channel punjabi
International News

BIG NEWS : ‘ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ, ਕੀਤੀ ਜੱਟਾਂ ਨੇ ਜੋ ਮਿਹਨਤ ਲਾਸਾਨੀ ਡੋਬਤੀ’ ਗੀਤ ਰਾਹੀਂ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਕਿਸਾਨਾਂ ਦਾ ਦਰਦ ਕੀਤਾ ਬਿਆਨ

ਦੇਸ਼ ਭਰ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ ਤੋਂ

ਕੇਂਦਰ ਦੇ ਨਵੇਂ ਆਰਡੀਨੈਂਸ ਦਾ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਤਿੱਖਾ ਵਿਰੋਧ

ਗਾਇਕ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਕੀਤੀ ਬੁਲੰਦ

ਆਪਣੇ ਗੀਤ ਰਾਹੀਂ ਕਿਸਾਨਾਂ ਦੇ ਦਰਦ ਨੂੰ ਕੀਤਾ ਬਿਆਨ

ਚੰਡੀਗੜ੍ਹ/ਨਿਊਜ਼ ਡੈਸਕ : ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਖੇਤੀਬਾੜ੍ਹੀ ਆਰਡੀਨੈਂਸਾਂ ਦਾ ਕਿਸਾਨ ਜਥੇਬੰਦੀਆਂ ਤਿੱਖਾ ਵਿਰੋਧ ਕਰ ਰਹੀਆਂ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਸਰਮਾਏਦਾਰਾਂ ਦੇ ਹੱਕ ਵਿੱਚ ਬਣਾਏ ਗਏ ਨੇ ਇਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਣਾ ਹੈ ਇਸ ਲਈ ਕੇਂਦਰ ਸਰਕਾਰ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਲਵੇ। ਇਹਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਤੋਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਉੱਘੇ ਗਾਇਕ ਭਰਾਵਾਂ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਵੀ ਆਵਾਜ਼ ਬੁਲੰਦ ਕੀਤੀ ਹੈ। ਸ਼ਨੀਵਾਰ ਨੂੰ ਇਹਨਾਂ ਵੱਲੋਂ ਪੰਜਾਬ ਦੀ ਕਿਸਾਨੀ ਦੀ ਦੁਰਦਸ਼ਾ ਬਾਰੇ ਇੱਕ ਗੀਤ ਜਾਰੀ ਕੀਤਾ ਗਿਆ । ਇਸ ਗੀਤ ਵਿਚ ਕਿਸਾਨਾਂ ਦੇ ਦਰਦ ਨੂੰ ਬੜੀ ਸ਼ਿੱਦਤ ਨਾਲ ਬਿਆਨ ਕੀਤਾ ਗਿਆ ਹੈ ।

ਮਨਮੋਹਨ ਵਾਰਿਸ ਅਤੇ ਕਮਲ ਹੀਰ ਦਾ ਗਾਇਆ ਗੀਤ ਪੰਜਾਬ ਦੀ ਕਿਸਾਨੀ, ਕਿਸਾਨੀ ਭਾਈਚਾਰੇ ਦੀ ਦੁਰਦਸ਼ਾ ਬਾਰੇ ਦੱਸਦਾ ਹੈ ਅਤੇ ਕੇਂਦਰ ਦੁਆਰਾ ਹਾਲ ਹੀ ਵਿੱਚ ਲਿਆਂਦੇ ਗਏ ਤਿੰਨ ਖੇਤੀਬਾੜੀ ਆਰਡੀਨੈਂਸਾਂ ਬਾਰੇ ਕਿਸਾਨਾਂ ਦੇ ਵਿਰੋਧ ਨੂੰ ਵੀ ਦੱਸਦਾ ਹੈ।

ਇਹ ਗਾਣਾ ਨਰਿੰਦਰ ਮੋਦੀ ਸਰਕਾਰ ਦੇ ‘ਅੱਛੇ ਦਿਨ’ ਦੇ ਨਾਅਰੇ ‘ਤੇ ਕੇਂਦ੍ਰਿਤ ਕਰਦੇ ਹੋਏ, ਇਸੇ ਨਾਅਰੇ ‘ਤੇ ਤਿੱਖੀ ਚੋਟ ਵੀ ਮਾਰ ਰਿਹਾ ਹੈ।

ਇਹ ਗੀਤ ‘ਭਾਰਤ ਛੱਡੋ ਅੰਦੋਲਨ’ ਦੀ 78 ਵੀਂ ਵਰ੍ਹੇਗੰਢ ਮੌਕੇ 9 ਅਗਸਤ ਨੂੰ ਨਿਰਧਾਰਤ ਕੀਤੇ ਕਿਸਾਨਾਂ ਵੱਲੋਂ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਦੀ ਪੂਰਵ ਸੰਧਿਆ ‘ਤੇ ਫੇਸਬੁੱਕ‘ ਤੇ ਜਾਰੀ ਕੀਤਾ ਗਿਆ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਹੈ । ਕੁਝ ਘੰਟਿਆਂ ਵਿੱਚ ਹੀ ਇਸ ਗੀਤ ਨੂੰ 50 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਵੇਖਿਆ ਗਿਆ। ਕਿਸਾਨਾਂ ਲਈ ਗਾਏ ਇਸ ਗੀਤ ਵਿਚ ਕਿੰਨਾ ਦਰਦ, ਕਿੰਨੀ ਹਕੀਕਤ, ਕਿਸਾਨੀ ਤੱਥਾਂ ਅਤੇ ਕਿਸਾਨੀ ਮੁੱਦਿਆਂ ਨੂੰ ਪੇਸ਼ ਕੀਤਾ ਗਿਆ ਹੈ , ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਗੀਤ ਨੂੰ ਹੁਣ ਤੱਕ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਲਗਾਤਾਰ ਵਧ ਰਹੇ ਹਨ।

ਗਾਣੇ ਦੇ ਬੋਲਾਂ ਵਿੱਚ ਕਣਕ ਅਤੇ ਝੋਨੇ ਦੀਆਂ ਫਸਲਾਂ ਲਈ ਯਕੀਨੀ ਬਜ਼ਾਰ ਮੁੱਲ (ਘੱਟੋ ਘੱਟ ਸਮਰਥਨ ਮੁੱਲ) ਵਾਪਸ ਲੈਣ ਦੇ ਕਿਸਾਨਾਂ ਦੇ ਡਰ ਵੱਲ ਇਸ਼ਾਰਾ ਕੀਤਾ ਗਿਆ ਹੈ। ਗੀਤ ਦਾ ਹਰ ਇਕ ਅੱਖਰ ਕਿਸਾਨਾਂ ਦੇ ਹੰਝੂਆਂ ਅਤੇ ਦਰਦ ਦੀ ਸਾਰੀ ਕਹਾਣੀ ਨੂੰ ਬਿਆਨ ਕਰਦਾ ਹੈ।

“ਪੱਕੇ ਮੁੱਲ ਵਾਲੀ ਸਾਡੀ ਜਮਾ ਟੁੱਟ ਗਈ ਉਮੀਦ
ਝੋਨਾ-ਕਣਕ ਨਹੀਂ ਲਾਣੇ ਕਹਿੰਦੇ ਤੋੜਤੀ ਖ਼ਰੀਦ”

“ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ
ਕੀਤੀ ਜੱਟਾਂ ਨੇ ਜੋ ਮਿਹਨਤ ਲਾਸਾਨੀ ਡੋਬਤੀ”

“ਅਸੀਂ ਮੰਗਦੇ ਨਿਆਇ ਸਾਨੂੰ ਅੱਗੋਂ ਪੈਣ ਧੱਕੇ
ਸਪਰੇਆਂ ਪੀਣ ਤਾਹੀਓਂ ਮਰਦੇ ਆਂ ਅੱਕੇ”

“ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ
ਉੱਤੋਂ ਚਿੱਟੇ ਨੇ ਪੰਜਾਬ ਦੀ ਜਵਾਨੀ ਡੋਬਤੀ”

ਇਹ ਗੀਤ YOUTUBE ‘ਤੇ ਪਲਾਜ਼ਮਾ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ

Courtesy : YOUTUBE, PLASMA RECORDS

ਸੂਬੇ ਦੇ ਕਿਸਾਨਾਂ ਅਤੇ ਨੌਜਵਾਨ ਦੀਆਂ ਸਮੱਸਿਆਵਾਂ ਵੱਲ ਡੂੰਘਾ ਇਸ਼ਾਰਾ ਕਰਦਾ ਇਹ ਗੀਤ ਉਹਨਾਂ ਘਟੀਆ ਗੀਤਕਾਰਾਂ ਅਤੇ ਗਾਇਕਾਂ ਦੇ ਮੂੰਹ ਤੇ ਚਪੇੜ ਵੀ ਮਾਰ ਰਿਹਾ ਹੈ ਜਿਹੜੇ ਆਪਣੇ ਗੀਤਾਂ ਵਿੱਚ ਪੰਜਾਬ ਨੂੰ ਐਸ਼ਪ੍ਰਸਤੀ, ਹਥਿਆਰ ਕਲਚਰ ਅਤੇ ਫੁਕਰਾਪੰਤੀ ਦੇ ਗੜ੍ਹ ਵਜੋਂ ਹੀ ਪੇਸ਼ ਕਰਦੇ ਆ ਰਹੇ ਹਨ।

ਮਨਮੋਹਨ ਵਾਰਿਸ ਅਤੇ ਕਮਲ ਹੀਰ ਵੱਲੋਂ ਪੇਸ਼ ਕੀਤਾ ਗਿਆ ਨਵਾਂ ਗੀਤ ਕਿਸਾਨੀ ਹਕੀਕਤ ਨੂੰ ਬਿਆਨ ਕਰਦਾ ਹੈ, ਉਮੀਦ ਹੈ ਕਿ ਇਹ ਗੀਤ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਗੂੜੀ ਨੀਂਦ ਤੋਂ ਜਗਾਵੇਗਾ ਤਾਂ ਜੋ ਉਹ ਕਿਸਾਨਾਂ ਦੇ ਹਿਤ ਵਿੱਚ ਫ਼ੈਸਲਾ ਕਰ ਸਕਣ।
@ਵਿਵੇਕ ਸ਼ਰਮਾ

Related News

ਕੈਨੇਡਾ: ਸਟ੍ਰੋਬੈਰੀ ਹਿੱਲ ਤੋਂ ਵੈਨਕੂਵਰ ਵਿਚ ਭਾਰਤੀ ਦੂਤਾਵਾਸ ਤੱਕ ਕੱਢੀ ਗਈ ਤਿਰੰਗਾ ਯਾਤਰਾ ਰੈਲੀ

Rajneet Kaur

ਲਓ! ਕੇਜਰੀਵਾਲ ਨੇ ਦਿੱਤਾ ਦਿੱਲੀ ਵਾਲਿਆਂ ਨੂੰ ਤੋਹਫ਼ਾ! ਡੀਜ਼ਲ ਸਿੱਧਾ 8 ਰੁਪਏ 36 ਪੈਸੇ ਘਟਾਇਆ

Rajneet Kaur

PRESIDENT JOE BIDEN ਅਤੇ PM TRUDEAU ਦਰਮਿਆਨ ਮੰਗਲਵਾਰ ਨੂੰ ਹੋਵੇਗੀ ਪਹਿਲੀ ਦੁਵੱਲੀ ਬੈਠਕ

Vivek Sharma

Leave a Comment