channel punjabi
International News

BIG NEWS : ਭਾਰਤ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, AIIMS ਦਿੱਲੀ ਦੇ ਡਾਇਰੈਕਟਰ ਨੇ ਕਿਹਾ ਲਾਪਰਵਾਹੀ ਪੈ ਸਕਦੀ ਹੈ ਭਾਰੀ

ਮੁੰਬਈ/ਜੈਪੁਰ/ਤਿਰੂਵਨੰਤਪੁਰਮ : ਕਈਂ ਹਫ਼ਤਿਆਂ ਤੱਕ ਕਾਬੂ ਵਿਚ ਰਹਿਣ ਤੋਂ ਬਾਅਦ ਭਾਰਤ ਦੇ ਕੁਝ ਸੂਬਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਅਚਾਨਕ ਵੱਡਾ ਉਛਾਲ ਆ ਗਿਆ ਹੈ, ਜਿਸਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਉਧਰ AIIMS, ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਇਸ ਨੂੰ ਹਲਕੇ ਵਿੱਚ ਨਾ ਲੈਣ ਦੀ ਚੇਤਾਵਨੀ ਦਿੱਤੀ ਹੈ। ਐਤਵਾਰ ਸ਼ਾਮ ਨੂੰ ਜੈਪੁਰ ਸਾਹਿਤ ਸਮਾਰੋਹ ਵਿੱਚ ‘ਇੰਡੀਆਜ਼ ਫਾਈਟ ਅਗੇਂਸਟ ਕੋਵਿਡ’ ਸੈਸ਼ਨ ਵਿੱਚ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕੁਝ ਨਵੇਂ ਸਟ੍ਰੇਨ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਵਿੱਚ ਪਾਏ ਗਏ ਹਨ, ਇਸ ਲਈ ਹੁਣ ਵਧੇਰੇ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਉਹਨਾਂ ਸੁਝਾਅ ਦਿੱਤਾ ਕਿ ਇਸ ਸਮੇਂ ਬੇਲੋੜੀ ਯਾਤਰਾ ਨਾ ਕਰੋ। ਵੈਕਸੀਨ ਤੋਂ ਅਲਾਵਾ ਸਿਰਫ ਸਾਵਧਾਨੀਆਂ ਹੀ ਸਾਨੂੰ ਕੋਰੋਨਾ ਤੋਂ ਬਚਾ ਸਕਦੀਆਂ ਹਨ। ਮਾਸਕ ਪਹਿਣੋ, ਸਮਾਜਿਕ ਦੂਰੀ ਅਤੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਡਾਕਟਰ ਗੁਲੇਰੀਆ ਨੇ ਕਿਹਾ, ‘ਕੋਰੋਨਾ ਖ਼ਤਮ ਨਹੀਂ ਹੋਇਆ ਹੈ। ਇਹ ਮੌਜੂਦ ਹੈ। ਬ੍ਰਾਜ਼ੀਲ ਵਿਚ, 70% ਲੋਕ ਕੋਰੋਨਾ ਤੋਂ ਸੁਰੱਖਿਅਤ ਸਨ, ਪਰ ਉਹ ਦੁਬਾਰਾ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ। ਦਰਅਸਲ ਐਂਟੀਬਾਡੀ ਜੋ ਬਣਦੀ ਹੈ ਉਹ ਬਹੁਤ ਸ਼ਕਤੀਸ਼ਾਲੀ ਨਹੀਂ ਹੁੰਦੀ।’

ਉਧਰ ਮਹਾਰਾਸ਼ਟਰ ਅਤੇ ਕੇਰਲਾ ’ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੇ ਇਕ ਵਾਰ ਫਿਰ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੀ ਵਾਪਸੀ ਕਰਵਾ ਦਿੱਤੀ ਹੈ। ਹਾਲਾਂਕਿ, ਇਨ੍ਹਾਂ ਸਖ਼ਤ ਉਪਾਵਾਂ ਦਾ ਦਾਇਰਾ ਸੀਮਤ ਹੀ ਹੈ ਪਰ ਪਿਛਲੇ ਪੰਜ ਦਿਨਾਂ ਤੋਂ ਨਵੇਂ ਮਾਮਲਿਆਂ ’ਚ ਜਿਸ ਤਰ੍ਹਾਂ ਨਾਲ ਵਾਧਾ ਹੋ ਰਿਹਾ ਹੈ, ਉਸ ਨੂੰ ਵੇਖਦੇ ਹੋਏ ਵੱਡੇ ਪੱਧਰ ’ਤੇ ਅਜਿਹੇ ਕਦਮ ਚੁੱਕੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਮਹਾਰਾਸ਼ਟਰ ਦੇ ਮੰਤਰੀ ਨੇ ਇਸ ਦੇ ਸੰਕੇਤ ਵੀ ਦੇ ਦਿੱਤੇ ਹਨ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ 14 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ਡੇਢ ਲੱਖ ਦੇ ਕਰੀਬ ਪਹੁੰਚ ਗਈ ਹੈ।

ਕੇਰਲ ’ਚ ਅਲਪੁਝਾ ਜ਼ਿਲ੍ਹੇ ’ਚ ਵੀ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇੱਥੇ ਹਫ਼ਤਾਵਾਰੀ ਇਨਫੈਕਸ਼ਨ ਦੀ ਦਰ ਵਧ ਕੇ 10.7 ਫ਼ੀਸਦੀ ਹੋ ਗਈ ਹੈ। ਇਸ ਦੌਰਾਨ 2833 ਮਾਮਲੇ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪੰਜਾਬ, ਜੰਮੂ-ਕਸ਼ਮੀਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਵੀ ਪਿਛਲੇ ਕੁਝ ਦਿਨਾਂ ਤੋਂ ਮਾਮਲੇ ਵਧ ਰਹੇ ਹਨ।

ਮਹਾਰਾਸ਼ਟਰ ’ਚ ਅਚਲਪੁਰ ਸ਼ਹਿਰ ਨੂੰ ਛੱਡ ਕੇ ਅਮਰਾਵਤੀ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਹਫ਼ਤੇ ਦਾ ਪੂਰਨ ਲਾਕਡਾਊਨ ਲਾ ਦਿੱਤਾ ਗਿਆ ਹੈ। ਸੂਬੇ ਦੀ ਮੰਤਰੀ ਯਸ਼ੋਮਤੀ ਠਾਕੁਰ ਅਨੁਸਾਰ, ਇਸ ਦੌਰਾਨ ਜ਼ਰੂਰੀ ਸੇਵਾਵਾਂ ਦੀ ਛੋਟ ਰਹੇਗੀ। ਦੇਸ਼ ਦੇ ਹੋਰ ਹਿੱਸਿਆਂ ’ਚ ਕੋਰੋਨਾ ਇਨਫੈਕਸ਼ਨ ’ਚ ਕਮੀ ਆਉਣ ਦੇ ਉਲਟ ਮਹਾਰਾਸ਼ਟਰ ’ਚ ਮਾਮਲੇ ਵਧ ਰਹੇ ਹਨ। ਵਿਸ਼ੇਸ਼ ਤੋਰ ’ਤੇ ਪ੍ਰਭਾਵਿਤ ਅਮਰਾਵਤੀ ਜ਼ਿਲ੍ਹੇ ’ਚ ਹਫ਼ਤਾਭਰ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯਵਤਮਾਲ ਜ਼ਿਲ੍ਹੇ ’ਚ ਸਕੂਲਾਂ ਨੂੰ 10 ਦਿਨਾ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ’ਚ ਕੋਰੋਨਾ ਦੀ ਸਥਿਤੀ ਫਿਰ ਵਿਗੜਦੀ ਜਾ ਰਹੀ ਹੈ। ਪੁਣੇ ’ਚ ਇਕ ਵਾਰ ਫਿਰ ਲਾਕਡਾਊਨ ਵਰਗੇ ਹਾਲਾਤ ਬਣ ਗਏ ਹਨ। ਪੁਣੇ ਦੇ ਡਿਵਿਜਨ ਕਮਿਸ਼ਨਰ ਨੇ ਐਤਵਾਰ ਨੂੰ ਕਿਹਾ ਕਿ ਜ਼ਿਲ੍ਹੇ ’ਚ ਰਾਤ 11 ਵਜੇ ਤੋਂ 6 ਵਜੇ ਤਕ ਨਾਈਟ ਕਰਫਿਊ ਰਹੇਗਾ। ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਹੀ ਆਉਣ-ਜਾਣ ਦੀ ਮਨਜ਼ੂਰੀ ਹੋਵੇਗੀ। ਜ਼ਿਲ੍ਹੇ ਦੇ ਸਾਰੇ ਸਕੂਲ-ਕਾਲਜ 28 ਫਰਵਰੀ ਤਕ ਬੰਦ ਕਰ ਦਿੱਤੇ ਹਨ। ਨਵੀਆਂ ਗਾਈਡਲਾਈਨਜ਼ ਸੋਮਵਾਰ ਤੋਂ ਲਾਗੂ ਹੋਣਗੀਆਂ।

Related News

BIG NEWS : ਦੱਖਣੀ ਭਾਰਤ ਵਿੱਚ ਵੱਡਾ ਹਾਦਸਾ, ਕੇਰਲ ‘ਚ ਕੋਝੀਕੋਡ ਏਅਰਪੋਰਟ ‘ਤੇ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼

Vivek Sharma

ਕੈਲਗਰੀ ਪੁਲਿਸ ਮੈਮੋਰੀਅਲ ਡਰਾਈਵ ਤੋਂ ਮਿਲੀ ਲਾਸ਼ ਦੀ ਕਰ ਰਹੀ ਹੈ ਜਾਂਚ

Rajneet Kaur

ਕਵਾਡ ਸਿਖਰ ਸੰਮੇਲਨ ‘ਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾ ਕਰਨਗੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ

Rajneet Kaur

Leave a Comment