channel punjabi
International KISAN ANDOLAN News

ਮਲੋਟ ‘ਚ ਭਾਜਪਾ ਵਿਧਾਇਕ਼ ਨਾਲ ਬਦਸਲੂਕੀ, ਪਾੜੇ ਕੱਪੜੇ ਕਾਰ ‘ਤੇ ਪੋਤੀ ਕਾਲਖ਼

ਮਲੋਟ : ਇਸ ਸਮੇਂ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਗੁੱਸਾ ਸੱਤਵੇਂ ਅਸਮਾਨ ‘ਤੇ ਹੈ। ਜਿਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਪੰਜਾਬ ਸੂਬੇ ‘ਚ ਕਿਸਾਨਾਂ ਵਲੋਂ ਵੱਖ-ਵੱਖ ਥਾਂਵਾਂ ‘ਤੇ ਭਾਜਪਾ ਆਗੂਆ ਦਾ ਵਿਰੋਧ ਕੀਤਾ ਗਿਆ।ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੀਤੇ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦਾ ਗੁੱਸਾ ਸ਼ਨੀਵਾਰ ਨੂੰ ਪੰਜਾਬ ਦੇ ਇੱਕ ਭਾਜਪਾ ਵਿਧਾਇਕ ’ਤੇ ਉਤਰ ਗਿਆ। ਕਿਸਾਨਾਂ ਨੇ ਵਿਧਾਇਕ ਨਾਲ ਨਾ ਸਿਰਫ ਧੱਕਾ-ਮੁੱਕੀ ਕੀਤੀ ਸਗੋਂ ਉਸਦੇ ਕੱਪੜੇ ਤੱਕ ਪਾੜ ਦਿੱਤੇ। ਅਬੋਹਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਰੁਣ ਨਾਰੰਗ ਸ਼ਨੀਵਾਰ ਨੂੰ ਮਲੋਟ ’ਚ ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਕਾਰਗੁਜਾਰੀ ਉੱਤੇ ਪ੍ਰੈੱਸ ਕਾਨਫਰੰਸ ਕਰਨ ਪੁੱਜੇ ਸਨ।

ਇਸ ਦੌਰਾਨ ਕਿਸਾਨਾਂ ਨੂੰ ਭਾਜਪਾ ਦੇ ਵਿਧਾਇਕ ਦੀ ਮਲੋਟ ਫੇਰੀ ਦਾ ਪਤਾ ਲੱਗ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਵਿਧਾਇਕ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਕਿਸਾਨਾਂ ਦੀ ਵਿਧਾਇਕ ਨਾਲ ਹੱਥੋਪਾਈ ਹੋ ਗਈ ਤੇ ਉਨ੍ਹਾਂ ਨੇ ਉਸ ਦੇ ਕੱਪੜੇ ਵੀ ਲੀਰੋ-ਲੀਰ ਕਰ ਦਿੱਤੇ। ਇਸ ਮਗਰੋਂ ਭਾਜਪਾ ਨੇਤਾ ਨਾਲ ਆਏ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਕਿਸਾਨਾਂ ਕੋਲੋਂ ਛੁਡਾਇਆ।

ਦੱਸ ਦਈਏ ਕਿ ਭਾਜਪਾ ਆਗੂਆਂ ਨੇ ਸੂਬੇ ’ਚ ਕਾਂਗਰਸ ਦੇ ਚਾਰ ਸਾਲ ਪੂਰੇ ਹੋਣ ਮਗਰੋਂ ਕੈਪਟਨ ਸਰਕਾਰ ਦੀ ਕਮੀਆਂ ਅਤੇ ਨਾਕਾਮੀਆਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਪ੍ਰੈੱਸ ਕਾਨਫਰੰਸਾਂ ਕੀਤੀਆਂ। ਇਸ ਦੌਰਾਨ ਕਾਂਗਰਸ ਨੂੰ ਤਾਂ ਨਹੀਂ ਉਲਟਾ ਭਾਜਪਾ ਆਗੂਆਂ ਨੂੰ ਹੀ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਬਰਨਾਲਾ ਵਿਖੇ ਭਾਜਪਾ ਦੇ ਸੂਬਾ ਆਗੂ ਪਰਵੀਨ ਬਾਂਸਲ ਵੱਲੋਂ ਪੰਜਾਬ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ’ਤੇ ਭਾਜਪਾ ਵਰਕਰਾਂ ਨਾਲ ਮੀਟਿੰਗ ਅਤੇ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ। ਇਸ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਲੱਗਦਿਆਂ ਹੀ ਉਨ੍ਹਾਂ ਵੱਲੋਂ ਬਰਨਾਲਾ ਦੇ ਰੈਸਟ ਹਾਊਸ ਨੂੰ ਘੇਰ ਕੇ ਭਾਜਪਾ ਆਗੂ ਨੂੰ ਬੰਦੀ ਬਣਾ ਲਿਆ ਗਿਆ।

ਇਨ੍ਹਾਂ ਘਟਨਾਵਾਂ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਭਾਜਪਾ ਸਰਕਾਰ ਤੋਂ ਕਿੰਨੇ ਨਾਰਾਜ਼ ਚੱਲ ਰਹੇ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਜਦਕਿ ਮੋਦੀ ਸਰਕਾਰ ਇਨ੍ਹਾਂ ਨੂੰ ਲਾਗੂ ਕਰਨ ’ਤੇ ਅੜੀ ਹੋਈ ਹੈ। ਉਸ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਲਿਆਈ ਹੈ, ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦਾ ਇੱਕ ਜ਼ਰੀਆ ਹੈ। ਇਸ ਮੁੱਦੇ ਨੂੰ ਲੈ ਕੇ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਰਾਜਧਾਨੀ ਦਿੱਲੀ ਦੀ ਸਰਹੱਦਾਂ ‘ਤੇ ਡਟੇ ਹੋਏ ਹਨ।

ਉਧਰ ਭਾਜਪਾ ਵਲੋਂ ਇਸ ਨੂੰ ਕਿਸਾਨਾਂ ਦਾ ਨਹੀਂ ਸਗੋਂ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਕੀਤਾ ਗਿਆ ਹਮਲਾ ਕਿਹਾ ਜਾ ਰਿਹਾ ਹੈ।

Related News

ਵਿਦੇਸ਼ਾਂ ‘ਚ ਵੱਸਦੇ ਭਾਰਤੀ ਲੋਕਾਂ ਵਿਚ ਚੀਨ ਖਿਲਾਫ ਤਿੱਖਾ ਰੋਹ

channelpunjabi

ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦਾ ਜੋ ਵੀ ਨਤੀਜਾ ਨਿਕਲੇਗਾ ਉਹ ਕੈਨੇਡਾ ਲਈ ਅਹਿਮ ਹੋਵੇਗਾ: ਕ੍ਰਿਸਟੀਆ ਫਰੀਲੈਂਡ

Rajneet Kaur

ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਭਾਰਤ ਸਰਕਾਰ ਵੀ ਚੌਕਸ,ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਘਬਰਾਉਣ ਦੀ ਲੋੜ ਨਹੀਂ

Rajneet Kaur

Leave a Comment