channel punjabi
International News

ਜ਼ਹਿਰੀਲੀ ਦੇਸੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 90 ਤੱਕ ਪੁੱਜੀ

ਸ਼ਰਮਨਾਕ ! ਪੰਜਾਬ ਅੰਦਰ ਨਕਲੀ ਸਰਾਬ ਮਾਫ਼ੀਆ ਹਾਵੀ

ਨਕਲੀ ਸ਼ਰਾਬ ਪੀਣ ਕਾਰਨ ਗਈਆਂ 90 ਜਾਨਾਂ ਲਈ ਕੌਣ ਜ਼ਿੰਮੇਵਾਰ ?

ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਖੜ੍ਹੇ ਹੋਏ ਵੱਡੇ ਸਵਾਲ

ਸੁਖਬੀਰ ਬਾਦਲ ਨੇ ਮੌਤਾਂ ਲਈ ਕੈਪਟਨ ਨੂੰ ਦੱਸਿਆ ਜ਼ਿੰਮੇਵਾਰ

ਚੰਡੀਗੜ੍ਹ/ਤਰਨ ਤਾਰਨ/ ਨਿਊਜ਼ ਡੈਸਕ :

ਪੰਜਾਬ ‘ਚ ਜ਼ਹਿਰਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹੋ ਗਈ ਹੈ। ਸ਼ਨਿਚਰਵਾਰ ਨੂੰ 41 ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 37 ਤਰਨਤਾਰਨ, ਇਕ ਅੰਮਿ੍ਤਸਰ ਤੇ ਤਿੰਨ ਬਟਾਲਾ ਦੇ ਰਹਿਣ ਵਾਲੇ ਸਨ।

ਇਸ ਮਾਮਲੇ ‘ਚ ਪੰਜਾਬ ਸਰਕਾਰ ਨੇ ਲਾਪਰਵਾਹੀ ਵਰਤਣ ਵਾਲੇ ਸੱਤ ਐਕਸਾਈਜ਼ ਤੇ ਛੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਉੱਥੇ ਪੰਜਾਬ ਪੁਲਿਸ ਨੇ ਸ਼ਨਿਚਰਵਾਰ ਨੂੰ ਸੂਬੇ ‘ਚ ਕਰੀਬ 100 ਥਾਵਾਂ ‘ਤੇ ਛਾਪੇਮਾਰੀ ਕਰ ਕੇ ਜ਼ਹਿਰੀਲੀ ਸ਼ਰਾਬ ਲਈ ਅਲਕੋਹਲ ਸਪਲਾਈ ਵਾਲੇ ਨੈੱਟਵਰਕ ਨੂੰ ਉਜਾਗਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਰਾਬ ਬਣਾਉਣ ਲਈ ਅਲਕੋਹਲ ਜ਼ਿਲ੍ਹਾ ਪਟਿਆਲਾ ਦੇ ਢਾਬਿਆਂ ਤੋਂ ਤਰਨਤਾਰਨ ਪਹੁੰਚਾਈ ਜਾਂਦੀ ਸੀ। ਪਟਿਆਲਾ ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਹੈ । ਪੁਲਿਸ ਵੱਲੋਂ ਤਿੰਨ ਢਾਬਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪਟਿਆਲਾ, ਅੰਮਿ੍ਤਸਰ, ਗੁਰਦਾਸਪੁਰ ਤੇ ਤਰਨਤਾਰਨ ‘ਚ ਛਾਪੇਮਾਰੀ ਕਰ ਕੇ ਕੁਲ 17 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁੱਖ ਮੁਲਜ਼ਮਾਂ ‘ਚ ਬਟਾਲੇ ਦੀ ਮਹਿਲਾ ਕਿੰਗਪਿਨ ਦਰਸ਼ਨ ਰਾਣੀ ਉਰਫ਼ ਫ਼ੌਜਣ ਅਤੇ ਜੰਡਿਆਲਾ ਦੇ ਰਹਿਣ ਵਾਲੇ ਮਾਸਟਰਮਾਈਂਡ ਗੋਬਿੰਦਬੀਰ ਸਿੰਘ ਉਰਫ਼ ਗੋਬਿੰਦਾ ਸ਼ਾਮਲ ਹਨ। ਗੋਬਿੰਦਾ ਤਰਨਤਾਰਨ ਤੋਂ ਅੰਮਿ੍ਤਸਰ ਪੇਂਡੂ ਇਲਾਕੇ ‘ਚ ਸ਼ਰਾਬ ਸਪਲਾਈ ਕਰ ਰਿਹਾ ਸੀ। ਤਰਨਤਾਰਨ ਪੁਲਿਸ ਨੂੰ ਲੋੜੀਂਦਾ ਆਜ਼ਾਦ ਟਰਾਂਸਪੋਰਟ ਦੇ ਮਾਲਕ ਪ੍ਰੇਮ ਸਿੰਘ ਤੇ ਭਿੰਦਾ ਨੂੰ ਵੀ ਰਾਜਪੁਰਾ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਨਕਲੀ ਸ਼ਰਾਬ ਬਣਾਉਣ ਲਈ ਸ਼ਰਾਬ ਫੈਕਟਰੀਆਂ ਨੂੰ ਜਾਣ ਵਾਲੇ ਅਲਕੋਹਲ ਤੇ ਸਪਿਰਟ ਨੂੰ ਜ਼ਿਲ੍ਹਾ ਪਟਿਆਲਾ ਦੇ ਢਾਬਿਆਂ ‘ਤੇ ਉਤਾਰਿਆ ਜਾਂਦਾ ਸੀ। ਇਸ ਤੋਂ ਬਾਅਦ ਅੰਮਿ੍ਤਸਰ ਤੇ ਤਰਨਤਾਰਨ ‘ਚ ਇਸ ਦੀ ਸਪਲਾਈ ਕੀਤੀ ਜਾਂਦੀ ਸੀ। ਬਨੂੜ ਨੇੜੇ ਪਿਛਲੇ ਦਿਨੀਂ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ ‘ਚ ਦੋਸ਼ੀ ਭਿੰਦਾ ਤੇ ਬਨੂੜ ਨੇੜੇ ਸਥਿਤ ਥੂਹਾ ਦੇ ਰਹਿਣ ਵਾਲੇ ਬਿੱਟੂ ਇਸ ਕੰਮ ‘ਚ ਸ਼ਾਮਲ ਸਨ। ਉਹ ਹੀ ਤਰਨਤਾਰਨ ਤੇ ਆਸਪਾਸ ਦੇ ਖੇਤਰਾਂ ‘ਚ ਸਪਲਾਈ ਦਿੰਦੇ ਸਨ।

ਓਧਰ ਇਸ ਘਟਨਾ ਤੋਂ ਬਾਅਦ ਕੈਪਟਨ ਸਰਕਾਰ ਮੁੜ ਤੋਂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਕੈਪਟਨ ਸਰਕਾਰ ਦੀ ਨਲਾਇਕੀ ਦੱਸਿਆ ਹੈ । ਸੁਖਬੀਰ ਨੇ ਇਹਨਾਂ ਸਾਰੀਆਂ ਮੌਤਾਂ ਲਈ ਕੈਪਟਨ ਨੂੰ ਜ਼ਿੰਮੇਵਾਰ ਦੱਸਿਆ । ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ਮ੍ਰਿਤਕਾਂ ਨੂੰ ਪੰਜਾਬ ਸਰਕਾਰ 25-25 ਲੱਖ ਰੁਪਏ ਮੁਆਵਜ਼ਾ ਦੇਵੇ ।

ਫਿਲਹਾਲ ਇਹ ਮਾਮਲਾ ਹੁਣ ਸਿਆਸੀ ਰੰਗਤ ਲੈਂਦਾ ਨਜ਼ਰ ਆ ਰਿਹਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਕਰੀਬ 3 ਮਹੀਨੇ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਫੜੀਆਂ ਗਈਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਬਾਰੇ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ । ਜੇਕਰ ਕੋਈ ਠੋਸ ਕਦਮ ਚੁੱਕਿਆ ਹੁੰਦਾ ਹੈ ਸ਼ਾਇਦ ਇਹ ਦੁਖਾਂਤ ਨਾ ਵਾਪਰਦਾ ।

Related News

ਮਾਸਕ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਵੈਸਟਮਿੰਸਟਰ ਕੈਫੇ ਨੂੰ ਬਣਾਇਆ ਨਿਸ਼ਾਨਾ

Rajneet Kaur

ਕੇਅਰ ਹੋਮਜ਼ ‘ਚ ਅਪਣੇ ਅਜ਼ੀਜ਼ਾਂ ਨੂੰ ਮਿਲਣਾ ਜਲਦੀ ਹੀ ਹੋਵੇਗਾ ਸੰਭਵ: ਡਾ ਬੋਨੀ ਹੈਨਰੀ

Rajneet Kaur

ਸ਼ਰਧਾਲੂਆਂ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਸ਼ਰਧਾਲੂ ਹੁਣ 2021 ‘ਚ ਕਰ ਸਕਣਗੇ ਦਰਸ਼ਨ

Vivek Sharma

Leave a Comment