channel punjabi
International News

ਪਾਕਿਸਤਾਨ ਨੇ ਫਿਰ ਮਾਰੀ ਗੁਲਾਟੀ, ਭਾਰਤ ਨਾਲ ਮੁੜ ਵਪਾਰ ਸ਼ੁਰੂ ਕਰਨ ਦੇ ਫ਼ੈਸਲੇ ਨੂੰ ਕੀਤਾ ਰੱਦ : ਕੁਰੈਸ਼ੀ ਨੇ ਕਿਹਾ 2019 ਦਾ ਫ਼ੈਸਲਾ ਪਲਟੇ ਭਾਰਤ ਸਰਕਾਰ

ਇਸਲਾਮਾਬਾਦ/ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੜ ਤੋਂ ਵਪਾਰ ਸ਼ੁਰੂ ਕਰਨ ਨੂੰ ਲੈ ਕੇ ਬਣੀ ਸਹਿਮਤੀ ਸਿਰਫ ਇੱਕ ਦਿਨ ਵਿੱਚ ਹੀ ਖੇਰੂੰ-ਖੇਰੂੰ ਹੋ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਂ ਨੇ ਆਪਣੇ ਕੁਝ ਘੰਟਿਆਂ ਪਹਿਲਾਂ ਕੀਤੇ ਗਏ ਐਲਾਨ ਨੂੰ ਵਿਰੋਧੀ ਧਿਰਾਂ ਵੱਲੋਂ ਸਖ਼ਤ ਇਤਰਾਜ਼ ਚੁੱਕੇ ਜਾਣ ਤੋਂ ਬਾਅਦ ਰੱਦ ਕਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਇਸ ਸਬੰਧ ਵਿੱਚ ਹੋਏ ਤਾਜ਼ਾ ਫੈਸਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਕੈਬਨਿਟ ਨੇ 1 ਅਪ੍ਰੈਲ ਨੂੰ ਗੁਆਂਢੀ ਦੇਸ਼ ਭਾਰਤ ਨਾਲ ਅੰਸ਼ਿਕ ਵਪਾਰ ਮੁੜ ਸ਼ੁਰੂ ਕਰਨ ਦੀ ਆਗਿਆ ਦੇਣ ਬਾਰੇ ਪਿਛਲੇ ਦਿਨ ਜਾਰੀ ਕੀਤੇ ਗਏ ਆਪਣੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ।

ਦਰਅਸਲ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਵਲੋਂ 31 ਮਾਰਚ ਨੂੰ ਭਾਰਤ ਤੋਂ ਕਪਾਹ ਅਤੇ ਚੀਨੀ ਦੀ ਦਰਾਮਦ ‘ਤੇ ਕਰੀਬ ਦੋ ਸਾਲ ਪੁਰਾਣੀ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਫੈਸਲੇ ਦੀ ਪਾਕਿਸਤਾਨ ਦੀ ਵਿਰੋਧੀ ਪਾਰਟੀਆਂ ਨੇ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਸੰਸਦ ਦੀ ਮਨਜ਼ੂਰੀ ਤੋਂ ਬਗ਼ੈਰ ਕੰਮ ਕੀਤਾ ਹੈ ਅਤੇ ਕਸ਼ਮੀਰ ਮਸਲੇ ਦਾ ਹੱਲ ਕੀਤੇ ਬਗੈਰ ਨਵੀਂ ਦਿੱਲੀ ਨਾਲ ਸੰਬੰਧ ਸਾਧਾਰਣ ਨਹੀਂ ਹੋਣੇ ਚਾਹੀਦੇ।

ਕੁਝ ਘੰਟਿਆਂ ਵਿੱਚ ਆਪਣੇ ਹੀ ਫੈਸਲੇ ਦਾ ਉਲਟਾਵਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੀ ਕਮਜ਼ੋਰੀ ਨੂੰ ਵੀ ਦਰਸਾਉਂਦਾ ਹੈ, ਜਿਹੜੀ ਸੈਨਾ ਦੇ ਦਬਾਅ ਅਧੀਨ ਕੰਮ‌ ਕਰ ਰਹੀ ਹੈ।

ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੂਰੇ ਮਾਮਲੇ ਬਾਰੇ ਕਿਹਾ ਕਿ ਪੀਐਮ ਖਾਨ ਦੀ ਪ੍ਰਧਾਨਗੀ ਵਿਚ 1 ਅਪ੍ਰੈਲ ਨੂੰ ਕੈਬਨਿਟ ਦੀ ਬੈਠਕ ਵਿਚ ਇਹ ਸਿੱਟਾ ਕੱਢਿਆ ਗਿਆ ਕਿ ਭਾਰਤ ਦੇ ਨਾਲ ਵਪਾਰ ਉਦੋਂ ਤਕ ਰੁਕਿਆ ਰਹੇਗਾ ਜਦੋਂ ਤਕ ਨਵੀਂ ਦਿੱਲੀ 2019 ਦੇ ਫੈਸਲੇ ਨੂੰ ਉਲਟਾ ਨਹੀਂ ਲੈਂਦੀ, ਜਿਸ ਦੇ ਤਹਿਤ ਕਸ਼ਮੀਰ ਦੇ ਭਾਰਤੀ-ਨਿਯੰਤਰਿਤ ਵਾਲੇ ਹਿੱਸੇ ਨੂੰ ਆਪਣਾ ਰਾਜ ਰਾਜ ਵਿੱਚ ਰਲਾ ਕੇ ਵਿਸ਼ੇਸ਼ ਸੰਵਿਧਾਨਕ ਰੁਤਬਾ ਖੋਹ ਲਿਆ ਗਿਆ ਸੀ।

ਕੁਰੈਸ਼ੀ ਨੇ ਕਿਹਾ ਕਿ ਵਪਾਰਕ ਪਾਬੰਦੀਆਂ ਹਟਾਉਣ ਨਾਲ ਭਾਰਤ ਨਾਲ ਸਾਰੇ ਸੰਬੰਧ ਸਧਾਰਣ ਕਰਨ ਬਾਰੇ ਗੁੰਮਰਾਹਕੁੰਨ ਪ੍ਰਭਾਵ ਪੈਦਾ ਹੋਇਆ ਸੀ, ਜਿਸ ਤੋਂ ਬਾਅਦ ਕੈਬਨਿਟ ਨੇ ਇਹ ਫ਼ੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿੱਤ ਮੰਤਰੀ ਹਾਮਦ ਅਜ਼ਹਰ ਨੇ 31 ਮਾਰਚ ਨੂੰ ਘੋਸ਼ਣਾ ਕੀਤੀ ਸੀ ਕਿ ਸਰਕਾਰ ਆਰਥਿਕ ਤਾਲਮੇਲ ਪ੍ਰੀਸ਼ਦ ਦੇ ਇੱਕ ਫੈਸਲੇ ਤੋਂ ਬਾਅਦ ਭਾਰਤ ਤੋਂ ਕਪਾਹ ਅਤੇ 0.5 ਟਨ ਚੀਨੀ ਦੀ ਦਰਾਮਦ ਦੀ ਇਜਾਜ਼ਤ ਦੇਵੇਗੀ।

ਦੱਸ ਦਈਏ ਕਿ ਪਾਕਿਸਤਾਨ ਵਿੱਚ ਚੀਨੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ । ਪਾਕਿਸਤਾਨ ਦੇ ਖੁੱਲੇ ਬਾਜ਼ਾਰ ਵਿੱਚ ਚੀਨੀ 96 ਰੁਪਏ (ਪਾਕਿਸਤਾਨੀ ਰੁਪਏ) ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਸੁਧਰਨ ਦਰਮਿਆਨ ਕਸ਼ਮੀਰ ਮੁੱਦਾ ਹਮੇਸ਼ਾ ਅੜਿੱਕਾ ਬਣਦਾ ਰਿਹਾ ਹੈ ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਉਧਰ ਪਾਕਿਸਤਾਨ ਮਾਮਲਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਸਰਕਾਰ ‘ਤੇ ਚੀਨ ਦੇ ਦਬਾਅ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ-ਪਾਕਿਸਤਾਨ ਦੇ ਸਬੰਧ ਸੁਧਰਨ ਵਿੱਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਚੀਨ ਨੂੰ ਹੀ ਹੋਵੇਗੀ । ਵੈਸੇ ਵੀ ਪਾਕਿਸਤਾਨ ਸਰਕਾਰ ਜ਼ਬਰਦਸਤ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੀ ਹੈ ਅਜਿਹੇ ਵਿੱਚ ਉਹ ਚੀਨ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਇਸੇ ਦੇ ਚਲਦਿਆਂ ਹੀ ਉਸਨੂੰ ਆਪਣਾ ਫੈਸਲਾ ਪਲਟਣਾ ਪਿਆ ਹੈ।

Related News

ਪੰਜ ਹੋਰ ਵੈਨਕੂਵਰ ਕੈਨਕਸ ਖਿਡਾਰੀ NHL ਦੀ ਕੋਵਿਡ 19 ਪ੍ਰੋਟੋਕੋਲ ਸੂਚੀ ਵਿੱਚ ਦਾਖਲ

Rajneet Kaur

ਓਟਾਵਾ ਪਬਲਿਕ ਲਾਇਬ੍ਰੇਰੀ ਨੇ ਸ਼ੱਕੀ “ਸਵੈਟਿੰਗ” ਕਾਲ ਤੋਂ ਬਾਅਦ ਆਪਣੀਆਂ ਸ਼ਾਖਾਵਾਂ ਨੂੰ ਖੋਲ੍ਹਿਆ ਦੁਬਾਰਾ

Rajneet Kaur

WE ਸਮਝੌਤਾ : ਵਿਵਾਦਾਂ ਵਿੱਚ ਘਿਰੀ ਟਰੂਡੋ ਸਰਕਾਰ, ਜੂਨੀਅਰ ਮੰਤਰੀ ਬਰਦੀਸ਼ ਚੱਗਰ ਨੂੰ ਬਣਾ ਸਕਦੀ ਹੈ ਬਲੀ ਦਾ ਬਕਰਾ

Vivek Sharma

Leave a Comment