channel punjabi
Canada International News North America

ਸਰੀ ਵਿਖੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਲੱਗੇ ਨਾਅਰੇ, ਕਈ ਘੰਟਿਆਂ ਤਕ ਹੋਇਆ ਪ੍ਰਦਰਸ਼ਨ

ਸਰੀ : ਪੰਜਾਬ ਦੇ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇਣ ਲਈ ਕੈਨੇਡਾ ਦੇ ਸਰੀ ‘ਚ ਵੱਸਦੇ ਪੰਜਾਬੀਆਂ ਨੇ ਰੈਲੀ ਕੀਤੀ। ਪਾਇਲ ਬਿਜ਼ਨੈੱਸ ਸੈਂਟਰ ਦੇ ਬਿਲਕੁਲ ਨਜ਼ਦੀਕ ਹੋਈ ਇਸ ਰੈਲੀ ਦੌਰਾਨ ਹਰ ਉਮਰ ਵਰਗ ਦੇ ਲੋਕੀ ਸ਼ਾਮਲ ਹੋਏ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ । ਇਹਨਾਂ ਤਖਤੀਆਂ ‘ਤੇ ‘ਕਿਸਾਨ ਏਕਤਾ ਜਿੰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਵੋ’, ‘ਕਿਸਾਨਾਂ ਨੂੰ ਰੁਲਣ ਤੋਂ ਬਚਾਓ’, ‘ਦੁਨੀਆਂ ਦੇ ਅੰਨਦਾਤੇ ਤੋਂ ਉਸਦੇ ਹੱਕ ਨਾ ਖੋਵੋ’, ‘ਅੰਨਦਾਤੇ ਦੀ ਹੱਕ ਦੀ ਲੜਾਈ’ ਤੇ ‘WE SUPPORT FARMERS’ ਆਦਿ ਜਿਹੇ ਨਾਅਰੇ ਲਿਖੇ ਹੋਏ ਸਨ। ਕਈ ਘੰਟਿਆਂ ਤਕ ਪ੍ਰਦਰਸ਼ਨਕਾਰੀ ਲਾਈਨ ਬਣਾ ਕੇ ਸੜਕ ਦੇ ਕਿਨਾਰੇ ‘ਤੇ ਖੜ੍ਹੇ ਰਹੇ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਉਂਦੇ ਰਹੇ।

ਚੈਨਲ ਪੰਜਾਬੀ ਦੀ ਟੀਮ ਨੇ ਜਦੋਂ ਉਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ । ਕੁਝ ਲੋਕਾਂ ਨੇ ਸਵਾਲ ਕੀਤਾ ਕਿ ਜਦੋਂ ਇਹਨਾਂ ਕਾਨੂੰਨਾਂ ਕਾਰਨ ਕਿਸਾਨ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ ਤਾਂ ਕਿਸਾਨਾਂ ਦੀ ਗੱਲ ਮੰਨਣ ਵਿੱਚ ਸਰਕਾਰ ਨੂੰ ਹਰਜ਼ ਹੀ ਕੀ ਹੈ ?

ਇਸ ਪ੍ਰਦਰਸ਼ਨ ਵਿੱਚ ਸ਼ਾਮਲ ਪੰਜਾਬੀ ਮੁਟਿਆਰਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਉਸ ਬਿਆਨ ਦੀ ਜੰਮ ਕੇ ਨਿਖੇਧੀ ਕੀਤੀ, ਜਿਸ ਵਿਚ ਉਸ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋਈਆਂ ਮਹਿਲਾਵਾਂ ਸਬੰਧੀ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਬੁਲਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕਿਸਾਨੀ ਬਾਰੇ ਜਾਣਕਾਰੀ ਹੀ ਨਹੀਂ ਉਹ ਹੀ ਅਜਿਹੇ ਬੇਤੁਕੇ ਬਿਆਨ ਦੇ ਸਕਦੇ ਹਨ।

ਸਰੀ ਵਿਖੇ ਮੌਸਮ ਵਿਚ ਠੰਢਕ ਹੋਣ ਦੇ ਬਾਵਜੂਦ ਕਈ ਘੰਟਿਆਂ ਤਕ ਇਹ ਪ੍ਰਦਰਸ਼ਨਕਾਰੀ, ਜਿਹਨਾਂ ਵਿੱਚ ਬਜ਼ੁਰਗ ਵੀ ਸ਼ਾਮਲ ਸਨ, ਨੇ ਸੜਕ ਦੇ ਕੰਢੇ ‘ਤੇ ਖੜ੍ਹੇ ਹੋ ਕੇ ਪੰਜਾਬ ਦੇ ਕਿਸਾਨਾਂ ਲਈ ਸਮਰਥਨ ਮੰਗਿਆ। ਇਹਨਾਂ ਪ੍ਰਦਰਸ਼ਨਕਾਰੀਆਂ ਨੇ ਪੂਰੀ ਆਸ ਜਤਾਈ ਕਿ ਕਿਸਾਨਾਂ ਦਾ ਸੰਘਰਸ਼ ਰੰਗ ਲਿਆਵੇਗਾ ਅਤੇ ਉਹ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਸਫਲ ਹੋਣਗੇ।

Related News

ਮੂਸ ਜੌ ਦੇ ਵਸਨੀਕ ਆਪਣੇ ਸ਼ਹਿਰ ‘ਚ ਕੋਗਰ ਨੂੰ ਦੇਖਕੇ ਹੋਏ ਹੈਰਾਨ

Rajneet Kaur

PM ਟਰੂਡੋ ‘ਤਖਤ ਭਾਸ਼ਣ’ ਤੋਂ ਬਾਅਦ ਦੇਸ਼ਵਾਸੀਆਂ ਨੂੰ ਕਰਨਗੇ ਸੰਬੋਧਨ, ਕੋਰੋਨਾ ਸਬੰਧੀ ਯੋਜਨਾ ਬਾਰੇ ਵਿਚਾਰ ਕਰਨਗੇ ਸਾਂਝੇ

Vivek Sharma

ਕੈਨੇਡਾ ਵਿੱਚ ਹਥਿਆਰਬੰਦ ਸੈਨਾ ਦੇ ਬਜ਼ੁਰਗਾਂ ਦੇ ਇੱਕ ਸਮੂਹ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਵਿੱਚ ਵੱਖ ਵੱਖ ਭਾਈਚਾਰਿਆਂ ਦਰਮਿਆਨ ਵੱਧ ਰਹੀ ਫੁੱਟ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਮੁਹਿੰਮ ਕੀਤੀ ਸ਼ੁਰੂ

Rajneet Kaur

Leave a Comment