channel punjabi
Canada International News

ਖਾਸ ਖ਼ਬਰ : ਕੋਰੋਨਾ ਦੀ ਦੁਨੀਆ ਭਰ ‘ਚ ਤਬਾਹੀ ਬਰਕਰਾਰ, 24 ਘੰਟਿਆਂ ‘ਚ ਸਾਹਮਣੇ ਆਏ 6.26 ਲੱਖ ਮਾਮਲੇ

ਇੱਕ ਸਾਲ ਦੇ ਕਰੀਬ ਸਮਾਂ ਬੀਤਣ ਦੇ ਬਾਵਜੂਦ ਕੋਰੋਨਾ ਦਾ ਪੱਕਾ ਹੱਲ ਹਾਲੇ ਤੱਕ ਕਿਸੇ ਵੀ ਦੇਸ਼ ਦੇ ਹੱਥ ਨਹੀਂ ਲੱਗ ਸਕਿਆ ਹੈ। ਅਮਰੀਕਾ, ਰੂਸ, ਚੀਨ, ਭਾਰਤ ਅਤੇ ਇਸਰਾਇਲ ਵਰਗੇ ਦੇਸ਼ਾਂ ਦੀਆਂ ਦਵਾ ਕੰਪਨੀਆਂ ਕੋਰੋਨਾ ਦੀ ਵੈਕਸੀਨ ਬਣਾਉਣ ਦਾ ਦਾਅਵਾ ਜ਼ਰੂਰ ਕਰ ਰਹੀਆਂ ਹਨ ਪਰ ਕੋਰੋਨਾ ਨੂੰ ਜੜ੍ਹੋਂ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ, ਇਸ ਬਾਰੇ ਕੋਈ ਕੁਝ ਨਹੀਂ ਕਹਿ ਰਿਹਾ।
ਤਾਲਾਬੰਦੀ, ਪਾਬੰਦੀਆਂ, ਖਾਣ-ਪੀਣ ਸਬੰਧੀ ਸਾਵਧਾਨੀਆਂ ਦੇ ਬਾਵਜੂਦ ਹਾਲੇ ਵੀ ਦੁਨੀਆ ‘ਚ ਕੋਰੋਨਾ ਵਾਇਰਸ ਦਾ ਕਹਿਰ ਸਿਖਰਾਂ ‘ਤੇ ਹੈ। ਜ਼ਿਆਦਾਤਰ ਦੇਸ਼ਾਂ ‘ਚ ਹਾਲਾਤ ਅਜੇ ਵੀ ਬੇਕਾਬੂ ਹੀ ਹਨ। ਦੁਨੀਆ ‘ਚ ਪਿਛਲੇ 24 ਘੰਟਿਆਂ ‘ਚ 6.26 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਰਿਕਾਰਡ 12,299 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 25 ਨਵੰਬਰ ਨੂੰ ਸਭ ਤੋਂ ਜ਼ਿਆਦਾ 12,267 ਲੋਕਾਂ ਦੀ ਮੌਤ ਹੋ ਗਈ ਸੀ।

ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ । ਵਰਲਡੋਮੀਟਰ ਮੁਤਾਬਕ ਦੁਨੀਆ ‘ਚ ਹੁਣ ਤਕ ਛੇ ਕਰੋੜ, 48 ਲੱਖ, 15 ਹਜ਼ਾਰ ਮਮਾਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ ਤਕ 14 ਲੱਖ, 98 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਚਾਰ ਕਰੋੜ 49 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ। ਇਕ ਕਰੋੜ, 84 ਲੱਖ, 8 ਹਜ਼ਾਰ ਲੋਕ ਹਾਲੇ ਵੀ ਕੋਰੋਨਾ ਤੋਂ ਪੀੜਤ ਹਨ। ਇਹ ਸਥਿਤੀ ਉਸ ਸਮੇਂ ਹੈ ਜਦੋਂ ਕੋਰੋਨਾ ਵਾਇਰਸ ਬਾਰੇ ਪੂਰੀ ਦੁਨੀਆ ਵਿਚ ਜਾਣਕਾਰੀ ਫੈਲ ਚੁੱਕੀ ਹੈ, ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਰੱਖਣ ਦੀ ਲਗਾਤਾਰ ਅਪੀਲ ਕਰ ਰਹੀਆਂ ਨੇ।

ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ ‘ਚ ਅਮਰੀਕਾ ਸਭ ਤੋਂ ਉਪਰ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਾਲ ਮਾਮਲੇ ਅਮਰੀਕਾ ‘ਚ ਵਧ ਰਹੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ ਇਕ ਲੱਖ, 98 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਰਤ ‘ਚ 95 ਲੱਖ ਕੋਰੋਨਾ ਪੀੜਤ ਹੋ ਚੁੱਕੇ ਹਨ। ਇੱਥੇ ਪਿਛਲੇ 24 ਘੰਟਿਆਂ ‘ਚ 33 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਕੋਰੋਨਾ ਨਾਲ ਤੀਜੇ ਪ੍ਰਭਆਵਿਤ ਦੇਸ਼ ਬ੍ਰਾਜ਼ੀਲ ‘ਚ 24 ਘੰਟਿਆ ‘ਚ 48 ਹਜ਼ਾਰ ਮਾਮਲੇ ਦਰਜ ਕੀਤੇ ਹਨ। ਸੂਚੀ ਦੇ ਲਿਹਾਜ਼ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਿੱਚ ਕੈਨੇਡਾ ਦਾ ਫਿਲਹਾਲ 29ਵਾਂ ਨੰਬਰ ਹੈ, ਪਰ ਜਿਸ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਕੈਨੇਡਾ ਵਿੱਚ ਵਧ ਰਹੇ ਹਨ, ਉਸ ਨਾਲ ਸਥਿਤੀ ਗੰਭੀਰ ਬਣਦੀ ਨਜ਼ਰ ਆ ਰਹੀ ਹੈ।

ਕੈਨੇਡਾ ਅੰਦਰ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੇ ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਚਿੰਤਾ ਵਧਾਈ ਹੋਈ ਹੈ।

ਫ਼ਿਲਹਾਲ ਜਦ ਤੱਕ ਕੋਰੋਨਾ ਵੈਕਸੀਨ ਆਮ ਲੋਕਾਂ ਤੱਕ ਨਹੀਂ ਪਹੁੰਚਦੀ ਹੈ ਉਸ ਸਮੇਂ ਤਕ ਹਰ ਵਿਅਕਤੀ ਨੂੰ ਖੁਦ ਹੀ ਸਾਵਧਾਨੀ ਰੱਖਣੀ ਹੋਵੇਗੀ। ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਬਣਾਈ ਰੱਖਣਾ, ਖਾਣ-ਪੀਣ ਦਾ ਸੰਤੁਲਨ, ਹਲਕੀ ਕਸਰਤ, ਸਮੇਂ-ਸਮੇਂ ‘ਤੇ ਹੱਥ ਧੋਂਦੇ ਰਹਿਣਾ ਆਦਿ ਜਿਹੇ ਉਪਰਾਲੇ ਕਰਦੇ ਹੋਏ ਖੁਦ ਨੂੰ ਕੋਰੋਨਾ ਤੋਂ ਬਚਾਇਆ ਜਾ ਸਕਦਾ ਹੈ। ਮਾਸਕ ਦੀ ਅਹਿਮੀਅਤ ਦੁਨੀਆ ਭਰ ਦੇ ਸਿਹਤ ਮਾਹਿਰ ਦੱਸ ਰਹੇ ਹਨ, ਜ਼ਰੂਰੀ ਹੈ ਕਿ ਘਰੋਂ ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋਂ ਕੀਤੀ ਜਾਵੇ ।

Related News

ਨੋਵਾ ਸਕੋਸ਼ੀਆ ਦੇ ਵਿਦਿਆਰਥੀ ਵੋਟ ਪ੍ਰੋਗਰਾਮ ਰਾਹੀਂ ਮਿਉਂਸੀਪਲ ਚੋਣਾਂ ‘ਚ ਲੈਣਗੇ ਹਿੱਸਾ

Rajneet Kaur

ਕਿਸਾਨ ਟਰੈਕਟਰ ਪਰੇਡ ‘ਚ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ,ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਦਾ ਰੂਟ ਮੈਪ ਕੀਤਾ ਜਾਰੀ

Rajneet Kaur

ਟਰੰਪ ਨੇ ਚੋਣ ਮੁਹਿੰਮ ‘ਚ ਨਵੀਂ ਜਾਨ ਪਾਉਣ ਲਈ ਬਦਲਿਆ ਕੈਂਪੇਨ ਮੈਨੇਜਰ

Rajneet Kaur

Leave a Comment