channel punjabi
News

ਅਲਵਿਦਾ ਸਰਦੂਲ ਸਿਕੰਦਰ : ਸਰਦੂਲ ਸਿਕੰਦਰ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਕੀਤਾ ਸਪੁਰਦ-ਏ-ਖ਼ਾਕ, ਵੱਡੀ ਗਿਣਤੀ ਪ੍ਰਸ਼ੰਸਕ ਰਹੇ ਹਾਜ਼ਰ

ਖੰਨਾ/ਚੰਡੀਗੜ੍ਹ : ਸੁਰਾਂ ਦੇ ਸਿਕੰਦਰ ਮਰਹੂਮ ਸਰਦੂਲ ਸਿਕੰਦਰ ਨੂੰ ਵੀਰਵਾਰ ਦੇਰ ਸ਼ਾਮ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ। ਜਨਾਬ ਸਰਦੂਲ ਸਿਕੰਦਰ ਨੂੰ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਵੱਲੋਂ ਦਿੱਤੀ ਜ਼ਮੀਨ ’ਚ ਸ਼ਾਮ ਕਰੀਬ 7:19 ਵਜੇ ਅੰਤਿਮ ਵਿਦਾਇਗੀ ਦਿੱਤੀ ਗਈ। ਦੇਹ ਦੇ ਦਰਸ਼ਨ ਕਰਨ ਲਈ ਸਵੇਰ ਤੋਂ ਹੀ ਲੋਕ ਉਨ੍ਹਾਂ ਦੇ ਪਿੰਡ ਪੁੱਜਣੇ ਸ਼ੁਰੂ ਹੋ ਗਏ ਸਨ , ਪਰ ਦੇਹ ਪਿੰਡ ’ਚ ਕਰੀਬ 4 ਵਜੇ ਪਹੁੰਚੀ। ਇਸ ਦੌਰਾਨ ਉੱਘੇ ਗਾਇਕ ਤੇ ਸੰਸਦ ਮੈਂਬਰ ਹੰਸ ਰਾਜ ਹੰਸ, ਮੁਹੰਮਦ ਸਦੀਕ, ਭਗਵੰਤ ਮਾਨ, ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ, ਬੱਬੂ ਮਾਨ, ਗੁਰਪ੍ਰੀਤ ਘੁੱਗੀ, ਸਤਵਿੰਦਰ ਬਿੱਟੀ, ਸਤਵਿੰਦਰ ਬੁੱਗਾ, ਸਰਬਜੀਤ ਚੀਮਾ, ਕੰਵਰ ਗਰੇਵਾਲ ਅਤੇ ਹਰਭਜਨ ਮਾਨ ਨੇ ਕਿਹਾ ਕਿ ਸਰਦੂਲ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨ੍ਹਾਂ ਜਿੱਥੇ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕੀਤਾ, ਉਥੇ ਪੰਜਾਬੀ ਮਾਂ ਬੋਲੀ ਦੀ ਵੀ ਸੇਵਾ ਕੀਤੀ ਹੈ। ਇਸ ਮੌਕੇ ਸਰਦੂਲ ਸਿਕੰਦਰ ਦੇ ਲੜਕੇ ਸਾਰੰਗ, ਅਲਾਪ, ਉਨ੍ਹਾਂ ਦੇ ਭਤੀਜੇ ਬਾਵਾ ਸਿਕੰਦਰ, ਨਬੀ ਬਖ਼ਸ਼, ਪੀਪੀਸੀਸੀ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਸਰਪੰਚ ਰੁਪਿੰਦਰ ਸਿੰਘ ਰਮਲਾ, ਬਹਾਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੇ ਪੰਚ-ਸਰਪੰਚ ਤੇ ਹੋਰ ਮੋਹਤਬਰ ਮੌਜੂਦ ਸਨ।

ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਖੰਨਾ ਵਿਖੇ ਨਾਮਵਰ ਹਸਤੀਆਂ ਪੁੱਜੀਆਂ ਹਨ। ਅੰਤਿਮ ਸਸਕਾਰ ਦੀਆਂ ਰਸਮਾਂ ‘ਚ ਸ਼ਾਮਲ ਹੋਣ ਲਈ ਉਹਨਾਂ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ ਵਿਚ ਆਏ ਸਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਇੰਦਰਜੀਤ ਨਿੱਕੂ, ਸਿਰਜ ਮੁਹੰਮਦ, ਰੇਸ਼ਮ ਅਨਮੋਲ, ਭੁਪਿੰਦਰ ਗਿੱਲ, ਦੁਰਗਾ ਰੰਗੀਲਾ, ਜਸਪਾਲ ਜੱਸੀ,ਗੀਤਕਾਰ ਦਵਿੰਦਰ ਖੰਨੇਵਾਲਾ ਸਮੇਤ ਹੋਰ ਨਾਮੀ ਕਲਾਕਾਰ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਹਨ।

ਸਰਦੂਲ ਸਿਕੰਦਰ ਦੇ ਸਪੁਰਦ-ਏ-ਖ਼ਾਕ ਮੌਕੇ ਹਰ ਇੱਕ ਦੀ ਅੱਖ ਨਮ‌ ਸੀ। ਆਪਣੇ ਮਹਿਬੂਬ ਕਲਾਕਾਰ ਦੇ ਵਿਛੋੜੇ ਦਾ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ । ਦੱਸਣਯੋਗ ਹੈ ਕਿ ਸਰਦੂਲ ਸਿਕੰਦਰ ਦੀ ਦੇਹ ਨੂੰ ਬੁੱਧਵਾਰ ਦੀ ਸ਼ਾਮ ਖੰਨਾ ਵਿਖੇ ਲਿਆਂਦਾ ਗਿਆ ਸੀ।

Related News

ਟੋਰਾਂਟੋ : GTA ਖੇਤਰ ਵਿੱਚ ਹੋਏ ਸਮਾਗਮ ਵਿੱਚ ਸ਼ਾਮਲ 11 ਲੋਕਾਂ ਦੀ ਰਿਪੋਰਟ ਪਾਜ਼ੀਟਿਵ

Vivek Sharma

CORONA UPDATE : ਕਈ ਸੂਬਿਆਂ ‘ਚ ਲਗਾਤਾਰ ਵਧ ਰਹੀ ਹੈ ਕਰੋਨਾ ਮਰੀਜ਼ਾਂ ਦੀ ਗਿਣਤੀ

Vivek Sharma

ਕਿਊਬਿਕ ਸ਼ਹਿਰ ‘ਚ ਚਾਕੂਬਾਜ਼ੀ ਦੀ ਘਟਨਾ,2 ਦੀ ਮੌਤ

Vivek Sharma

Leave a Comment