ਕੈਨੇਡਾ ਦੇ ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਹੋਰ ਮਾਮਲਿਆ ਦੀ ਪੁਸ਼ਟੀ ਗੋਈ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਨਵੇਂ ਕੇਸ ਜਾਂ ਤਾਂ ਯਾਤਰਾ ਨਾਲ ਜੁੜੇ ਹੋਏ ਹਨ ਜਾਂ ਕਿਸੇ ਕਿਸੇ ਦੇ ਨਜ਼ਦੀਕੀ ਸੰਪਰਕ ਨਾਲ, ਜਿਸ ਨੇ ਯਾਤਰਾ ਕੀਤੀ ਹੈ। ਓਂਟਾਰੀਓ ਐਸੋਸੀਏਟ ਮੈਡੀਕਲ ਦੀ ਮੁੱਖ ਅਧਿਕਾਰੀ ਡਾਕਟਰ ਬਾਰਬਰਾ ਯਾਫੇ ਨੇ ਕਿਹਾ ਕਿ ਇਕ ਮਾਮਲਾ ਟੋਰਾਂਟੋ ਅਤੇ ਦੂਜਾ ਯਾਰਕ ਰੀਜਨ ਵਿਚ ਮਿਲਿਆ ਹੈ। ਇਹ ਦੋਵੇਂ ਵਿਅਕਤੀ ਯੂ. ਕੇ. ਦੀ ਯਾਤਰਾ ਕਰਕੇ ਵਾਪਸ ਪਰਤੇ ਹਨ। ਤੀਜਾ ਮਾਮਲਾ ਦੁਬਈ ਦੀ ਯਾਤਰਾ ਕਰਕੇ ਆਏ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀ ਨਾਲ ਸਬੰਧਤ ਹੈ। ਸੂਬੇ ਵਿਚ ਹੁਣ ਨਵੇਂ ਰੂਪ ਦੇ ਕੁਲ 6 ਪੁਸ਼ਟੀ ਹੋਏ ਕੇਸ ਹਨ। ਪਹਿਲੇ ਜਾਣੇ ਗਏ ਕੇਸ ਪਿਛਲੇ ਮਹੀਨੇ ਡਰਹਮ ਰੀਜਨ ਦੇ ਇਕ ਜੋੜੇ ਵਿਚ ਦਰਜ ਕੀਤੇ ਗਏ ਸਨ ਜੋ ਯੂ ਕੇ ਤੋਂ ਵਾਪਸ ਆ ਰਹੇ ਕਿਸੇ ਵਿਅਕਤੀ ਦੇ ਸੰਪਰਕ ਵਿਚ ਆਏ ਸਨ।
ਸੂਬੇ ਦੀ ਇਕ ਸਿਹਤ ਵਰਕਰ ਅਨੀਤਾ ਕੁਇਡੈਂਗੇਨ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹਨ ਤੇ ਸੂਬੇ ਵਿਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਉਸ ਨੇ ਕਿਹਾ ਕਿ ਕੋਰੋਨਾ ਵੈਕਸੀਨ ਮਿਲਣ ਨਾਲ ਆਸ ਜਾਗ ਗਈ ਹੈ ਕਿ ਅਸੀਂ ਕੋਰੋਨਾ ਨੂੰ ਹਰਾ ਕੇ ਸਿਹਤਮੰਦ ਜ਼ਿੰਦਗੀ ਬਤੀਤ ਕਰਾਂਗੇ ਪਰ ਅਜੇ ਵੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।
