channel punjabi
International News

BIG NEWS : ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ ਪੁੱਜਿਆ ਭਾਰਤ, ਭਾਰਤੀ ਹਵਾਈ ਸੈਨਾ ਦੀ ਤਾਕਤ ‘ਚ ਹੋਇਆ ਵਾਧਾ

ਨਵੀਂ ਦਿੱਲੀ/ਜਾਮ ਨਗਰ : ਪਿਛਲੇ ਕਰੀਬ 8 ਮਹੀਨਿਆਂ ਤੋਂ ਲਗਾਤਾਰ ਸੁਰਖੀਆਂ ‘ਚ ਰਹੇ ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ ਬੁੱਧਵਾਰ ਨੂੰ ਫਰਾਂਸ ਤੋਂ ਭਾਰਤ ਪਹੁੰਚਿਆ। ਬੁੱਧਵਾਰ ਦੇਰ ਰਾਤੀ (ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ) ਰਾਫੇਲ ਬੇੜੇ ਦੇ 3 ਲੜਾਕੂ ਜਹਾਜ਼ ਗੁਜਰਾਤ ਦੇ ਜਾਮਨਗਰ ਬੇਸ ‘ਤੇ ਲੈਂਡ ਕਰਦੇ ਹੀ ਭਾਰਤੀ ਹਵਾਈ ਸੈਨਾ ਦੀ ਤਾਕਤ ਵਿਚ ਚੋਖਾ ਵਾਧਾ ਹੋ ਗਿਆ। ਖਾਸ ਗੱਲ ਇਹ ਰਹੀ ਕਿ ਫ਼ਰਾਂਸ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਤਿੰਨੇਂ ਰਾਫੇਲ ਲੜਾਕੂ ਜਹਾਜ਼ ਬਿਨਾਂ ਕਿਤੇ ਰੁਕੇ ਸਿੱਧੇ ਭਾਰਤ ਪਹੁੰਚੇ।

ਕਰੀਬ 7000 ਕਿਲੋਮੀਟਰ ਦੀ ਸਿੱਧੀ ਉਡਾਣ ਤੋਂ ਬਾਅਦ ਭਾਰਤੀ ਹਵਾਈ ਸੈਨਾ ਦਾ ਰਾਫੇਲ ਬੇੜਾ ਭਾਰਤ ਪਹੁੰਚਿਆ। ਰਾਹ ਵਿੱਚ ਯੂ.ਏ.ਈ. ਦੇ ਸਹਿਯੋਗ ਨਾਲ ਇਹਨਾਂ ਲੜਾਕੂ ਜਹਾਜ਼ਾਂ ਨੂੰ ਏਅਰ ਟੁ ਏਅਰ ਰਿਫਿਊਲ ਕੀਤਾ ਗਿਆ ਭਾਵ ਇਨ੍ਹਾਂ ਲੜਾਕੂ ਜ਼ਹਾਜ਼ਾਂ ਨੇ ਹਵਾ ਵਿੱਚ ਹੀ ਤੇਲ ਭਰਿਆ ਅਤੇ ਆਪਣਾ ਸਫ਼ਰ ਲਗਾਤਾਰ ਜਾਰੀ ਰੱਖਿਆ । ਭਾਰਤੀ ਹਵਾਈ ਸੈਨਾ ਨੇ ਇਕ ਬਿਆਨ ਵਿਚ ਕਿਹਾ, “ਇਹ ਦੋਵਾਂ ਦੇਸ਼ਾਂ ਦੀ ਹਵਾਈ ਫੌਜਾਂ ਵਿਚਾਲੇ ਮਜ਼ਬੂਤ ਸੰਬੰਧਾਂ ਵਿਚ ਇਕ ਹੋਰ ਮੀਲ ਪੱਥਰ ਹੈ।”

ਇਹਨਾਂ ਤਿੰਨ ਲੜਾਕੂ ਜਹਾਜ਼ਾਂ ਦੇ ਭਾਰਤ ਪਹੁੰਚਣ ਤੋਂ ਬਾਅਦ ਭਾਰਤੀ ਹਵਾਈ ਸੈਨਾ ਕੋਲ ਹੁਣ 14 ਰਾਫੇਲ ਹੋ ਗਏ ਹਨ। 11 ਰਾਫੇਲ ਤਿੰਨ ਬੈਂਚ ਵਿੱਚ ਪਹਿਲਾਂ ਹੀ ਫਰਾਂਸ ਤੋਂ ਭਾਰਤ ਪਹੁੰਚ ਚੁੱਕੇ ਹਨ । ਸੂਤਰਾਂ ਅਨੁਸਾਰ ਅਗਲੇ 2 ਜਾਂ 3 ਹਫ਼ਤਿਆਂ ਵਿੱਚ 7 ਹੋਰ ਰਾਫੇਲ ਭਾਰਤ ਪਹੁੰਚ ਸਕਦੇ ਹਨ । ਇਸੇ ਦੌਰਾਨ ਰਾਫੇਲ ਦਾ ਇੱਕ ਟ੍ਰੇਨਰ ਵਰਜਨ ਵੀ ਭਾਰਤ ਪਹੁੰਚੇਗਾ ।

ਦੱਸਣਯੋਗ ਹੈ ਕਿ ਭਾਰਤ ਨੇ ਫਰਾਂਸ ਨਾਲ 59,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਜਹਾਜ਼ ਖਰੀਦਣ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ 29 ਜੁਲਾਈ 2020 ਨੂੰ ਭਾਰਤ ਆਇਆ ਸੀ । ਬੇੜੇ ਦੇ ਭਾਰਤੀ ਹਵਾਈ ਸੈਨਾ ਵਿਚ ਰਸਮੀ ਸ਼ਾਮਲ ਕਰਨ ਦੀ ਰਸਮ ਬੀਤੀ 10 ਸਤੰਬਰ ਨੂੰ ਅੰਬਾਲਾ ਵਿਖੇ ਹੋਈ ਸੀ। ਤਿੰਨ ਰਾਫੇਲ ਜਹਾਜ਼ਾਂ ਦਾ ਦੂਜਾ ਜਥਾ 3 ਨਵੰਬਰ ਨੂੰ ਭਾਰਤ ਆਇਆ ਜਦੋਂ ਕਿ ਤਿੰਨ ਹੋਰ ਜੈੱਟਾਂ ਦਾ ਤੀਸਰਾ ਜੱਥਾ 27 ਜਨਵਰੀ ਨੂੰ ਆਈਏਐਫ ਵਿੱਚ ਸ਼ਾਮਲ ਹੋਇਆ। ਰਾਫੇਲ ਦਾ ਪਹਿਲਾ ਸਕੁਐਡਰਨ ਅੰਬਾਲਾ ਏਅਰ ਫੋਰਸ ਸਟੇਸ਼ਨ ਵਿੱਚ ਸਥਿਤ ਹੈ।

ਭਾਰਤੀ ਹਵਾਈ ਸੈਨਾ ਅਪ੍ਰੈਲ ਦੇ ਅੱਧ ਵਿਚ ਰਾਫੇਲ ਲੜਾਕੂ ਜਹਾਜ਼ਾਂ ਦਾ ਦੂਜਾ ਸਕੁਐਡਰਨ ਉਭਾਰਨ ਲਈ ਤਿਆਰ ਹੈ ਅਤੇ ਫੌਜੀ ਅਧਿਕਾਰੀਆਂ ਦੇ ਅਨੁਸਾਰ, ਇਹ ਪੱਛਮੀ ਬੰਗਾਲ ਦੇ ਹਸੀਮਾਰਾ ਹਵਾਈ ਅੱਡੇ ‘ਤੇ ਅਧਾਰਤ ਹੋਵੇਗਾ।

ਅਗਲੇ ਕੁਝ ਮਹੀਨਿਆਂ ਵਿੱਚ ਭਾਰਤ ਨੂੰ ਫਰਾਂਸ ਤੋਂ ਹੋਰ ਰਾਫੇਲ ਜਹਾਜ਼ ਮਿਲਣ ਦੀ ਉਮੀਦ ਹੈ। ਫ੍ਰੈਂਚ ਏਰੋਸਪੇਸ ਪ੍ਰਮੁੱਖ ਦਸਾਲਟ ਐਵੀਏਸ਼ਨ ਦੁਆਰਾ ਨਿਰਮਿਤ ਰਾਫੇਲ ਜੈੱਟ, ਰੂਸ ਤੋਂ ਸੁਖੋਈ ਜਹਾਜ਼ਾਂ ਦੇ ਆਯਾਤ ਕੀਤੇ ਜਾਣ ਤੋਂ 23 ਸਾਲਾਂ ਬਾਅਦ ਲੜਾਕੂ ਜਹਾਜ਼ਾਂ ਦੀ ਭਾਰਤ ਦੀ ਪਹਿਲੀ ਵੱਡੀ ਪ੍ਰਾਪਤੀ ਹੈ। ਯੂਰਪੀ ਮਿਜ਼ਾਈਲ ਬਣਾਉਣ ਵਾਲੀ ਐਮਬੀਡੀਏ ਦੀ ਮੀਟੀਅਰ ਵਿਜ਼ੂਅਲ ਰੇਂਜ ਏਅਰ-ਟੂ-ਏਅਰ ਮਿਜ਼ਾਈਲ, ਸਕਾਲਪ ਕਰੂਜ਼ ਮਿਜ਼ਾਈਲ ਅਤੇ ਮੀਕਾ ਹਥਿਆਰ ਪ੍ਰਣਾਲੀ ਰਾਫੇਲ ਜਹਾਜ਼ਾਂ ਦੇ ਹਥਿਆਰਾਂ ਦੇ ਪੈਕੇਜ ਦਾ ਮੁੱਖ ਅਧਾਰ ਹੋਵੇਗੀ। ਰਾਫੇਲ ਜੈੱਟ ਬਹੁਤ ਸਾਰੇ ਸ਼ਕਤੀਸ਼ਾਲੀ ਹਥਿਆਰ ਲੈ ਜਾਣ ਦੇ ਸਮਰੱਥ ਹਨ। ਰਾਫੇਲ ਦੇ ਆਉਣ ਨਾਲ ਨਿਸ਼ਚਿਤ ਤੌਰ ਤੇ ਭਾਰਤੀ ਹਵਾਈ ਸੈਨਾ ਦੀ ਤਾਕਤ ਵਿਚ ਨਵੀਂ ਮਜਬੂਤੀ ਆ ਗਈ ਹੈ।

Related News

ਨੌਰਥਵੈਸਟਲ: 1 ਨਵੰਬਰ ਤੱਕ 7 ਕਮਿਊਨਿਟੀਆਂ ‘ਚ ਮਿਲੇਗਾ ਅਸੀਮਿਤ ਇੰਟਰਨੈਟ

Rajneet Kaur

ਬਰਨਬੀ ‘ਚ ਇੱਕ ਵਿਅਕਤੀ ‘ਤੇ ਚਾਕੂ ਨਾਲ ਹਮਲਾ

Rajneet Kaur

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਦੇਸ਼ਾਂ ਨੂੰ ਦਿੱਤੀ ਨਵੀਂ ਚਿਤਾਵਨੀ, ਇਕਜੁੱਟ ਹੋਣ ਦੀ ਕੀਤੀ ਅਪੀਲ

Vivek Sharma

Leave a Comment