੰਤਰੀ ਰਾਡ ਫਿਲਿਪਸ ਨੂੰ ਵਿਦੇਸ਼ ਵਿੱਚ ਛੁੱਟੀਆਂ ਕੱਟਣ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ । ਉਧਰ ਐਨਡੀਪੀ ਨੇ ਆਪਣੀ ਸੰਸਦ ਮੈਂਬਰ ਨਿੱਕੀ ਐਸ਼ਟਨ ਨੂੰ ਉਸਦੀ ਗ੍ਰੀਸ ਯਾਤਰਾ ਦੇ ਚਲਦਿਆਂ Shadow Critic Role ਦੀ ਜ਼ਿੰਮੇਵਾਰੀ ਤੋਂ ਹਟਾਉਣ ਦਾ ਐਲਾਨ ਕੀਤਾ ਹੈ। ਫਿਲਹਾਲ ਵੇਖਣਾ ਹੋਵੇਗਾ ਕਿ ਪਿਛਲੇ 9 ਮਹੀਨਿਆ ਦੀਆਂ ਪਾਬੰਦੀਆਂ ਤੋਂ ਉਕਤਾਏ ਕੈਨੇਡਾ ਦੇ ਸਿਆਸੀ ਆਗੂ ਭਵਿੱਖ ਵਿੱਚ ਕਿਸ ਤਰ੍ਹਾਂ ਨਾਲ ਆਪਣੀ ਵਿਦੇਸ਼ ਯਾਤਰਾ ਦੀ ਇੱਛਾ ਨੂੰ ਕਾਬੂ ਵਿਚ ਰੱਖਦੇ ਹਨ।
(ਵਿਵੇਕ ਸ਼ਰਮਾ)

Related News

ਬਰੈਂਪਟਨ ‘ਚ ਹੋਈ ਗੋਲੀਬਾਰੀ ‘ਚ 20 ਸਾਲਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Rajneet Kaur

ਵ੍ਹਾਈਟ ਹਾਊਸ ‘ਚ ਰਿਸੀਨ ਭੇਜਣ ਦੇ ਸ਼ੱਕ ‘ਚ ਇਕ ਔਰਤ ਨੂੰ ਕੈਨੇਡਾ ਸਰੱਹਦ ਤੋਂ ਕੀਤਾ ਗਿਆ ਗ੍ਰਿਫਤਾਰ

Rajneet Kaur

ਕੈਨੇਡਾ ਦੇ ਸੂਬਿਆਂ ਵਿੱਚ ਤੇਜ਼ ਹੋਈ ਵੈਕਸੀਨੇਸ਼ਨ ਦੀ ਪ੍ਰਕਿਰਿਆ, ਓਂਂਟਾਰੀਓ ‘ਚ ਦਸ ਲੱਖਵੇਂ ਵਿਅਕਤੀ ਨੂੰ ਦਿੱਤੀ ਜਾਵੇਗੀ ਵੈਕਸੀਨ

Vivek Sharma

Leave a Comment