channel punjabi
International News

ਉੱਘੇ ਪਾਕਿਸਤਾਨੀ ਲੋਕ ਗਾਇਕ ਸ਼ੌਕਤ ਅਲੀ ਦਾ ਦੇਹਾਂਤ, ਲਾਹੌਰ ‘ਚ ਲਏ ਆਖਰੀ ਸਾਂਹ

ਲਾਹੌਰ : ਰੱਬ ਦੀਆਂ ਲਿਖੀਆਂ, ਰੱਬ ਹੀ ਜਾਣੇ ।।
ਪਿਛਲੇ ਕੁਝ ਦਿਨਾਂ ਤੋਂ ਸੰਗੀਤ ਦੀ ਦੁਨੀਆ ਦੇ ਚਮਕਦੇ ਨਗੀਨੇ ਖੋਂਦੇ ਜਾ ਰਹੇ ਹਨ । ਪਹਿਲਾਂ ਸੁਰਾਂ ਦੇ ਸਰਤਾਜ ਜਨਾਬ ਸਰਦੂਲ ਸਿਕੰਦਰ, ਬੀਤੇ ਦਿਨੀਂ ਨੌਜਵਾਨ ਗਾਇਕ ਦਿਲਜਾਨ ਅਤੇ ਹੁਣ ਪਾਕਿਸਤਾਨੀ ਲੋਕ ਗਾਇਕ ਸ਼ੌਕਤ ਅਲੀ। ਪਾਕਿਸਤਾਨੀ ਲੋਕ ਗਾਇਕ ਸ਼ੌਕਤ ਅਲੀ ਸ਼ੁਕਰਵਾਰ ਸ਼ਾਮ ਲਾਹੌਰ ਦੇ ਹਸਪਤਾਲ ’ਚ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਉਹ 78 ਸਾਲ ਦੇ ਸਨ।

ਪਾਕਿਸਤਾਨੀ ਮੀਡੀਆ ਅਨੁਸਾਰ, ਉਨ੍ਹਾਂ ਦੀ ਮੌਤ ਲਿਵਰ ਫੇਲ੍ਹ ਹੋਣ ਨਾਲ ਹੋਈ ਹੈ। ਪਿਛਲੇ ਸਾਲ ਸਤੰਬਰ ’ਚ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜਨ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਮੀਰ ਸ਼ੌਕਤ ਅਲੀ ਨੇ ਵੀਰਵਾਰ ਨੂੰ ਇਕ ਵੀਡੀਓ ਰਿਲੀਜ਼ ਕਰਕੇ ਦਿੱਤੀ।

ਪ੍ਰਸਿੱਧ ਗਾਇਕ ਸ਼ੌਕਤ ਅਲੀ ਦੇ ਬੇਟੇ ਅਮੀਰ ਸ਼ੌਕਤ ਨੇ ਵੀਡੀਓ ਸੁਨੇਹੇ ਵਿਚ ਕਿਹਾ ਕਿ ਪਿਤਾ ਸ਼ੌਕਤ ਅਲੀ ਲਾਹੌਰ ਦੇ ਕੰਬਾਇਨਡ ਮਿਲਟਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਨੂੰ ਤੁਹਾਡੀ ਸਾਰਿਆਂ ਦੀ ਦੁਆ ਦੀ ਲੋੜ ਹੈ। ਉਸ ਨੇ ਪਿਤਾ ਦੀ ਸਿਹਤਯਾਬੀ ਲਈ ਸੁਮੱਚੀ ਕੌਮ ਅਤੇ ਪ੍ਰਸ਼ੰਸਕਾਂ ਨੂੰ ਅਰਦਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੈ। ਹੁਣ ਤੁਹਾਡੀ ਦੁਆਵਾਂ ਹੀ ਉਨ੍ਹਾਂ ਨੂੰ ਸਿਹਤਯਾਬੀ ਬਖ਼ਸ਼ ਸਕਦੀਆਂ ਹਨ।
ਅਲੀ ਨੇ ਪਿਤਾ ਦੇ ਇਲਾਜ ਲਈ ਵਧੀਆ ਪ੍ਰਬੰਧਾਂ ਦਾ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਪੀਆਰਓ ਜਨਰਲ ਮੇਜਰ ਬਾਬਰ ਇਫਤਿਖਾਰ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।

ਦੱਸਣਯੋਗ ਹੈ ਕਿ ਸੰਗੀਤ ਜਗਤ ਅਤੇ ਦੇਸ਼ ਵਿਦੇਸ਼ ’ਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਮਸ਼ਹੂਰ ਗਜ਼ਲਗੋ ਸ਼ੌਕਤ ਅਲੀ ਦੀ ਗਾਇਕੀ ਦਾ ਕਰੀਅਰ 6 ਦਹਾਕਿਆਂ ਦਾ ਹੈ। ਉਨ੍ਹਾਂ ਨੇ 1960 ਵਿਚ ਗ਼ਜ਼ਲਾਂ ਅਤੇ ਲੋਕ ਗੀਤ ਗਾਣੇ ਸ਼ੁਰੂ ਕੀਤੇ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਉਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਦੇ ਚਾਹੁਣ ਵਾਲਿਆਂ ਦੀ ਲਹਿੰਦੇ ਪੰਜਾਬ ਦੇ ਨਾਲ ਨਾਲ ਚੜਦੇ ਪੰਜਾਬ ਵਿਚ ਵੱਡੀ ਗਿਣਤੀ ਹੈ।

ਸ਼ੌਕਤ ਅਲੀ ਨੂੰ 1976 ਵਿਚ ਵਾਇਸ ਆਫ ਪੰਜਾਬ ਦੇ ਐਵਾਰਡ ਨਾਲ ਸਨਮਾਨਿਆ ਗਿਆ। ਜੁਲਾਈ 2013 ਵਿਚ ਉਨ੍ਹਾਂ ਨੂੰ ਪ੍ਰਾਇਡ ਆਫ ਪੰਜਾਬ ਦਾ ਐਵਾਰਡ ਮਿਲਿਆ। ਸ਼ੌਕਤ ਅਲੀ ਨੇ 1982 ਵਿਚ ਨਵੀਂ ਦਿੱਲੀ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਲਾਈਵ ਪਰਫਾਰਮੈਂਸ ਦਿੱਤੀ ਸੀ। 1990 ਵਿਚ ਉਨ੍ਹਾਂ ਨੂੰ ਸਰਵਉੱਚ ਪਾਕਿਸਤਾਨੀ ਨਾਗਰਿਕ ਰਾਸ਼ਟਰਪਤੀ ਐਵਾਰਡ ‘ਪ੍ਰਾਈਡ ਆਫ ਪ੍ਰਫਾਰਮੈਂਸ’ ਨਾਲ ਸਨਮਾਨਿਤ ਕੀਤਾ ਗਿਆ।

ਸ਼ੌਕਤ ਅਲੀ ਦਾ ਗਾਣਾ ‘ਕਦੇ ਤੇ ਹੱਸ ਬੋਲ ਵੇ’ ਦੀ ਵਰਤੋਂ 2009 ਵਿਚ ਭਾਰਤੀ ਫਿਲਮ ‘ਲਵ ਆਜ ਕਲ’ ਵਿਚ ਕੀਤੀ ਗਈ।

ਉਨ੍ਹਾਂ ਦੇ ਤਿੰਨੋਂ ਪੁੱਤਰ ਇਮਰਾਨ ਸ਼ੌਕਤ ਅਲੀ, ਅਮੀਰ ਸ਼ੌਕਤ ਅਲੀ ਅਤੇ ਮੋਹਸਿਨ ਸ਼ੌਕਤ ਅਲੀ ਵੀ ਨਾਮੀ ਗਾਇਕ ਹਨ।

Related News

ਕੈਨੇਡਾ ‘ਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਲੱਖ ਨੂੰ ਕੀਤਾ ਪਾਰ, ਜਨਤਾ ਨੂੰ ਵੈਕਸੀਨ ਦਾ ਇੰਤਜ਼ਾਰ

Vivek Sharma

ਵੈਨਕੂਵਰ ‘ਚ ਚੀਨ ਦੀ ਕਮਿਊਨਿਸਟ ਹਕੂਮਤ ਖ਼ਿਲਾਫ ਭਾਰੀ ਵਿਰੋਧ ਪ੍ਰਦਰਸ਼ਨ, ਕਈ ਸੰਗਠਨਾ ਨੇ ਲਿਆ ਹਿੱਸਾ

Rajneet Kaur

ਕੋਵਿਡ 19 ਆਊਟਬ੍ਰੇਕ ਕਾਰਨ ਐਮੇਜ਼ੌਨ ਕੈਨੇਡਾ ਨੂੰ ਬਰੈਂਪਟਨ, ਓਨਟਾਰੀਓ ਵਿਚਲਾ ਹੈਰੀਟੇਜ ਰੋਡ ਪਲਾਂਟ ਬੰਦ ਕਰਨ ਦੇ ਹੁਕਮ

Rajneet Kaur

Leave a Comment