channel punjabi
Canada News North America

ਕੈਨੇਡਾ ਦੇ ਸੂਬਿਆਂ ਵਿੱਚ ਤੇਜ਼ ਹੋਈ ਵੈਕਸੀਨੇਸ਼ਨ ਦੀ ਪ੍ਰਕਿਰਿਆ, ਓਂਂਟਾਰੀਓ ‘ਚ ਦਸ ਲੱਖਵੇਂ ਵਿਅਕਤੀ ਨੂੰ ਦਿੱਤੀ ਜਾਵੇਗੀ ਵੈਕਸੀਨ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਵੈਕਸੀਨ ਦੇਣ ਦਾ ਕੰਮ‌ ਤੇਜ਼ੀ ਫੜ ਚੁੱਕਾ ਹੈ। ਹੁਣ ਤੱਕ 20 ਲੱਖ ਕੈਨੇਡੀਅਨਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ, ਜਦੋਂ ਕਿ ਲਗਭਗ 5,80,000 ਲੋਕਾਂ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਮਿਲਟਰੀ ਕਮਾਂਡਰ ਜੋ ਕਿ ਕੈਨੇਡਾ ਦੇ ਵੈਕਸੀਨੇਸ਼ਨ ਦੇ ਯਤਨਾਂ ਦੀ ਅਗਵਾਈ ਕਰ ਰਹੇ ਹਨ, ਦਾ ਕਹਿਣਾ ਹੈ ਕਿ ਕੈਨੇਡਾ ਮਜ਼ਬੂਤੀ ਨਾਲ ਵੈਕਸੀਨੇਸ਼ਨ ਦੇ ਅਗਲੇ ਮਹੱਤਵਪੂਰਨ ਪੜਾਅ ਵੱਲ ਵੱਧ ਰਿਹਾ ਹੈ।

ਮੇਜਰ-ਜਨਰਲ ਡੈਨੀ ਫੋਰਟਿਨ ਦਾ ਕਹਿਣਾ ਹੈ ਕਿ ਪਿਛਲੇ 13 ਹਫ਼ਤਿਆਂ ਵਿਚ ਤਕਰੀਬਨ 3.8 ਮਿਲੀਅਨ ਖੁਰਾਕਾਂ ਸੂਬਿਆਂ ਅਤੇ ਪ੍ਰਦੇਸ਼ਾਂ ਵਿਚ ਵੰਡੀਆਂ ਗਈਆਂ ਹਨ, ਜਦੋਂਕਿ ਅਗਲੇ ਤਿੰਨ ਹਫ਼ਤਿਆਂ ਵਿਚ 4.2 ਮਿਲੀਅਨ ਵੰਡੀਆਂ ਜਾਣਗੀਆਂ।

ਫੋਰਟਿਨ ਅਨੁਸਾਰ, “ਅਸੀਂ ਹੁਣ ਫੇਜ਼-2 ਵਿੱਚ ਕਦਮ ਰੱਖ ਰਹੇ ਹਾਂ। ਕਈ ਪ੍ਰਾਂਤਾਂ ਨੇ ਟੀਕਾ ਯੋਗਤਾ ਦੇ ਵਿਸਥਾਰ ਦਾ ਐਲਾਨ ਕੀਤਾ ਹੈ।

ਓਂਟਾਰੀਓ ਸਰਕਾਰ ਇਕ ਪਾਇਲਟ ਪ੍ਰਾਜੈਕਟ ਲਾਂਚ ਕਰ ਰਹੀ ਹੈ ਜਿਸ ਵਿਚ 60 ਤੋਂ 64 ਸਾਲ ਦੇ ਲੋਕਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ ਸੂਬੇ ਭਰ ਦੀਆਂ ਫਾਰਮੇਸੀਆਂ ਵਿਚ ਟੀਕਾ ਲਗਾਇਆ ਜਾਵੇਗਾ।

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੱਕ 325 ਤੋਂ ਵੱਧ ਫਾਰਮੇਸੀਆਂ 60-64 ਸਾਲ ਦੀ ਉਮਰ ਦੇ ਲੋਕਾਂ ਨੂੰ ਐਸਟ੍ਰਾਜ਼ੇਨੇਕਾ ਦੀ ਕੋਵਿਡ -19 ਵੈਕਸੀਨ ਲਗਾਉਣਾ ਸ਼ੁਰੂ ਕਰ ਦੇਣਗੀਆਂ। ਫੋਰਡ ਦਾ ਕਹਿਣਾ ਹੈ ਕਿ ਸੂਬੇ ਨੂੰ ਮੰਗਲਵਾਰ ਨੂੰ ਟੀਕੇ ਦੀਆਂ 1,94,500 ਖੁਰਾਕਾਂ ਮਿਲੀਆਂ ਹਨ।

ਤਿੰਨ ਸਿਹਤ ਖੇਤਰਾਂ – ਟੋਰਾਂਟੋ, ਵਿੰਡਸਰ-ਏਸੇਕਸ, ਅਤੇ ਕਿੰਗਸਟਨ, ਫ੍ਰੋਂਟੇਨੈਕ, ਲੈਨੋਕਸ ਅਤੇ ਐਡਿੰਗਟਨ – ਵਿਚ ਬੁੱਧਵਾਰ ਤੋਂ ਮੁਲਾਕਾਤਾਂ ਦੀ ਬੁਕਿੰਗ ਸ਼ੁਰੂ ਕਰਨ ਵਾਲੀਆਂ ਫਾਰਮੇਸੀਆਂ ਦੀ ਚੋਣ ਸ਼ੁਰੂ ਹੋ ਚੁੱਕੀ ਹੈ। ਮੁੱਢਲੇ ਦੇਖਭਾਲ ਕਰਨ ਵਾਲੇ ਡਾਕਟਰ ਕੁਝ ਸਿਹਤ ਖੇਤਰਾਂ ਵਿੱਚ ਟੀਕੇ ਦੇਣਾ ਸ਼ੁਰੂ ਕਰ ਦੇਣਗੇ, ਅਤੇ ਯੋਗ ਮਰੀਜ਼ਾਂ ਨਾਲ ਸੰਪਰਕ ਕਰਨਗੇ।

ਓਂਟਾਰੀਓ COVID-19 ਟੀਕਾ ਵਿਤਰਣ ਟਾਸਕ ਫੋਰਸ ਦੇ ਚੇਅਰਮੈਨ ਰਿਟਾਇਰਡ ਜਨਰਲ ਰਿਕ ਹਿਲਿਅਰ ਨੇ ਟੋਰਾਂਟੋ ਦੇ ਇੱਕ ਟੀਕੇ ਵੰਡਣ ਕਲੀਨਿਕ ਤੋਂ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਓਂਟਾਰੀਓ ਦੇ ਲੋਕਾਂ ਦੀ ਬਾਂਹ ਵਿੱਚ ਇੱਕ ਮਿਲੀਅਨ ਖੁਰਾਕਾਂ ਨੂੰ ਲਗਾਉਣ ਜਾ ਰਹੇ ਹਾਂ। ਉਹਨਾਂ ਆਸ ਪ੍ਰਗਟਾਈ ਕਿ ਦੁਪਹਿਰ ਤੱਕ ਇਸ ਟੀਚੇ ਨੂੰ ਹਾਸਲ ਕਰ ਲਿਆ ਜਾਵੇਗਾ। ਅਗਲੇ ਤਿੰਨ ਹਫ਼ਤਿਆਂ ਵਿੱਚ, ਇੱਕ ਮਿਲੀਅਨ ਹੋਰ ਲੋਕਾਂ ਨੂੰ ਵੈਕਸੀਨ ਦੇਣ ਦਾ ਟੀਚਾ ਪੂਰਾ ਕੀਤਾ ਜਾਵੇਗਾ।

ਉਧਰ ਕਿਊਬਿਕ, ਮੈਨੀਟੋਬਾ, ਸਸਕੈਚੇਵਨ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਨੇ ਵੀ ਟੀਕਾ ਰੋਲਆਊਟ ਵਧਾਉਣ ਦਾ ਐਲਾਨ ਕੀਤਾ ਹੈ।

Related News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਥੈਂਕਸਗਿਵਿੰਗ ਡੇਅ ਮੌਕੇ ਲੋਕਾਂ ਨੂੰ ਦਿਤਾ ਸੰਦੇਸ਼

Rajneet Kaur

ਬਰਨਬੀ ‘ਚ ਇੱਕ ਵਿਅਕਤੀ ‘ਤੇ ਚਾਕੂ ਨਾਲ ਹਮਲਾ

Rajneet Kaur

ਕੈਲਗਰੀ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ 49 ਲੋਕ ਕੋਰੋਨਾ ਪੀੜਿਤ

Vivek Sharma

Leave a Comment