channel punjabi
Canada News North America

ਕੈਨੇਡਾ ਨੂੰ ਅਗਲੇ ਹਫ਼ਤੇ ਅਮਰੀਕਾ ਕੋਲੋਂ ਕੋਵਿਡ-19 ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਹੋਣਗੀਆਂ ਹਾਸਲ : ਡੈਨੀ ਫੋਰਟਿਨ

ਓਟਾਵਾ : ਕੈਨੇਡਾ ਸਰਕਾਰ ਵਲੋਂ ਵੱਧ ਤੋਂ ਵੱਧ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਪ੍ਰਕਿਰਿਆ ਅਧੀਨ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ ਫੈਡਰਲ ਸਰਕਾਰ ਵੈਕਸੀਨ ਦਾ ਪ੍ਰਬੰਧ ਕਰਨ ‘ਤੇ ਫੋਕਸ ਕੀਤਾ ਹੋਇਆ ਹੈ। ਇਸ ਅਧੀਨ ਕੈਨੇਡਾ ਵਲੋਂ ਅਮਰੀਕਾ ਨਾਲ ਡੋਜ਼ ਸ਼ੇਅਰ ਕਰਨ ਦੀ ਡੀਲ ਵੀ ਸਿਰੇ ਚੜ੍ਹ ਚੁੱਕੀ ਹੈ। ਇਸ ਡੀਲ ਦੇ ਤਹਿਤ ਅਗਲੇ ਹਫ਼ਤੇ ਐਸਟ੍ਰਾਜ਼ੈਨੇਕਾ ਵੈਕਸੀਨ ਦੇ 1·5 ਮਿਲੀਅਨ ਸ਼ੌਟਸ ਕੈਨੇਡਾ ਨੂੰ ਹਾਸਲ ਹੋਣਗੇ। ਇਸ ਬਾਰੇ ਜਾਣਕਾਰੀ ਵੀਰਵਾਰ ਨੂੰ ਮੇਜਰ ਜਨਰਲ ਡੈਨੀ ਫੋਰਟਿਨ ਵੱਲੋਂ ਦਿੱਤੀ ਗਈ ।

ਫੋਰਟਿਨ ਨੇ ਦੱਸਿਆ ਕਿ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਕੈਨੇਡਾ ਨੇ ਅਮਰੀਕਾ ਨਾਲ 1·5 ਮਿਲੀਅਨ ਡੋਜ਼ਾਂ ਦੀ ਡਲਿਵਰੀ ਬਾਰੇ ਗੱਲਬਾਤ ਫਾਈਨਲ ਕੀਤੀ ਸੀ। ਇਹ ਡੋਜ਼ਾਂ ਅਗਲੇ ਹਫ਼ਤੇ ਕੈਨੇਡਾ ਪਹੁੰਚ ਸਕਦੀਆਂ ਹਨ।

ਹੁਣ ਇਹਨਾਂ ਡੋਜ਼ਾਂ ਦੇ ਮਿਲਣ ਤੋਂ ਬਾਅਦ ਅਤੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਦੇ ਤੇਜ਼ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਕੈਨੇਡਾ ਪਹਿਲੀ ਤਿਮਾਹੀ ਭਾਵ 31 ਮਾਰਚ ਤੱਕ ਵੈਕਸੀਨੇਸ਼ਨ ਦਾ ਆਪਣਾ ਟੀਚਾ ਹਾਸਲ ਕਰ ਸਕੇਗਾ। ਦੱਸ ਦਈਏ ਕਿ ਕੈਨੇਡਾ ਸਰਕਾਰ ਨੇ ਪਹਿਲੀ ਤਿਮਾਹੀ ਮੁੱਕਣ ਤੱਕ ਯਾਨਿ ਮਾਰਚ ਦੇ ਅੰਤ ਤੱਕ ਅੱਠ ਮਿਲੀਅਨ ਕੋਵਿਡ-19 ਵੈਕਸੀਨ ਡੋਜ਼ਾਂ ਲੋਕਾਂ ਨੂੰ ਦੇਣ ਦਾ ਟੀਚਾ ਮਿੱਥਿਆ ਸੀ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਤੋਂ ਇਹ ਵੈਕਸੀਨ ਫੋਜ਼ ਦੇ ਬਦਲੇ ਵਜੋਂ ਕੈਨੇਡਾ ਨੂੰ ਆਉਣ ਵਾਲੇ ਮਹੀਨਿਆਂ ਵਿੱਚ 1·5 ਮਿਲੀਅਨ ਡੋਜ਼ਾਂ ਅਮਰੀਕਾ ਨੂੰ ਮੋੜਨੀਆਂ ਹੋਣਗੀਆਂ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ Joe Biden ਵੱਲੋਂ ਮਈ ਦੇ ਅੰਤ ਤੱਕ ਸਾਰੇ ਬਾਲਗਾਂ ਦੀ ਵੈਕਸੀਨੇਸ਼ਨ ਕਰਵਾਉਦ ਦਾ ਵਾਅਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ‘ਮਾਸ ਇਮਿਊਨਾਈਜੇ਼ਸ਼ਨ’ ਕੋਸਿ਼ਸ਼ਾਂ ਸਤੰਬਰ ਦੇ ਅੰਤ ਤੱਕ ਮੁਕੰਮਲ ਕਰਨ ਦਾ ਮਨ ਬਣਾਇਆ ਹੈ । ਕੈਨੇਡਾ ਨੇ ਸਾਰੇ ਯੋਗ ਬਾਲਗਾਂ ਦਾ ਟੀਕਾਕਰਣ ਮੁਕੰਮਲ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ।

ਅਗਲੇ ਹਫਤੇ ਕੈਨੇਡਾ ਨੂੰ ਫਾਈਜ਼ਰ-ਬਾਇਓਐਨਟੈਕ ਦੀਆਂ 1·2 ਮਿਲੀਅਨ ਡੋਜ਼ਾਂ ਦੀ ਖੇਪ ਮਿਲਣ ਦੀ ਆਸ ਹੈ। ਇਸ ਤੋਂ ਬਾਅਦ ਅਪਰੈਲ ਤੇ ਜੂਨ ਦਰਮਿਆਨ ਕੈਨੇਡਾ ਨੂੰ ਹਰ ਹਫਤੇ ਇੱਕ ਮਿਲੀਅਨ ਡੋਜ਼ਾਂ ਹਾਸਲ ਹੋਣ ਦਾ ਭਰੋਸਾ ਮਿਲਿਆ ਹੋਇਆ ਹੈ। ਅਮਰੀਕਾ ਵੱਲੋਂ ਕੀਤੀ ਜਾਣ ਵਾਲੀ ਡੋਜ਼ਾਂ ਦੀ ਡਲਿਵਰੀ ਤੋਂ ਬਾਅਦ ਐਸਟ੍ਰਾਜ਼ੈਨੇਕਾ ਦੀ ਅਗਲੀ ਖੇਪ ਭਾਰਤ ਵਿੱਚ ਸਥਿਤ ਸੀਰਮ ਇੰਸਟੀਚਿਊਟ ਤੋਂ ਆਉਣ ਦੀ ਸੰਭਾਵਨਾ ਹੈ। ਅਪਰੈਲ ਵਿੱਚ ਉੱਥੋਂ ਇਸ ਦੀਆਂ ਇੱਕ ਮਿਲੀਅਨ ਡੋਜ਼ਾਂ ਆ ਸਕਦੀਆਂ ਹਨ। ਬਾਕੀ ਦੀਆਂ 5,00,000 ਡੋਜ਼ਾਂ ਮਈ ਵਿੱਚ ਆਉਣਗੀਆਂ।

ਇਹ ਅੰਕੜੇ ਇਸ ਗੱਲ ਉੱਤੇ ਆਧਾਰਿਤ ਹਨ ਕਿ ਨਵੀਆਂ ਯੂਰਪੀਅਨ ਅਤੇ ਭਾਰਤੀ ਐਕਸਪੋਰਟ ਪਾਬੰਦੀਆਂ ਕੈਨੇਡਾ ਦੀ ਸਪਲਾਈ ਨੂੰ ਸੀਮਤ ਨਾ ਕਰਨ। ਫੋਰਟਿਨ ਨੇ ਆਖਿਆ ਕਿ ਉਹ ਇਸ ਸੱਭ ਕਾਸੇ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ ਪਰ ਅਜੇ ਤੱਕ ਇਨ੍ਹਾਂ ਡਲਿਵਰੀਜ਼ ਵਿੱਚ ਕਿਸੇ ਕਿਸਮ ਦੇ ਅੜਿੱਕੇ ਦੀ ਕੋਈ ਗੁੰਜਾਇਸ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਭਾਰਤ ਸਰਕਾਰ ਨੇ ਦੂਜੇ ਦੇਸ਼ਾਂ ਨੂੰ ਵੈਕਸੀਨ ਭੇਜਣ ਤੇ ਰੋਕ ਲਗਾ ਦਿੱਤੀ ਹੈ। ਹਲਾਂਕਿ ਇਸ ਬਾਰੇ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਪਰ ਪੁਖ਼ਤਾ ਸੂਤਰਾਂ ਅਨੁਸਾਰ ਭਾਰਤ ਨੇ ਫ਼ਿਲਹਾਲ ਲਈ ਆਪਣੀਆਂ ਦੋਵੇਂ ਵੈਕਸੀਨਾਂ ਨੂੰ ਦੇਸ਼ ਦੇ ਨਾਗਰਿਕਾਂ ਨੂੰ ਤਰਜੀਹੀ ਤੌਰ ਤੇ ਦੇਣ ਦਾ ਮਨ ਬਣਾਇਆ ਹੈ। ਇਸ ਅਧੀਨ ਪਹਿਲੀ ਅਪ੍ਰੈਲ ਤੋਂ ਭਾਰਤ ਵਿੱਚ 45 ਸਾਲ ਤੋਂ ਵਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ।

ਬੀਤੇ ਦਿਨ ਕੈਨੇਡਾ ਵਿਖੇ 2,55,000 ਵੈਕਸੀਨ ਖੁਰਾਕਾਂ ਪੁੱਜੀਆਂ, ਜਿਸ ਬਾਰੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਜਾਣਕਾਰੀ ਸਾਂਝੀ ਕੀਤੀ।

Related News

ਅਮਰੀਕਨ ਓਂਟਾਰੀਓ ਦੀ ਯਾਤਰਾ ‘ਤੇ ਨਾ ਆਉਣ : ਪ੍ਰੀਮੀਅਰ ਡੱਗ ਫੋਰਡ

Vivek Sharma

ਰੂਸ ਵਲੋਂ ਬਣਾਈ ਕੋਵਿਡ 19 ਨਾਲ ਲੜਨ ਵਾਲੀ ਪਹਿਲੀ ਵੈਕਸੀਨ, ਮਨੁੱਖੀ ਟਰਾਇਲ ‘ਚ ਹੋਈ ਕਾਮਯਾਬ

Rajneet Kaur

ਪਾਲਤੂ ਕੁੱਤੇ ਨਾਲ ਖੇਡਦਿਆਂ Joe Biden ਦੀ ਟੁੱਟੀ ਪੈਰ ਦੀ ਹੱਡੀ

Rajneet Kaur

Leave a Comment