channel punjabi
International News

ਬ੍ਰਿਟੇਨ ਅਤੇ ਫਰਾਂਸ ਤੋ ਬਾਅਦ ਆਸਟ੍ਰੀਆ ਨੇ ਵੀ ਕੀਤਾ ਮੁੜ ਤਾਲਾਬੰਦੀ ਦਾ ਐਲਾਨ

ਲੰਡਨ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਪੈਰ ਪਸਾਰਦੀ ਜਾ ਰਹੀ ਹੈ । ਵੱਡੀ ਗਿਣਤੀ ਲੋਕ ਕੋਰੋਨਾ ਦੀ ਦੂਜੀ ਲਹਿਰ ਦਾ ਸ਼ਿਕਾਰ ਹੋ ਰਹੇ ਹਨ। ਇਸ ‘ਤੇ ਕਾਬੂ ਕਰਨ ਲਈ ਕੁਝ ਦੇਸ਼ਾਂ ਵਿਚ ਮੁੜ ਤੋਂ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਬ੍ਰਿਟੇਨ, ਫਰਾਂਸ ਤੋਂ ਬਾਅਦ ਹੁਣ ਆਸਟ੍ਰੀਆ ਨੇ ਇਨਫਕੈਸ਼ਨ ਦੇ ਮਾਮਲਿਆਂ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਚਾਰ ਹਫਤਿਆਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਹੈ। ਤਾਲਾਬੰਦੀ ਦੌਰਾਨ ਰੈਸਟੋਰੈਂਟ ਅਤੇ ਬਾਰ ਚਾਰ ਹਫਤਿਆਂ ਲਈ ਬੰਦ ਰਹਿਣਗੇ ਅਤੇ ਸਭਿਆਚਾਰਕ, ਖੇਡ ਅਤੇ ਹੋਰ ਗਤੀਵਿਧੀਆਂ ਵੀ ਰੱਦ ਰਹਿਣਗੀਆਂ। ਇਸ ਦੌਰਾਨ ਸਿਰਫ ਬਹੁਤ ਜ਼ਰੂਰੀ ਕੰਮਾਂ ਨੂੰ ਹੀ ਛੋਟ ਰਹੇਗੀ।

ਆਸਟ੍ਰੀਆ ਦੇ ਚਾਂਸਲਰ ਸੇਬੇਸਟੀਅਨ ਕੁਰਜ਼ ਨੇ ਕਿਹਾ ਕਿ ਪਾਬੰਦੀਆਂ ਮੰਗਲਵਾਰ ਨੂੰ ਸ਼ੁਰੂ ਹੋਣਗੀਆਂ ਅਤੇ ਨਵੰਬਰ ਦੇ ਅੰਤ ਤੱਕ ਪ੍ਰਭਾਵੀ ਰਹਿਣਗੀਆਂ। ਤਾਲਾਬੰਦੀ ਕਾਰਣ ਪ੍ਰਭਾਵਿਤ ਹੋਣ ਵਾਲੀਆਂ ਕੰਪਨੀਆਂ ਨੂੰ 80 ਫੀਸਦੀ ਤੱਕ ਦੀ ਮਦਦ ਦੀ ਵਿਵਸਥਾ ਕੀਤੀ ਜਾ ਰਹੀ ਹੈ ਪਰ ਸ਼ਰਤ ਇਹ ਹੈ ਕਿ ਉਨ੍ਹਾਂ ਦੇ ਕਰਮਚਾਰੀ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਨਵੀਆਂ ਪਾਬੰਦੀਆਂ ’ਚ ਕਰਫਿਊ ਵੀ ਸ਼ਾਮਲ ਹੈ ਜਿਸ ਦੇ ਤਹਿਤ ਆਸਟ੍ਰੀਆ ਦੇ ਲੋਕਾਂ ਨੂੰ ਰਾਤ ਦੇ ਅੱਠ ਵਜੇ ਤੋਂ ਸਵੇਰੇ ਛੇ ਵਜੇ ਤੱਕ ਘਰਾਂ ’ਚ ਹੀ ਰਹਿਣਾ ਹੋਵੇਗਾ। ਕੁਰਜ਼ ਨੇ ਕਿਹਾ ਕਿ ਕਰਫਿਊ ਦਾ ਮਕਸੱਦ ਯਾਤਰਾ ’ਤੇ ਰੋਕ ਲਗਾਉਣਾ ਅਤੇ ਨਿੱਜੀ ਪਾਰਟੀਆਂ ਨੂੰ ਰੋਕਣਾ ਹੈ ਜੋ ਵਾਇਰਸ ਦੇ ਕਹਿਰ ਦਾ ਕਾਰਣ ਬਣਦੀਆਂ ਹਨ।

ਫਰਾਂਸ ਸਰਕਾਰ ਨੇ ਵੀ ਬੀਤੇ ਦਿਨ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਫਿਰ ਤੋਂ ਹੋ ਰਹੀ ਤੇਜ਼ੀ ਤੋਂ ਬਾਅਦ ਦੇਸ਼ ’ਚ ਚਾਰ ਹਫਤਿਆਂ ਦੀ ਤਾਲਾਬੰਦੀ ਲਗਾਈ ਹੈ। ਤਾਲਾਬੰਦੀ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸੜਕਾਂ ’ਤੇ ਘੱਟ ਹੀ ਲੋਕ ਨਜ਼ਰ ਆਏ। ਸੱਤ ਮਹੀਨਿਆਂ ’ਚ ਦੂਜੀ ਵਾਰ ਸ਼ੁੱਕਰਵਾਰ ਤੋਂ ਲਾਗੂ ਤਾਲਾਬੰਦੀ ਤਹਿਤ ਲੋਕਾਂ ਨੂੰ ਘਰਾਂ ’ਚ ਰਹਿਣ ਨੂੰ ਕਿਹਾ ਗਿਆ ਹੈ ਅਤੇ ਬਾਹਰ ਨਿਕਲਣ ’ਤੇ ਜੁਰਮਾਨਾ ਜਾਂ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਕਸਰਤ ਲਈ ਇਕ ਘੰਟਾ ਬਾਹਰ ਨਿਕਲਣ ਜਾਂ ਇਲਾਜ ਜਾਂ ਜ਼ਰੂਰੀ ਚੀਜ਼ਾਂ ਲਈ ਦੁਕਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਦੱਸ ਦੇਈਏ ਕਿ ਬ੍ਰਿਟੇਨ ’ਚ ਵੀ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਅਤੇ ਇਹ ਵਾਇਰਸ ਰੋਜ਼ਾਨਾ ਕਈ ਲੋਕਾਂ ਦੀ ਜਾਨ ਲੈ ਰਿਹਾ ਹੈ। ਕੋਰੋਨਾ ’ਤੇ ਕਾਬੂ ਪਾਉਣ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਇਕ ਮਹੀਨੇ ਲਈ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਨਵੀਆਂ ਪਾਬੰਦੀਆਂ ਤਹਿਤ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੇ ਅਕਾਦਮਿਕ ਸੰਸਥਾਵਾਂ ਨੂੰ ਛੱਡ ਕੇ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈ। ਸਾਰੀਆਂ ਪਾਬੰਦੀਆਂ ਨਵੇਂ ਸਾਲ ਤੱਕ ਲਾਗੂ ਰਹਿ ਸਕਦੀਆਂ ਹਨ।

ਹੁਣ ਤੱਕ ਬ੍ਰਿਟੇਨ ’ਚ 10,11,660 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 46,555 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।

Related News

ਓਨਟਾਰੀਓ ਵਿੱਚ ਕੋਵਿਡ-19 ਦੀ ਤੀਜੀ ਲਹਿਰ ਸ਼ੁਰੂ: ਓਨਟਾਰੀਓ ਹੌਸਪਿਟਲ ਐਸੋਸਿਏਸ਼ਨ

Rajneet Kaur

ਪੰਜਾਬ ਸਰਕਾਰ ਨੇ ਅਦਾਕਾਰ ਸੋਨੂੰ ਸੂਦ ਨੂੰ ਬਣਾਇਆ ਕੋਵਿਡ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ , ਵੈਕਸੀਨ ਲਈ ਲੋਕਾਂ ਨੂੰ ਕਰਨਗੇ ਪ੍ਰੇਰਿਤ

Vivek Sharma

PM ਜਸਟਿਨ ਟਰੂਡੋ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ ਦਰਮਿਆਨ ਹੋਈ ਗੱਲਬਾਤ, ਕਈ ਅਹਿਮ ਬਿੰਦੂਆਂ ‘ਤੇ ਕੀਤੀ ਚਰਚਾ

Vivek Sharma

Leave a Comment