channel punjabi
International News

BIG NEWS : ਆਖ਼ਰਕਾਰ ਟਵਿੱਟਰ ਭਾਰਤ ਸਰਕਾਰ ਦੇ ਦਬਾਅ ਅੱਗੇ ਝੁਕਿਆ, ਬੰਦ ਕੀਤੇ 500 ਅਕਾਊਂਟ

ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਜਾਂ ਇਸ ਤਰ੍ਹਾਂ ਕਿਹਾ ਜਾਵੇ ਕਿ ਚਾਰ ਜਾਂ ਪੰਜ ਹਫ਼ਤਿਆਂ ਤੋਂ ਟਵਿਟਰ ਅਤੇ ਭਾਰਤ ਸਰਕਾਰ ਵਿਚਾਲੇ ਜ਼ਬਰਦਸਤ ਖੜਕ ਰਹੀ ਹੈ ਤਾਂ ਗ਼ਲਤ ਨਹੀਂ ਹੋਵੇਗਾ। ਮਸਲਾ ਕਿਸਾਨ ਅੰਦੋਲਨ ਦੌਰਾਨ ਹੀ ਖੜ੍ਹਾ ਹੋਇਆ ਹੈ। ਭਾਰਤ ਸਰਕਾਰ ਨੇ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਨੂੰ 1178 ਅਕਾਊਂਟ ਬੰਦ ਕਰਨ ਲਈ ਕਿਹਾ ਸੀ। ਸਰਕਾਰ ਦਾ ਕਹਿਣਾ ਸੀ ਕਿ ਇਨ੍ਹਾਂ ਅਕਾਊਂਟ ਦੇ ਪਿੱਛੇ ਖਾਲਿਸਤਾਨ ਸਮਰਥਕਾਂ ਅਤੇ ਪਾਕਿਸਤਾਨ ਦਾ ਹੱਥ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਸੀ ਕਿ ਇਹ ਅਕਾਊਂਟ ਕਿਸਾਨ ਅੰਦੋਲਨ ਦੇ ਨਾਂ ’ਤੇ ਗ਼ਲਤ ਜਾਣਕਾਰੀ ਫ਼ੈਲਾ ਰਹੇ ਹਨ ਅਤੇ ਭੜਕਾਊ ਸਮੱਗਰੀ ਪੋਸਟ ਕਰ ਰਹੇ ਹਨ। ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਪਰ ਇਹ ਨਹੀਂ ਹੋਇਆ।

ਤੁਹਾਨੂੰ ਯਾਦ ਹੋਵੇਗਾ ਕਿ ਟਵਿੱਟਰ ਨੇ 26 ਜਨਵਰੀ ਵਾਲੀ ਹਿੰਸਾ ਤੋਂ ਬਾਅਦ ਕੁਝ ਭਾਰਤੀ ਅਕਾਊਂਟ ਸਸਪੈਂਡ ਕੀਤੇ ਸਨ, ਪਰ ਕੁਝ ਘੰਟਿਆਂ ਬਾਅਦ ਹੀ ਉਹਨਾਂ ਵਿਚੋਂ ਜ਼ਿਆਦਾਤਰ ਮੁੜ ਤੋਂ ਸ਼ੁਰੂ ਕਰ ਦਿੱਤੇ ਗਏ, ਇਸੇ ਨੂੰ ਲੈ ਕੇ ਜ਼ਬਰਦਸਤ ਰੱਫੜ ਪਿਆ। ਭਾਰਤ ਸਰਕਾਰ ਨੇ ਟਵਿੱਟਰ ਨੂੰ ਹੜਕਾਇਆ ਤਾਂ ਇਸੇ ਦੌਰਾਨ ਬੀਤੇ ਸੋਮਵਾਰ ਟਵਿੱਟਰ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਮਹਿਮਾ ਕੌਲ ਦੇ ਅਸਤੀਫਾ ਦੇਣ ਦੀ ਖ਼ਬਰ ਸਾਹਮਣੇ ਆਈ । ਮਹਿਮਾ ਦੇ ਅਸਤੀਫ਼ੇ ਦਾ ਕਾਰਨ ਨਿੱਜੀ ਦੱਸਿਆ। ਕੌਲ ਨੇ 2015 ਵਿੱਚ ਇਸ ਅਹੁਦੇ ਲਈ ਜੁਵਾਇਨ ਕੀਤਾ ਸੀ। ਕੌਲ ਦੇ ਅਸਤੀਫ਼ੇ ਦੀ ਖ਼ਬਰ ਅਜਿਹੇ ਸਮੇਂ ਆਈ ਜਦੋਂ ਟਵਿੱਟਰ ਨੇ ਸਰਕਾਰ ਦੇ ਕਹਿਣ ਦੇ ਬਾਵਜੂਦ ‘ਕਿਸਾਨ ਅੰਦੋਲਨ’ ਨਾਲ ਜੁੜੇ ਕੁਝ ਟਵੀਟਸ ਨੂੰ ਨਹੀਂ ਹਟਾਇਆ। ਉਸੇ ਦਿਨ ਅੰਦਾਜ਼ਾ ਹੋ ਗਿਆ ਸੀ ਕਿ ਟਵਿੱਟਰ ਤੇ ਭਾਰਤ ਸਰਕਾਰ ਦੀ ਖਾਸ ਡਿੱਗਣ ਵਾਲੀ ਹੈ।

ਹੁਣ ਬੁੱਧਵਾਰ ਦੇਰ ਰਾਤ ਸਰਕਾਰ ਦੇ ਹੁਕਮ ’ਤੇ ਕਾਰਵਾਈ ਕਰਦੇ ਹੋਏ ਟਵਿੱਟਰ ਨੇ 500 ਟਵਿੱਟਰ ਅਕਾਊਂਟ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਵਿਵਾਦਤ ਹੈਸ਼ਟੈਗ ਨੂੰ ਲੈ ਕੇ ਵੀ ਵੱਡੀ ਕਾਰਵਾਈ ਕੀਤੀ ਹੈ।

ਭਾਰਤ ਸਰਕਾਰ ਦੇ ਹੁਕਮ ਮਗਰੋਂ ਟਵਿੱਟਰ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸਨੇ 1178 ਵਿਵਾਦਤ ਅਕਾਊਂਟ ਵਿੱਚੋਂ 500 ਅਕਾਊਂਟ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ। 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਮਾਮਲੇ ’ਤੇ ਵੀ ਟਵਿੱਟਰ ਨੇ ਆਪਣੀ ਗੱਲ ਰੱਖੀ ਹੈ। ਟਵਿੱਟਰ ਵੱਲੋਂ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਦਿੱਲੀ ’ਚ ਹੋਈ ਹਿੰਸਾ ਬਾਅਦ ਨਿਯਮਾਂ ਦਾ ਉਲੰਘਣ ਕਰਨ ਵਾਲੇ ਅਤੇ ਮਾਹੌਲ ਵਿਗਾੜਨ ਵਾਲੀ ਸਮੱਗਰੀ ਨੂੰ ਹਟਾਇਆ ਗਿਆ । ਇਸ ਤੋਂ ਇਲਾਵਾ ਟਵਿੱਟਰ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਮੀਡੀਆ ਅਦਾਰੇ, ਪੱਤਰਕਾਰ, ਐਕਟੀਵਿਸਟ ਤੇ ਨੇਤਾ ਦੇ ਅਕਾਊਂਟ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ, ਕਿਉਂਕਿ ਇਨ੍ਹਾਂ ਨੂੰ ਭਾਰਤੀ ਕਾਨੂੰਨ ‘ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ’ ਦੇ ਤਹਿਤ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ।

ਟਵਿੱਟਰ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਹੁਕਮ ਬਾਅਦ ਕੁਝ ਅਕਾਊਂਟ ਨੂੰ ਬੰਦ ਕੀਤਾ ਗਿਆ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੀ ਸਮੱਗਰੀ (ਕੰਟੈਂਟ) ਭਾਰਤੀ ਕਾਨੂੰਨ ਦੇ ਮੁਤਾਬਕ ਹੀ ਹੈ। ਇਸ ਲਈ ਉਨ੍ਹਾਂ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ।

ਮਾਈਕਰੋ ਬਲੌਗਿੰਗ ਸਾਈਟ ਦਾ ਇਹ ਬਿਆਨ ਉਨ੍ਹਾਂ ਦੋਸ਼ਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਟਵਿੱਟਰ ਸਰਕਾਰ ਦੇ ਹੁਕਮ ਨੂੰ ਦਬਾਅ ਕੇ ਬੈਠ ਗਿਆ ਹੈ ਤੇ ਇਸ ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਟਵਿੱਟਰ ਨੂੰ 250 ਅਕਾਊਂਟ ਦੀ ਇੱਕ ਸੂਚੀ ਸੌਂਪੀ ਸੀ। ਇਸ ਸੂਚੀ ’ਚੋਂ ਟਵਿੱਟਰ ਨੇ ਉਨ੍ਹਾਂ ਅਕਾਊਂਟ ਨੂੰ ਸਿਰਫ਼ ਕੁਝ ਘੰਟੇ ਲਈ ਹੀ ਬੰਦ ਕੀਤਾ ਸੀ। ਸਰਕਾਰ ਵੱਲੋਂ ਟਵਿੱਟਰ ਨੂੰ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਗਈ ਸੀ।

ਦਰਅਸਲ ਭਾਰਤ ਸਰਕਾਰ ਦਾ ਇਹ ਵੀ ਇਲਜ਼ਾਮ ਹੈ ਕਿ ਟਵਿਟਰ ਭਾਰਤ ਵਿਚ ਦੋਹਰੇ ਮਾਪਦੰਡ ਅਪਣਾ ਰਿਹਾ ਹੈ। ਭਾਰਤ ਸਰਕਾਰ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ 6 ਜਨਵਰੀ ਨੂੰ ਕੈਪਿਟਲ ਹਿਲ ਵਿਖੇ ਹੋਈ ਹਿੰਸਾ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਸ ਸਮੇਂ ਕਿਵੇਂ ਟਵਿੱਟਰ ਨੇ ਭੜਕਾਉ ਸੁਨੇਹੇ ਦੇਣ ਵਾਲੇ ਸੈਂਕੜੇ ਟਵਿਟਰ ਅਕਾਊਂਟਸ ਨੂੰ ਆਪਣੇ ਆਪ ਬੰਦ ਕਰ ਦਿੱਤਾ ਸੀ, ਪਰ ਭਾਰਤ ਵਿੱਚ 26 ਜਨਵਰੀ ਦੀ ਹਿੰਸਾ ਦੌਰਾਨ ਟਵਿਟਰ ਨੇ ਕੁਝ ਵੀ ਠੋਸ ਨਹੀਂ ਕੀਤਾ। ਭਾਰਤ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਟਵਿਟਰ ਅਕਾਊਂਟ ਬੇਰੋਕਟੋਕ ਚਲ ਰਹੇ ਸਨ। ਇਸਦਾ ਟਵਿੱਟਰ ਕੋਈ ਠੋਸ ਜਵਾਬ ਨਹੀਂ ਦੇ ਸਕਿਆ।

ਫਿਲਹਾਲ ਵੇਖਣਾ ਹੋਵੇਗਾ ਭਾਰਤ ਸਰਕਾਰ ਅਤੇ ਟਵਿੱਟਰ ਵਿਚਾਲੇ ਜਾਰੀ ਤਲਖ਼ੀ ਦੇ ਹੋਰ ਕੀ-ਕੀ ਸਿੱਟੇ ਸਾਹਮਣੇ ਆਉਣਗੇ।

Related News

ਮਸ਼ਹੂਰ TikTok ਸਟਾਰ Dazhariaa Quint Noyes ਨੇ ਕੀਤੀ ਖ਼ੁਦਕੁਸ਼ੀ

Rajneet Kaur

ਦੁਨੀਆ ਭਰ ‘ਚ ਪਿਛਲੇ ਹਫ਼ਤੇ 10 ਫ਼ੀਸਦੀ ਵਧੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ : W.H.O.

Vivek Sharma

ਕੈਨੇਡਾ ਅੰਦਰ ਇੱਕ ਦਿਨ ‘ਚ ਮਿਲੇ 6300 ਤੋਂ ਵਧ ਕੋਰੋਨਾ ਦੇ ਮਾਮਲੇ

Vivek Sharma

Leave a Comment