channel punjabi
International KISAN ANDOLAN News

ਕਿਸਾਨ ਆਗੂਆਂ ਖ਼ਿਲਾਫ਼ ‘ਲੁਕ ਆਊਟ ਨੋਟਿਸ’ ਜਾਰੀ ਕਰਨ ਤੋਂ ਭੜਕੇ ਕੈਪਟਨ ਨੇ ਦਿੱਲੀ ਪੁਲਿਸ ਅਤੇ ਕੇਂਦਰੀ ਮੰਤਰੀ ਜਾਵੜੇਕਰ ਦੀ ਕੀਤੀ ਝਾੜਝੰਬ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੂਰਾ ਦਿਨ ਤੈਸ਼ ਵਿੱਚ ਨਜ਼ਰ ਆਏ। ਕਿਸਾਨ ਆਗੂਆਂ ਖ਼ਿਲਾਫ਼ ਦਿੱਲੀ ਪੁਲਿਸ ਵੱਲੋ ਲੁਕ ਆਊਟ ਨੋਟਿਸ ਜਾਰੀ ਕਰਨ ਅਤੇ ਭਾਜਪਾ ਵੱਲੋਂ ਕਾਂਗਰਸ ‘ਤੇ ਗਣਤੰਤਰ ਦਿਹਾੜੇ ਮੌਕੇ ਹਿੰਸਾ ਭੜਕਾਉਣ ਦੇ ਇਲਜ਼ਾਮ ਤੋਂ ਬਾਅਦ ਕੈਪਟਨ ਨੇ ਭਾਜਪਾ ਅਤੇ ਦਿੱਲੀ ਪੁਲਿਸ ਨੂੰ ਜੰਮ ਕੇ ਰਗੜੇ ਲਗਾਏ। ਕੈਪਟਨ ਨੇ ਕਿਸਾਨ ਆਗੂਆਂ ਖਿਲਾਫ ਲੁਕ ਆਊਟ ਨੋਟਿਸ ਜਾਰੀ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਬਿਲਕੁਲ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਤਰਕਹੀਣ ਹੈ ਬਲਕਿ ਨਿੰਦਣਯੋਗ ਹੈ।

ਮੁੱਖ ਮੰਤਰੀ ਨੇ ਸਵਾਲ ਕੀਤਾ ਕਿ “ਕਿਸਾਨ ਕਿੱਥੇ ਭੱਜ ਜਾਣਗੇ?” ਕੈਪਟਨ ਨੇ ਕਿਹਾ ਕਿ ਇਨ੍ਹਾਂ ਵਿਚੋਂ ਬਹੁਤੇ ਛੋਟੇ ਕਿਸਾਨ ਹਨ ਅਤੇ ਵਿਜੇ ਮਾਲਿਆ, ਨੀਰਵ ਮੋਦੀ, ਲਲਿਤ ਮੋਦੀ ਅਤੇ ਮੇਹੁਲ ਚੌਕਸੀ ਵਰਗੇ ਵੱਡੇ ਕਾਰਪੋਰੇਟ ਰੇਡਰ ਨਹੀਂ, ਜਿਹੜੇ ਪਿਛਲੇ ਸਾਲਾਂ ਦੌਰਾਨ ਦੇਸ਼ ਤੋਂ ਅਰਬਾਂ ਰੁਪਏ ਲੁੱਟਣ ਤੋਂ ਬਾਅਦ ਭੱਜ ਗਏ। ‘ਤੁਸੀਂ ਇਨ੍ਹਾਂ ਵੱਡੀਆਂ ਵੱਡਾਂ ਨੂੰ ਰੋਕਣ ਵਿੱਚ ਅਸਫਲ ਰਹੇ ਪਰ ਹੁਣ ਆਪਣੇ ਬਚਾਅ ਲਈ ਲੜ ਰਹੇ ਇਨ੍ਹਾਂ ਛੋਟੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹੋ।’

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਿੱਲੀ ਪੁਲਿਸ ਨੂੰ ਲੁਕਆਉਟ ਨੋਟਿਸ ਵਾਪਸ ਲੈਣ ਲਈ ਨਿਰਦੇਸ਼ ਦੇਣ।

ਇਸ ਤੋਂ ਪਹਿਲਾਂ ਕੈਪਟਨ ਨੇ ਅੱਜ ਲਾਲ ਕਿਲ੍ਹੇ ਦੀ ਹਿੰਸਕ ਘਟਨਾ ਦੀ ਜ਼ਿੰਮੇਵਾਰੀ ਕਿਸੇ ਹੋਰ ਦੇ ਸਿਰ ਮੜ੍ਹਨ ਦੀ ਘਿਨਾਉਣੀ ਅਤੇ ਨਿਰਾਸ਼ਾਜਨਕ ਕੋਸ਼ਿਸ਼ ਲਈ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ‘ਤੇ ਤਿੱਖਾ ਹਮਲਾ ਬੋਲਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨੂੰ ਸਪੱਸ਼ਟ ਤੌਰ ‘ਤੇ ਜਾਵੜੇਕਰ ਦੀ ਆਪਣੀ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਕਰਕੇ ਭੜਕਾਇਆ ਸੀ ਜਦਕਿ ਇਸ ਸਮੁੱਚੇ ਘਟਨਾਕ੍ਰਮ ਵਿੱਚ ਕਾਂਗਰਸ ਤਾਂ ਕਿਧਰੇ ਵੀ ਨਹੀਂ ਸੀ।

ਜਾਵੇੜਕਰ ਵੱਲੋਂ ਕਾਂਗਰਸ ਪਾਰਟੀ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਖਿਲਾਫ ਲਾਏ ਗਏ ਬੇਬੁਨਿਆਦ ਦੋਸ਼ਾਂ ਦਾ ਸਖ਼ਤ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ,’ਲਾਲ ਕਿਲ੍ਹੇ ਉਪਰ ਨਿਸ਼ਾਨ ਸਾਹਿਬ ਲਹਿਰਾਉਂਦੇ ਸਮੇਂ ਕੈਮਰੇ ਵਿੱਚ ਕੈਦ ਹੋਏ ਚਿਹਰੇ ਕਾਂਗਰਸ ਦੇ ਨਹੀਂ ਸਗੋਂ ਭਾਜਪਾ ਅਤੇ ਆਪ ਦੇ ਵਰਕਰਾਂ ਅਤੇ ਸਮਰਥਕਾਂ ਦੇ ਹਨ।’

ਰਾਹੁਲ ਗਾਂਧੀ ਉਪਰ ਹਿੰਸਾ ਲਈ ਉਕਸਾਉਣ ਦੇ ਲਾਏ ਦੋਸ਼ਾਂ ਲਈ ਕੇਂਦਰੀ ਮੰਤਰੀ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ,’ਕੀ ਕਾਂਗਰਸੀ ਨੇਤਾ ਨੇ ਕਿਸੇ ਨੂੰ ਲਾਲ ਕਿਲ੍ਹੇ ‘ਤੇ ਚੜ੍ਹਨ ਲਈ ਕਿਹਾ ਸੀ? ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਸਗੋਂ ਭਾਜਪਾ ਅਤੇ ਆਪ ਦੇ ਲੋਕ ਸਨ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ।’ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਇਸ ਹਿੰਸਾ ਦੀ ਤੁਰੰਤ ਨਿਖੇਧੀ ਕੀਤੀ ਸੀ ਅਤੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਹਿੰਸਾ ਕਿਸੇ ਵੀ ਸੰਕਟ ਦਾ ਹੱਲ ਨਹੀਂ ਹੈ।

Related News

ਕੋਰੋਨਾ ਪਾਬੰਦੀਆਂ ਦੀ ਉਲੰਘਣਾ : ਸਰਕਾਰ ਹੁਣ ਸਖਤੀ ਦੇ ਮੂਡ ਵਿੱਚ, 3 ਰੈਸਟੋਰੈਂਟ ਕੀਤੇ ਗਏ ਬੰਦ

Vivek Sharma

GHAZIPUR BORDER LIVE : ਰਾਤੋਂ-ਰਾਤ ਪਲਟੀ ਬਾਜ਼ੀ, ਗਾਜੀਪੁਰ ਬਾਰਡਰ ‘ਤੇ ਮੁੜ ਪਹੁੰਚਣ ਲੱਗੇ ਕਿਸਾਨ, ਅੰਦੋਲਨ ‘ਚ ਮੁੜ ਪਈ ਜਾਨ

Vivek Sharma

 ਕੈਨੇਡਾ ‘ਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਲਈ ਰੋਜ਼ਗਾਰ ਦੇ ਕਈ ਖੁੱਲ੍ਹੇ ਰਾਹ, ਅਗਸਤ ਦੇ ਮਹੀਨੇ 246,000 ਰੋਜ਼ਗਾਰ ਦੇ ਮੌਕੇ ਹੋਏ ਪੈਦਾ :ਸਟੈਟੇਸਟਿਕਸ ਕੈਨੇਡਾ

Rajneet Kaur

Leave a Comment