channel punjabi
International News

Sorry,ਪਤਾ ਨਹੀਂ ਸੀ ਕੋਰੋਨਾ ਦੀ ਦਵਾਈ ਹੈ ! : ਪਹਿਲਾਂ ਵੈਕਸੀਨ ਚੋਰੀ ਕੀਤੀ ਫਿਰ ਮੰਗੀ ਮੁਆਫ਼ੀ

ਜੀਂਦ/ਚੰਡੀਗੜ੍ਹ : ਕੋਰੋਨਾ ਸੰਕਟ ਵਿਚਾਲੇ ਹਰਿਆਣਾ ਸੂਬੇ ਦੇ ਜੀਂਦ ਤੋਂ ਵੈਕਸੀਨ ਚੋਰੀ ਦਾ ਇੱਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਪੂਰਾ ਘਟਨਾਕ੍ਰਮ ਫਿਲਮੀ ਲੱਗੇਗਾ, ਪਰ ਇਹ ਹਕੀਕਤ ਹੈ । ਜੀਂਦ ਦੇ ਸਿਵਲ ਹਸਪਤਾਲ ਵਿੱਚ ਬੁੱਧਵਾਰ ਦੀ ਰਾਤ ਚੋਰੀ ਦੀ ਘਟਨਾ ਵਾਪਰਦੀ ਹੈ । ਸਿਵਲ ਹਸਪਤਾਲ ਤੋਂ ਕੋਰੋਨਾ ਵੈਕਸੀਨ ਦੀਆਂ 1700 ਤੋਂ ਵੱਧ ਖੁਰਾਕਾਂ ਚੋਰੀ ਕਰ ਲਈਆਂ ਜਾਂਦੀਆਂ ਹਨ, ਪਰ ਉੱਥੇ ਪਈ ਕਰੀਬ ਪੰਜਾਹ ਹਜ਼ਾਰ ਦੀ ਰਕਮ ਨੂੰ ਚੋਰਾਂ ਨੇ ਹੱਥ ਨਹੀਂ ਲਗਾਇਆ । ਇਸ ਨੂੰ ਲੈ ਕੇ ਵੀਰਵਾਰ ਸਵੇਰੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਜਾਂਦੀਆਂ ਹਨ। ਪੁਲਿਸ ਮੌਕੇ ਤੇ ਪੁੱਜਦੀ ਹੈ, ਛਾਣਬੀਣ ਕਰਦੀ ਹੈ, ਡਾਕਟਰੀ ਅਮਲਾ ਅਤੇ ਪੁਲਿਸ ਹਸਪਤਾਲ ਦਾ ਚੱਪਾ-ਚੱਪਾ ਛਾਣ ਮਾਰਦੇ ਹਨ ਪਰ ਵੈਕਸੀਨ ਦਾ ਸੁਰਾਗ ਨਹੀਂ ਮਿਲਦਾ । ਕੁਝ ਘੰਟਿਆਂ ਵਿੱਚ ਹੀ ਹਰਿਆਣਾ ਸੂਬੇ ਦੇ ਸਰਕਾਰੀ ਹਸਪਤਾਲ ਜੀਂਦ ਤੋਂ ਵੈਕਸੀਨ ਚੋਰੀ ਹੋਣ ਦਾ ਆਪਣੀ ਕਿਸਮ ਦਾ ਇਹ ਪਹਿਲਾ ਮਾਮਲਾ ਇਲੈਕਟ੍ਰਾਨਿਕ ਮੀਡੀਆ ਦੀਆਂ ਸੁਰਖ਼ੀਆਂ ਬਣ ਜਾਂਦਾ ਹੈ।

ਵੈਕਸੀਨ ਚੋਰੀ ਦੀ ਇਹ ਖ਼ਬਰ ਅੱਗ ਵਾਂਗ ਹਰ ਪਾਸੇ ਫੈਲ ਜਾਂਦੀ ਹੈ‌ । ਇਸ ਦਰਮਿਆਨ ਦੁਪਹਿਰ ਸਮੇਂ ਪੂਰੇ ਮਾਮਲੇ ਵਿੱਚ ਨਾਟਕੀ ਮੋੜ ਉਸ ਸਮੇਂ ਆਉਂਦਾ ਹੈ, ਜਦੋਂ ਵੈਕਸੀਨ ਚੋਰ, ਚੋਰੀ ਕੀਤੀ ਵੈਕਸੀਨ ਨੂੰ ਪੁਲਿਸ ਥਾਣੇ ਭਿਜਵਾ ਕੇ ਆਪਣੀ ਕੀਤੀ ਗ਼ਲਤੀ ਲਈ ਮੁਆਫ਼ੀ ਮੰਗਦਾ ਹੈ । ਵਾਪਸ ਭੇਜੀ ਵੈਕਸੀਨ ਦੇ ਨਾਲ ਉਹ ਇੱਕ ਕਾਗਜ ਦੇ ਟੁਕੜੇ‌ ਤੇ ਆਪਣੀ ਕੀਤੀ ਗ਼ਲਤੀ ਲਈ ਮੁਆਫ਼ੀ ਮੰਗਦਾ ਹੈ, ਜਿਸ ਤੇ ਲਿਖਿਆ ਸੀ – ਸੌਰੀ, ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਦੀ ਦਵਾਈ ਹੈ।

ਇੱਥੋਂ ਤੱਕ ਦਾ ਕਿੱਸਾ ਤਾਂ ਠੀਕ ਹੈ, ਪਰ ਵੈਕਸੀਨ ਚੋਰ ਕਿੰਨੇ ਅਕਲਮੰਦ ਅਤੇ ਹੁਸ਼ਿਆਰ ਸੀ, ਉਹਨਾਂ ਨੂੰ ਪੁਲਿਸ ਦਾ ਕਿੰਨਾ ਕੁ ਡਰ-ਭੈਅ ਸੀ, ਇਸਦਾ ਸਬੂਤ ਉਹਨਾਂ ਦੇ ਵੈਕਸੀਨ ਵਾਪਿਸ ਕਰਨ ਦੇ ਤਰੀਕੇ ਤੋਂ ਪਤਾ ਚਲ ਜਾਂਦਾ ਹੈ। ਜਦੋਂ ਪੂਰੇ ਜ਼ਿਲ੍ਹੇ ਦੀ ਪੁਲਿਸ ਵੈਕਸੀਨ ਚੋਰੀ ਦਾ ਮਾਮਲਾ ਸੁਲਝਾਉਣ ਲਈ ਭੱਜ-ਦੌੜ ਵਿੱਚ ਲੱਗੀ ਹੋਈ ਸੀ ਤਾਂ ਚੋਰ ਬੜੇ ਆਰਾਮ ਨਾਲ ਸਿਵਲ ਲਾਈਨ ਥਾਣੇ ਦੇ ਬਾਹਰ ਇੱਕ ਚਾਹ ਵਾਲੇ ਨੂੰ ਸਾਰੀਆਂ ਦਵਾਈਆਂ ਵਾਪਸ ਕਰ ਗਿਆ ।

ਵੀਰਵਾਰ ਨੂੰ ਦੁਪਹਿਰ ਸਮੇਂ ਇੱਕ ਚੋਰ ਸਿਵਲ ਲਾਈਨ ਥਾਣੇ ਦੇ ਬਾਹਰ ਚਾਹ ਦੀ ਦੁਕਾਨ ‘ਤੇ ਬੈਠੇ ਬਜ਼ੁਰਗ ਕੋਲ ਪਹੁੰਚਿਆ ਅਤੇ ਉਸ ਨੂੰ ਇੱਕ ਥੈਲਾ ਸੌਂਪਦੇ ਹੋਏ ਕਿਹਾ ਕਿ ਇਹ ਪੁਲਿਸ ਮੁਲਾਜ਼ਮਾਂ ਦਾ ਖਾਣਾ ਹੈ। ਥੈਲਾ ਸੌਂਪਦੇ ਹੀ ਚੋਰ ਉੱਥੋਂ ਰਫੂਚੱਕਰ ਹੋ ਗਿਆ। ਬਜ਼ੁਰਗ ਵਿਅਕਤੀ ਖਾਣੇ ਵਾਲਾ ਉਹ ਥੈਲਾ ਲੈ ਕੇ ਥਾਣੇ ਵਿੱਚ ਪਹੁੰਚਿਆ। ਜਦੋਂ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਥੈਲੇ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਕੋਵਿਸ਼ੀਲਡ (COVISHIELD) ਅਤੇ ਕੋਵੈਕਸੀਨ (COVAXIN) ਦੀਆਂ 440 ਡੋਜ਼ ਬਰਾਮਦ ਹੋਈਆਂ । ਨਾਲ ਹੀ ਇਸ ਵਿੱਚ ਹੱਥ ਨਾਲ ਕਾਪੀ ਦੇ ਪੇਜ ‘ਤੇ ਲਿਖਿਆ ਹੋਇਆ ਇੱਕ ਲਾਈਨ ਦਾ ਨੋਟ ਵੀ ਬਰਾਮਦ ਹੋਇਆ, ਜਿਸ ਵਿੱਚ ਲਿਖਿਆ ਸੀ, ਸੌਰੀ ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਦੀ ਦਵਾਈ ਹੈ।

ਜੀਂਦ ਪੁਲਸ ਦੇ ਡੀ.ਐੱਸ.ਪੀ. ਜਿਤੇਂਦਰ ਖਟਕੜ ਦਾ ਇਸ ਬਾਰੇ ਕਹਿਣਾ ਸੀ ਕਿ ਹੋ ਸਕਦਾ ਹੈ ਚੋਰ ਨੇ ਰੈਮਡੇਸਿਵਿਰ (REMDESIVIR) ਇੰਜੇਕਸ਼ਨ ਦੇ ਚੱਕਰ ਵਿੱਚ ਇਹ ਕੋਰੋਨਾ ਵੈਕਸੀਨ ਚੋਰੀ ਕਰ ਲਈ ਹੋਵੇ। ਹਾਲਾਂਕਿ ਅਜੇ ਤੱਕ ਇਸ ਚੋਰ ਜਾਂ ਚੋਰਾਂ ਬਾਰੇ ਕੋਈ ਹੋਰ ਜਾਣਕਾਰੀ ਪੁਲਿਸ ਨੂੰ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਨੇ ਇਸ ਸੰਬੰਧ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 457 ਅਤੇ 380 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਮਾਮਲੇ ਅਧੀਨ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਪਰ ਇਹ ਪੂਰੀ ਘਟਨਾ ਮਨੁੱਖਤਾ ਵਿਚ ਵਿਸ਼ਵਾਸ ਨੂੰ ਦਰਸਾਉਂਦੀ ਹੈ । ਬੇਸ਼ੱਕ ਚੋਰਾਂ ਨੇ ਗਲਤ ਕੀਤਾ ਪਰ ਅਹਿਸਾਸ ਹੋਣ ਤੇ ਉਨ੍ਹਾਂ ਨੇ ਆਪਣੀ ਇਸ ਗਲਤੀ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਵੀ ਕੀਤੀ । ਅਜਿਹੇ ਸਮੇਂ ਜਦੋਂ ਦੇਸ਼ ਪਹਿਲਾਂ ਹੀ ਆਕਸੀਜਨ ਦੀ ਸਪਲਾਈ ਅਤੇ ਹਸਪਤਾਲਾਂ ਵਿੱਚ ਵੈਕਸੀਨ ਦੀ ਕਮੀ ਦੇ ਇਕ ਵਿਸ਼ਾਲ ਸਿਹਤ ਸੰਕਟ ਵਿਚੋਂ ਲੰਘ ਰਿਹਾ ਹੈ । ਜ਼ਿਆਦਾ ਨਹੀਂ ਤਾਂ ਸਾਡੇ ਸਿਆਸੀ ਆਗੂਆਂ ਨੂੰ ਇਸ ਘਟਨਾ ਤੋਂ ਨਸੀਹਤ ਲੈਣੀ ਚਾਹੀਦੀ ਹੈ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਆਪਣੀ ਝੂਠੀ ਈਗੋ ਛੱਡਣ, ਘਟੀਆ ਸਿਆਸਤ ਤੋਂ ਉਪਰ ਉੱਠ ਕੇ ਦੇਸ਼ ਦੇ ਲੋਕਾਂ ਦੇ ਭਲੇ ਲਈ, ਮਨੁੱਖਤਾ ਵਾਸਤੇ ਕੁਝ ਠੋਸ ਉਪਰਾਲੇ ਕਰਨ।

(ਵਿਵੇਕ ਸ਼ਰਮਾ)

Related News

Kamsack RCMP ਨੇ ਰੇਜੀਨਾ ਨੌਜਵਾਨ ਦਾ ਪਤਾ ਲਗਾਉਣ ਲਈ ਲੋਕਾਂ ਤੋਂ ਕੀਤੀ ਮਦਦ ਦੀ ਮੰਗ

Rajneet Kaur

ਭਾਰਤੀ ਮੂਲ ਦੀ ਕਿਰਨ ਸ਼ਾਹ ਨੇ ਕੈਨੇਡਾ ਦੀ ਧਰਤੀ ਤੇ ਰਚਿਆ ਇਤਿਹਾਸ, ਕੋਰਟ ਦੀ ਜੱਜ ਨਿਯੁਕਤ

Vivek Sharma

ਸੰਯੁਕਤ ਰਾਜ ਨੇ ਘਟਾਇਆ ਇਕਾਂਤਵਾਸ ਦਾ ਸਮਾਂ, ਕੈਨੇਡਾ ‘ਚ ਵੀ ਲੋਕ ਸਵਾਲ ਕਰ ਰਹੇ ਹਨ ਕਿ ਕੈਨੇਡਾ ਵੀ ਇਹ ਕਦਮ ਚੁੱਕੇਗਾ?

Rajneet Kaur

Leave a Comment