channel punjabi
International News

ਪਾਕਿਸਤਾਨ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਮੁੜ ਤੋਂ ਖੋਲ੍ਹਿਆ, ਭਾਰਤ ਸਰਕਾਰ ਵੀ ਜਲਦੀ ਹੀ ਕਰੇਗੀ ਐਲਾਨ

ਇਸਲਾਮਾਬਾਦ/ਨਵੀਂ ਦਿੱਲੀ : ਦੁਨੀਆ ਭਰ ਦੇ ਸਿੱਖ ਭਾਈਚਾਰੇ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਨੂੰ ਇਕ ਵਾਰ ਫਿਰ ਵਾਹਿਗੁਰੂ ਨੇ ਕਬੂਲ ਕਰ ਲਿਆ । ਕਰੀਬ 6 ਮਹੀਨਿਆਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਪਾਕਿਸਤਾਨ ਸਰਕਾਰ ਨੇ ਫਿਰ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਕੋਰੋਨਾ ਦੀ ਸਥਿਤੀ ‘ਚ ਉਸ ਪਾਸੇ ਸੁਧਾਰ ਹੋਇਆ ਹੈ। ਪਾਕਿਤਸਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸੂਚਨਾ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਕਾਰ 2019 ‘ਚ ਕੀਤੇ ਗਏ ਦੁਵੱੱਲੇ ਸਮਝੌਤੇ ਅਨੁਸਾਰ ਭਾਰਤੀ ਯਾਤਰੀਆਂ ਨੂੰ ਸਵੇਰ ਤੋਂ ਸ਼ਾਮ ਤਕ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਉਧਰ ਭਾਰਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਨੂੰ ਸ਼ਰਧਾਲੂਆਂ ਲਈ ਖੋਲ੍ਹਣ ‘ਤੇ ਫ਼ੈਸਲਾ ਕੋਰੋਨਾ ਦੇ ਹਾਲਾਤ ਤੇ ਪਾਬੰਦੀਆਂ ‘ਚ ਢਿੱਲ ਅਨੁਸਾਰ ਕਰੇਗਾ। ਪਾਕਿਸਤਾਨ ਵੱਲੋਂ ਆਪਣੇ ਵਾਲੇ ਪਾਸਿਓਂ ਲਾਂਘੇ ਨੂੰ ਯਾਤਰਾ ਲਈ ਖੋਲ੍ਹਣ ਦੇ ਐਲਾਨ ਤੋਂ ਬਾਅਦ ਭਾਰਤ ਦਾ ਇਹ ਬਿਆਨ ਆਇਆ ਹੈ। 4.7 ਕਿਲੋਮੀਟਰ ਲੰਬਾ ਲਾਂਘਾ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਤੇ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਦਾ ਹੈ। ਸੂਤਰਾਂ ਅਨੁਸਾਰ ਭਾਰਤ ਵਾਲੇ ਪਾਸਿਉਂ ਵੀ ਜਲਦੀ ਹੀ ਯਾਤਰਾ ਲਈ ਆਗਿਆ ਦੇ ਦਿੱਤੀ ਜਾਵੇਗੀ।

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਗ੍ਰਹਿ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਸਮੇਤ ਸਾਰੀਆਂ ਸਬੰਧਿਤ ਧਿਰਾਂ ਦੇ ਸੰਪਰਕ ਵਿੱਚ ਹਾਂ। ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੋਲ੍ਹਣ ‘ਤੇ ਫ਼ੈਸਲਾ ਕੋਰੋਨਾ ਦੀ ਸਥਿਤੀ ਤੇ ਪਾਬੰਦੀਆਂ ‘ਚ ਢਿੱਲ ਅਨੁਸਾਰ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 2019 ਵਿਚ ਹੋਏ ਦੁਵੱਲੇ ਸਮਝੌਤੇ ਮੁਤਾਬਕ ਭਾਰਤੀਆਂ ਨੂੰ ਹਰ ਦਿਨ ਸਵੇਰ ਤੋਂ ਸ਼ਾਮ ਤਕ ਕਰਤਾਰਪੁਰ ਗੁਰਦੁਆਰੇ ਆਉਣ ਦੀ ਪ੍ਰਵਾਨਗੀ ਹੈ। ਪਾਕਿਸਤਾਨ ਨੇ ਕਿਹਾ ਕਿ ਉੱਥੇ ਕੋਰੋਨਾ ਦੇ ਹਾਲਾਤ ਵਿਚ ਸੁਧਾਰ ਹੈ ਜਿਸ ਤੋਂ ਬਾਅਦ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ।

ਮੰਤਰਾਲੇ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਹੈ ਕਿ ਪਿਛਲੇ ਸਾਲ ਕਰਤਾਰਪੁ ਲਾਂਘੇ ਨੂੰ ਖੋਲ੍ਹਣ ਵੇਲੇ ਤੇ ਅਕਤੂਬਰ 2019 ਵਿਚ ਦੁਵੱਲੇ ਸਮਝੌਤੇ ‘ਤੇ ਦਸਤਖ਼ਤਾਂ ਵੇਲੇ ਵੀ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਦੋਵੇਂ ਹੀ ਧਿਰਾਂ ਆਪਣੇ ਪਾਸੇ ਮੁੱਢਲੀਆਂ ਸਹੂਲਤਾਂ ਦਾ ਨਿਰਮਾਣ ਕਰਵਾਉਣਗੀਆਂ। ਇਸ ਮੁਤਾਬਕ ਪਾਕਿਸਤਾਨ ਨੇ ਆਪਣੇ ਪਾਸੇ ਬੁੱਧੀ ਰਾਵੀ ਨਾਲੇ ‘ਤੇ ਅਜੇ ਪੁਲ਼ ਦਾ ਨਿਰਮਾਣ ਕਰਵਾਉਣਾ ਹੈ। ਕਰਤਾਰਪੁਰ ਲਾਂਘਾ ਪਿਛਲੇ ਸਾਲ ਖੋਲ੍ਹਿਆ ਗਿਆ ਸੀ ਪਰ ਇਸ ਸਾਲ ਕੋੋਰੋਨਾ ਦੇ ਮੱਦੇਨਜ਼ਰ ਭਾਰਤ ਨੇ ਮਾਰਚ ਦੇ ਅੰਤ ਵਿਚ ਲਾਂਘਾ ਬੰਦ ਕਰ ਦਿੱਤਾ ਸੀ।

ਫਿਲਹਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਡੀਕ ਕਰ ਰਹੀ ਸਮੂਹ ਸੰਗਤ ਇਹੀ ਅਰਦਾਸ ਕਰ ਰਹੀ ਹੈ ਕਿ ਜਲਦ ਤੋਂ ਜਲਦ ਕੋਰੋਨਾ ਸੰਕਟ ਦਾ ਹਲ ਨਿਕਲੇ ਅਤੇ ਉਹ ਪਹਿਲਾਂ ਵਾਂਗ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਓਥੇ ਜਾ ਕੇ ਆਪਣਾ ਜੀਵਨ ਸਫ਼ਲ ਬਣਾ ਸਕਣ ।

Related News

NASA ਦੇ Perseverance Rover ਨੇ Ingenuity ਹੈਲੀਕਾਪਟਰ ਨੂੰ ਮੰਗਲ ਦੀ ਸਤ੍ਹਾ ‘ਤੇ ਕੀਤਾ ਡਰਾਪ, ਜਲਦ ਭਰੇਗਾ ਉਡਾਣ

Vivek Sharma

NDP ਨੇ ‘ਸੇਵ ਮੇਨ ਸਟ੍ਰੀਟ’ ਯੋਜਨਾ ਨੂੰ ਦੂਜੀ ਲਹਿਰ ਦੇ ਵਿਗੜਨ ਤੋਂ ਪਹਿਲਾਂ ਲਾਗੂ ਕਰਨ ਦੀ ਕੀਤੀ ਮੰਗ

Rajneet Kaur

ਵਿਸ਼ਵ ਭਰ ਵਿੱਚ ਕੋਵਿਡ-19 ਦੇ 141 ਟੀਕੇ ਵਿਕਸਿਤ ਕੀਤੇ ਜਾ ਰਹੇ ਹਨ: WHO ਡਾਇਰੈਕਟਰ-ਜਨਰਲ

team punjabi

Leave a Comment