channel punjabi
Canada International News North America USA

ਖ਼ਬਰ ਖ਼ਾਸ : ਹਾਲੇ ਵੀ ਨਹੀਂ ਟਲਿਆ ਕੋਰੋਨਾ ਦਾ ਖ਼ਤਰਾ, ਇੱਕ ਸਾਲ ਬਾਅਦ ਵੀ ਖੌਫ਼ ਬਰਕਰਾਰ

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਏ ਨੂੰ 1 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ, ਪਰ ਇਸ ਦਾ ਖ਼ੌਫ਼ ਹਾਲੇ ਵੀ ਦੁਨੀਆ ਦੇ ਜਿਆਦਾਤਰ ਮੁਲਕਾਂ ਵਿੱਚ ਬਰਕਰਾਰ ਹੈ । 17 ਨਵੰਬਰ 2019 ਨੂੰ ਚੀਨ ਵਿੱਚ ਕੋਰੋਨਾ ਵਾਇਰਸ ਦੇ ਪਹਿਲੇ ਪੀੜਤ ਦਾ ਪਤਾ ਲੱਗਾ ਸੀ । ਚੀਨ ਨੂੰ ਇਸ ਵਾਇਰਸ ਦੀ ਗੰਭੀਰਤਾ ਬਾਰੇ ਪੂਰਾ ਗਿਆਨ ਸੀ, ਦੁਨੀਆ ਤੋਂ ਪਰਦਾ ਰੱਖਣ ਵਾਸਤੇ ਉਸ ਨੇ ਦਸੰਬਰ 2019 ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਬੁਹਾਨ ਵਿੱਚ ਕੋਰੋਨਾ ਵਾਇਰਸ ਦੇ ਪੀੜਤ ਪਾਏ ਗਏ ਹਨ। ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਚੀਨ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਆਪਣੇ ਪੱਖ ਵਿੱਚ ਕਰਨ ਲਈ ਪੂਰਾ ਜ਼ੋਰ ਲਗਾਇਆ ਅਤੇ ਚੀਨ ਇਸ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਵੀ ਰਿਹਾ ।
‘ਚਾਇਨਾ ਵਾਇਰਸ’ ਨੇ ਸਭ ਤੋਂ ਜਿਆਦਾ ਨੁਕਸਾਨ ਅਮਰੀਕਾ ਵਿੱਚ ਕੀਤਾ ਅਤੇ ਅੱਜ ਵੀ ਕੋਰੋਨਾ ਦਾ ਭਿਅੰਕਰ ਰੂਪ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਖ ਵੱਖ ਮੰਚਾਂ ਤੇ ਚੀਨ ਦੀ ਚੰਗੀ ਲਾਹ-ਪਾਹ ਵੀ ਕਰ ਚੁੱਕੇ ਹਨ । ਟਰੰਪ ਤਾਂ ‘ਕੋਰੋਨਾ ਵਾਇਰਸ’ ਨੂੰ ‘ਚਾਇਨਾ ਵਾਇਰਸ’ ਦੇ ਨਾਂ ਨਾਲ ਵੀ ਪੁਕਾਰਦੇ ਹਨ ।

ਇਸ ਇੱਕ ਸਾਲ ਦੇ ਸਮੇਂ ਦੌਰਾਨ ਅਮਰੀਕਾ ਦੇ ਨਾਲ-ਨਾਲ ਸਪੇਨ, ਜਰਮਨੀ, ਚੀਨ, ਬ੍ਰਾਜ਼ੀਲ, ਇੰਗਲੈਂਡ, ਫਰਾਂਸ, ਇਟਲੀ, ਇਰਾਨ, ਆਸਟ੍ਰੇਲੀਆ, ਭਾਰਤ , ਤੁਰਕੀ ਅਤੇ ਕੈਨੇਡਾ ਵਰਗੇ ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਹੈਰਾਨੀ ਵਾਲਾ ਤੱਥ ਇਹ ਹੈ ਕਿ ਭਾਰਤ ਸਮੇਤ ਕੋਰੋਨਾ ਪ੍ਰਭਾਵਿਤ ਹੋਏ ਜ਼ਿਆਦਾਤਰ ਦੇਸ਼ ਦੁਨੀਆ ਦੀਆਂ ਉਭਰਦੀਆਂ ਹੋਈਆਂ ਆਰਥਿਕ ਵਿਵਸਥਾ ਵਾਲੇ ਦੇਸ਼ ਸਨ, ‘ਕੋਰੋਨਾ ਬੰਦ’ ਕਾਰਨ ਇਨ੍ਹਾਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ 217 ਦੇਸ਼ਾਂ ‘ਚ ਫੈਲ ਚੁੱਕਾ ਹੈ। ਹੁਣ ਵੀ ਕੋਰੋਨਾ ਮਰੀਜਾਂ ਦੀ ਸੰਖਿਆਂ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਦੁਨੀਆ ‘ਚ ਪਿਛਲੇ 24 ਘੰਟੇ ‘ਚ ਕੋਰੋਨਾ ਵਾਇਰਸ ਦੇ 6 ਲੱਖ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 10,801 ਤੋਂ ਜਿਆਦਾ ਲੋਕਾਂ ਦੀ ਜਾਨ ਗਈ ਹੈ। ਬੀਤੇ ਦਿਨ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਸਭ ਤੋਂ ਜਿਆਦਾ ਜਾਨਾਂ ਗਈਆਂ ਹਨ। ਇਸ ਤੋਂ ਬਾਅਦ ਬ੍ਰਾਜੀਲ, ਇਟਲੀ, ਪੋਲੈਂਡ, ਭਾਰਤ, ਬ੍ਰਿਟੇਨ, ਇਰਾਨ ‘ਚ ਸਭ ਤੋਂ ਜੁਆਦਾ ਮੌਤਾਂ ਹੋਈਆਂ ਹਨ।

ਵਰਲਡੋਮੀਟਰ ਵੈਬਸਾਈਟ ਮੁਤਾਬਕ ਦੁਨੀਆ ‘ਚ ਹੁਣ ਤੱਕ 5 ਕਰੋੜ, 65 ਲੱਖ, 40 ਹਜਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤਕ 13 ਲੱਖ, 53 ਹਜਾਰ, 871 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਕਰੋੜ, 93 ਲੱਖ ਤੋਂ ਜਿਆਦਾ ਲੋਕ ਠੀਕ ਹੋ ਚੁੱਕੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਅੱਜ ਦੀ ਤਾਰੀਖ਼ ਵਿੱਚ ਵੀ ਇੱਕ ਕਰੋੜ, 58 ਲੱਖ, 70 ਹਜਾਰ ਲੋਕ ਕੋਰੋਨਾ ਐਕਟਿਵ ਹਨ।

ਅਮਰੀਕਾ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਹੁਣ ਵੀ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ ਇਕ ਲੱਖ, 69 ਹਜਾਰ ਤੋਂ ਜਿਆਦਾ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ ਜਿੱਥੇ ਹੁਣ ਤਕ 89 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋਏ ਹਨ। ਇੱਥੇ ਪਿਛਲੇ 24 ਘੰਟੇ ‘ਚ 45 ਹਜਾਰ ਮਾਮਲੇ ਵਧੇ ਹਨ। ਉੱਥੇ ਹੀ ਕੋਰੋਨਾ ਨਾਲ ਤੀਜੇ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ ਬ੍ਰਾਜੀਲ ‘ਚ 24 ਘੰਟੇ ‘ਚ 35 ਹਜਾਰ ਮਾਮਲੇ ਦਰਜ ਕੀਤੇ ਗਏ।

ਮਾਹਿਰਾਂ ਦਾ ਮੰਨਣਾ ਹੈ ਕਿ ਦਸੰਬਰ ਮਹੀਨੇ ਵਿਚ ਕੋਰੋਨਾ ਵੈਕਸੀਨ ਦੇ ਜਿਆਦਾਤਰ ਦੇਸ਼ਾਂ ਵਿੱਚ ਪਹੁੰਚਣ ਤੋਂ ਬਾਅਦ ਹੀ ਸਿਥਿਤੀ ਵਿੱਚ ਬਦਲਾਅ ਆ ਸਕੇਗਾ। ਨਾਮਚੀਨ ਦਵਾ ਨਿਰਮਾਤਾ ਫਾਇਜ਼ਰ ਕੰਪਨੀ ਬੀਤੇ ਕੱਲ੍ਹ ਐਲਾਨ ਕਰ ਚੁੱਕੀ ਹੈ ਕਿ ਉਸ ਵਲੋਂ ਤਿਆਰ ਕੋਰੋਨਾ ਵੈਕਸੀਨ ਪਰੀਖਣ ਵਿਚ 95 ਫ਼ੀਸਦੀ ਤੱਕ ਕਾਮਯਾਬ ਰਿਹਾ ਹੈ ਅਤੇ ਉਹ ਅਗਲੇ ਪੰਜਾਹ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਇਸਦੇ ਉਤਪਾਦਨ ਦੇ ਸਮਰੱਥ ਹੈ । ਉਧਰ ਵਿਸ਼ਵ ਸਿਹਤ ਸੰਗਠਨ ਮੁੜ ਤੋਂ ਨਵੀਂ ਚਿਤਾਵਨੀ ਜਾਰੀ ਕਰ ਚੁੱਕਾ ਹੈ ਕਿ ਹੁਣ ਵੀ ਕੋਰੋਨਾ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ।

ਹਾਲ ਦੀ ਘੜੀ ਮਾਸਕ ਹੀ ਹੁਣ ਤੱਕ ਇੱਕ ਬਿਹਤਰ ਵਿਕਲਪ ਵਜੋਂ ਸਾਹਮਣੇ ਆਇਆ ਹੈ । ਕੈਨੇਡਾ ਦੇ ਕੁਝ ਸੂਬਿਆਂ ਵਿੱਚ ਮਾਸਕ ਦਾ ਤਿੱਖਾ ਵਿਰੋਧ ਕੀਤਾ ਗਿਆ ਸੀ, ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਕੈਨੇਡਾ ਵਿੱਚ ਬੁਰੀ ਤਰਾਂ ਪੈਰ ਪਸਾਰਦੀ ਜਾ ਰਹੀ ਹੈ। ਜ਼ਰੂਰਤ ਹੈ ਹਰ ਨਾਗਰਿਕ ਇਸ ਨੂੰ ਸਮਝੇ ਅਤੇ ਕੋਰੋਨਾ ਬਾਰੇ ਜਾਰੀ ਕੀਤੀਆਂ ਸਾਵਧਾਨੀਆ ਦਾ ਹਰ ਹਾਲ ਵਿਚ ਪਾਲਣ ਕਰੇ।

Related News

ਕੋਕਿਟਲਾਮ ਮਾਉਂਟੀਜ਼ ਇੱਕ ਵਿਅਕਤੀ ਦੀ ਭਾਲ ਕਰ ਰਹੇ ਹਨ ਜੋ ਕਲੋਨੀ ਫਾਰਮ ਫੋਰੈਂਸਿਕ ਮਨੋਰੋਗ ਹਸਪਤਾਲ ਵਿੱਚ ਵਾਪਸ ਨਹੀਂ ਆਇਆ

Rajneet Kaur

BIG NEWS : ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ ਪੁੱਜਿਆ ਭਾਰਤ, ਭਾਰਤੀ ਹਵਾਈ ਸੈਨਾ ਦੀ ਤਾਕਤ ‘ਚ ਹੋਇਆ ਵਾਧਾ

Vivek Sharma

ਅਲਬਰਟਾ ‘ਚ ਮੰਗਲਵਾਰ ਨੂੰ ਕੋਰੋਨਾ ਦੇ 456 ਮਾਮਲੇ ਹੋਏ ਦਰਜ

Rajneet Kaur

Leave a Comment