channel punjabi
News

BIG NEWS : ਕੈਪਟਨ ਨੇ ਸਿੱਧੂ ਨੂੰ ਵਿਖਾਇਆ ਬਾਹਰ ਦਾ ਰਸਤਾ : ‘ਸਿੱਧੂ ਜੇਕਰ ਪਾਰਟੀ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਜਾ ਸਕਦਾ ਹੈ’ : ਕੈਪਟਨ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਮੰਗਲਵਾਰ ਨੂੰ ਉਹ ਧਮਾਕਾ ਹੋ ਗਿਆ, ਜਿਸਦੀ ਵਿਰੋਧੀ ਪਾਰਟੀਆਂ ਪਿਛਲੇ ਕਰੀਬ ਦੋ ਸਾਲਾਂ ਤੋਂ ਉਡੀਕ ਵਿੱਚ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਹਿਲੀ ਵਾਰ ਨਵਜੋਤ ਸਿੱਧੂ ਖ਼ਿਲਾਫ਼ ਜੰਮ ਕੇ ਭੜਾਸ ਕੱਢੀ । ਇੱਕ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ । ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਕੀਤੇ ਜਾ ਰਹੇ ਜ਼ੁਬਾਨੀ-ਬਿਆਨੀ ਹਮਲਿਆਂ ਤੋਂ ਬੁਰੀ ਤਰ੍ਹਾਂ ਖ਼ਫ਼ਾ ਕੈਪਟਨ ਨੇ ਕਿਹਾ ਕਿ, ‘ਨਵਜੋਤ ਸਿੰਘ ਸਿੱਧੂ ਜੇਕਰ ਪਾਰਟੀ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਜਾ ਸਕਦਾ ਹੈ । ਸਿੱਧੂ ਦਾ ਇਸ ਸਮੇਂ ਕੋਈ ਏਜੰਡਾ ਨਹੀਂ ਹੈ, ਉਹ ਸਿਰਫ਼ ਮੇਰੇ ਤੇ ਅਟੈਕ ਕਰ ਰਿਹਾ ਹੈ, ਇਹ ਪਾਰਟੀ ਨਿਯਮਾਂ ਦੇ ਵਿਰੁੱਧ ਹੈ, ਇਹ ਅਨੁਸ਼ਾਸਨਹੀਣਤਾ ਹੈ।’

ਦਰਅਸਲ ਨਵਜੋਤ ਸਿੰਘ ਸਿੱਧੂ ਵੱਲੋਂ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਅਤੇ ‘ਸਿੱਟ’ ਸਬੰਧੀ ਹਾਈਕੋਰਟ ਦੇ ਆਏ ਫੈਸਲੇ ਤੋਂ ਬਾਅਦ, ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸ਼ਬਦੀ ਹਮਲੇ ਕੀਤੇ ਜਾ ਰਹੇ ਸਨ, ਜਿਸ ਤੋਂ ਅੱਕੇ ਮੁੱਖ ਮੰਤਰੀ ਨੇ ਅੱਜ ਆਪਣੇ ਦਿਲ ਦੀਆਂ ਗੱਲਾਂ ਕਹਿ ਹੀ ਦਿੱਤੀਆਂ।

ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿਸ ਪਾਰਟੀ ਵਿੱਚ ਹੈ, ਜੇਕਰ ਉਹ ਕਾਂਗਰਸ ਵਿੱਚ ਹੈ ਤਾਂ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰੇ। ਉਨ੍ਹਾਂ ਕਿਹਾ ਕਿ ਸਿੱਧੂ ਪਹਿਲਾਂ ਇਹ ਸਪੱਸ਼ਟ ਕਰੇ ਉਹ ਜਾਣਾ ਕਿਸ ਪਾਰਟੀ ’ਚ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਗਾਲ੍ਹਾਂ ਕੱਢ ਕੇ ਨਿਕਲਿਆ ਹੈ, ਬੀਜੇਪੀ ਨੇ ਇਸ ਨੂੰ ਲੈਣਾ ਨਹੀਂ ਜਦਕਿ ਅਕਾਲੀ ਦਲ ਸਿੱਧੂ ਤੋਂ ਉਂਝ ਹੀ ਔਖਾ ਹੈ, ਫਿਰ ਇਹ ਜਾਵੇਗਾ ਕਿਸ ਪਾਰਟੀ ’ਚ, ਆਮ ਆਦਮੀ ਪਾਰਟੀ ਵਿੱਚ !

ਕੈਪਟਨ ਨੇ ਇਹ ਵੀ ਸਾਫ਼ ਕੀਤਾ ਕਿ ਨਾਂ ਤਾਂ ਸਿੱਧੂ ਨੂੰ ਉਪ-ਮੁੱਖ ਮੰਤਰੀ ਬਣਾਇਆ ਜਾਵੇਗਾ ਅਤੇ ਨਾ ਹੀ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਦਿੱਤਾ ਜਾਵੇਗਾ । ਕੈਪਟਨ ਨੇ ਆਪਣਾ ਤਰਕ ਰੱਖਦਿਆਂ ਕਿਹਾ ਕਿ ਮੇਰੇ ਸਾਰੇ ਕੈਬਨਿਟ ਮੰਤਰੀ ਉਸ ਤੋਂ ਸੀਨੀਅਰ ਹਨ, ਫਿਰ ਸਿਰਫ਼ ਚਾਰ ਸਾਲ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਨਵਜੋਤ ਸਿੱਧੂ ਨੂੰ ਕੋਈ ਖ਼ਾਸ ਅਹੁਦਾ ਕਿਵੇਂ ਦਿੱਤਾ ਜਾ ਸਕਦਾ ਹੈ । ਸਿਰਫ਼ ਚੰਗਾ ਬੁਲਾਰਾ ਹੋਣਾ ਹੀ ਸਭ ਕੁਝ ਨਹੀਂ ਹੈ। ਕੈਪਟਨ ਨੇ ਕਿਹਾ ਕਿ ਫ਼ੈਸਲਾ ਬੇਸ਼ੱਕ ਹਾਈਕਮਾਂਡ ਨੇ ਕਰਨਾ ਹੈ, ਪਰ ਮੇਰੀ ਨਿੱਜੀ ਰਾਏ ਇਹ ਹੀ ਹੈ ਕਿ ਉਸ ਨੂੰ ਕੋਈ ਵੀ ਵੱਡਾ ਅਹੁਦਾ ਨਹੀਂ ਦਿੱਤਾ ਜਾਣਾ ਚਾਹੀਦਾ ।

ਨਵਜੋਤ ਸਿੰਘ ਸਿੱਧੂ ਦੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਡੀਆ ਦੀਆਂ ਸੁਰਖੀਆਂ ਬਣੇ ਰਹਿਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ, ‘ਸ਼ਾਇਦ ਹੁਣ ਮੀਡੀਆ ਵੀ ਉਸ ਤੋਂ ਅੱਕ ਚੁੱਕਾ ਹੈ, ਕਿਉਂਕਿ ਉਹ ਰੋਜ਼ ਆਪਣੇ ਹੀ ਮੁੱਖ ਮੰਤਰੀ ‘ਤੇ ਹਮਲੇ ਕਰ ਰਿਹਾ ਹੈ।’

ਕੈਪਟਨ ਨੇ ਸੰਭਾਵਨਾ ਜਤਾਈ ਕਿ ਨਵਜੋਤ ਸਿੱਧੂ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਧਾਇਕ ਆਪਣੇ ਹੀ ਮੁੱਖ ਮੰਤਰੀ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਪਾਰਟੀ ਛੱਡਣਾ ਚਾਹੁੰਦਾ ਹੈ।

ਨਵਜੋਤ ਸਿੱਧੂ ਜੋੜੇ ਦੇ ਪਟਿਆਲਾ ਵਿੱਚ ਸਰਗਰਮ ਹੋਣ ਬਾਰੇ
ਪੁੱਛੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜਨੀ ਚਾਹੁੰਦਾ ਹੈ ਤਾਂ ਸ਼ੌਂਕ ਨਾਲ ਲੜੇ ਪਰ ਪਿਛਲੀਆਂ ਚੋਣਾਂ ਵਿਚ ਜਿਹੜਾ ਹਾਲ ਜੇ. ਜੇ. ਸਿੰਘ ਦਾ ਹੋਇਆ ਸੀ ਉਹ ਨਾ ਭੁੱਲੇ, ਜੇ.ਜੇ. ਸਿੰਘ ਵਾਂਗ ਉਸ ਦੀ ਵੀ ਜ਼ਮਾਨਤ ਜ਼ਬਤ ਹੋ ਜਾਵੇਗੀ।

ਉਧਰ ਨਵਜੋਤ ਸਿੰਘ ਸਿੱਧੂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੰਟਰਵਿਊ ਨਸ਼ਰ ਹੋਣ ਤੋਂ ਬਾਅਦ ਇੱਕ ਦੋ ਬਾਅਦ ਇੱਕ ਦੋ ਪ੍ਰਤੀਕਿਰਿਆਵਾਂ ਦਿੱਤੀਆਂ ।

ਆਪਣੇ ਪਹਿਲੇ ਟਵੀਟ ਵਿੱਚ ਸਿੱਧੂ ਨੇ ਲਿਖਿਆ,

“ਪੰਜਾਬ ਦੇ ਅੰਤਹਕਰਣ ਨੂੰ ਖੋਰਾ ਲਾਉਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਣਗੀਆਂ … ਮੇਰੀ ਆਤਮਾ ਪੰਜਾਬ ਹੈ ਅਤੇ ਪੰਜਾਬ ਦੀ ਰੂਹ ਗੁਰੂ ਗਰੰਥ ਸਾਹਿਬ ਜੀ ਹੈ … ਸਾਡੀ ਲੜਾਈ ਇਨਸਾਫ ਲਈ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈ । ਇਸ ਸੰਦਰਭ ਵਿੱਚ ਇੱਕ ਅਸੈਂਬਲੀ ਸੀਟ ਤਾਂ ਵਿਚਾਰਨ ਯੋਗ ਵੀ ਨਹੀਂ ਹੈ।”

ਇਸ ਤੋਂ ਕਰੀਬ ਇਕ ਘੰਟਾ ਬਾਅਦ ਸਿੱਧੂ ਨੇ ਇੱਕ ਹੋਰ ਤਿੱਖਾ ਟਵੀਟ ਕੀਤਾ ਅਤੇ ਆਪਣੇ ਇਰਾਦੇ ਜ਼ਾਹਰ ਕਰਦਿਆਂ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਮੰਗ ਤੋਂ ਪਿੱਛੇ ਨਹੀ ਹਟਣਗੇ।
ਸਿੱਧੂ ਨੇ ਲਿਖਿਆ,
“ਆਪ ਨਾ ਇਧਰ ਉਧਰ ਕੀ ਬਾਤ ਕਰੇਂ, ਬਤਾਏਂ .. ਕਿ ਗੁਰੂ ਸਾਹਿਬ ਕੀ ਬੇਅਦਬੀ ਕਾ ਇੰਸਾਫ਼ ਕਿਉਂ ਨਹੀਂ ਮਿਲਾ…
ਨੇਤ੍ਰਿਤਵ ਪੇ ਸਵਾਲ ਹੈ ?
ਮੰਸ਼ਾ ਪੇ ਬਵਾਲ ਹੈ !!

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜਾਰੀ ਸ਼ਬਦੀ ਬਿਆਨਬਾਜ਼ੀ ਤੋਂ ਸਾਫ਼ ਹੈ ਕਿ ਆਉਂਦੇ ਦਿਨਾਂ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋ ਸਕਦਾ ਹੈ । ਸ਼ਾਇਦ ਨਵਜੋਤ ਸਿੱਧੂ ਦੇ ਸਿਆਸੀ ਭਵਿੱਖ ਦੀ ਤਸਵੀਰ ਵੀ ਜਲਦੀ ਹੀ ਸਾਫ਼ ਹੋਣ ਵਾਲੀ ਹੈ। ਵੈਸੈ ਅੱਜ ਦੀ ਬਿਆਨਬਾਜ਼ੀ ਤੋਂ ਬਾਅਦ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ।

ਹਮ ਅਲਫਾ਼ਜੋਂ ਕੋ ਢੂੰਡਤੇ ਰਹਿ ਗਏ ।
ਔਰ ਵੋਹ ਆਂਖੋਂ ਸੇ ਗ਼ਜ਼ਲ ਕਹਿ ਗਏ।।

(ਵਿਵੇਕ ਸ਼ਰਮਾ)

Related News

ਗ੍ਰੀਨ ਕਾਰਡ ਦੇ ਮੁੱਦੇ ‘ਤੇ ਅਮਰੀਕਾ ਦੀਆਂ ਸੜਕਾਂ ‘ਤੇ ਉਤਰੇ ਭਾਰਤੀ-ਅਮਰੀਕੀ ਡਾਕਟਰ

Vivek Sharma

ਉੱਤਰੀ ਵੈਨਕੂਵਰ ਦੀ ਲਾਇਬ੍ਰੇਰੀ ਦੇ ਨੇੜੇ ਚਾਕੂ ਮਾਰਨ ਦੇ ਮਾਮਲੇ ਵਿਚ ਇਕ 28 ਸਾਲਾ ਵਿਅਕਤੀ ਗ੍ਰਿਫਤਾਰ

Rajneet Kaur

ਅਮਰੀਕੀ ਰਾਸ਼ਟਰਪਤੀ ਚੋਣਾਂ : ਚੋਣ ਦੰਗਲ ਵਿੱਚ ਇੱਕ ਦੂਜੇ ਨੂੰ ਪਟਖਣੀ ਦੇਣ ਲਈ ਟਰੰਪ ਅਤੇ ਬਿਡੇਨ ਨੇ ਲਾਇਆ ਜੋ਼ਰ

Vivek Sharma

Leave a Comment