channel punjabi
International KISAN ANDOLAN News

KISAN ANDOLAN: DAY 32: ਕਿਸਾਨ ਆਪਣੀਆਂ ਸ਼ਰਤਾਂ ‘ਤੇ ਹੀ ਕਰਨਗੇ ਗੱਲਬਾਤ, ਸਰਕਾਰ ਨੂੰ ਭੇਜਿਆ ਜਵਾਬ

ਨਵੀਂ ਦਿੱਲੀ / ਚੰਡੀਗੜ੍ਹ : ਰਾਜਧਾਨੀ ਦਿੱਲੀ ਨੂੰ ਚੁਫ਼ੇਰਿਓਂ ਜੱਫੀ ਪਾਏ ਹੋਏ ਕਿਸਾਨਾਂ ਨੂੰ ਅੱਜ 32ਵਾਂ ਦਿਨ ਹੈ, ਪਰ ਕੇਂਦਰ ਸਰਕਾਰ ਹੁਣ ਵੀ ਰੁੱਸੇ ਹੋਏ ਸੱਜਣ ਦੀ ਤਰ੍ਹਾਂ ਆਪਣੀ ਜਿੱਦ ‘ਤੇ ਅੜੀ ਹੋਈ ਹੈ। ਉਧਰ ਕਿਸਾਨ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਪੱਕੇ ਤੰਬੂ ਗੱਡੀ ਬੈਠੇ ਹਨ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ, ਸੱਜਣਾ ! ਇਸ ਵਾਰ ਗੱਲਬਾਤ ਹੋਈ ਤਾਂ ਸਾਡੀਆਂ ਸ਼ਰਤਾਂ ‘ਤੇ, ਕਰਨੀ ਹੈ ਤਾਂ ਦੱਸੋ ।

ਉਧਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਠੰਢ ਧੁੰਦ ਦੀ ਪ੍ਰਵਾਹ ਕੀਤੇ ਬਿਨਾਂ, ਆਪਸੀ ਖਿਚੋਤਾਣ ਦੀ ਦੀਵਾਰ ਢਾਅ ਕੇ ਹਰਿਆਣਾ-ਪੰਜਾਬ-ਦਿੱਲੀ-ਉੱਤਰ ਪ੍ਰਦੇਸ਼-ਮਹਾਰਾਸ਼ਟਰਾ-ਰਾਜਸਥਾਨ-ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਅੱਗੇ ਦੀ ਬਿਉਂਤਬੰਦੀ ਅਤੇ ਹੋਰ ਮਸਲਿਆਂ ‘ਤੇ ਆਪੋ-ਆਪਣੀ ਰਾਇ ਸਾਂਝੀ ਕਰਦੇ ਨਜ਼ਰ ਆ ਰਹੇ ਹਨ। ਦੇਸ਼ ਵਿਦੇਸ਼ ਤੋਂ ਪੁੱਜੇ ਪ੍ਰਵਾਸੀ ਭਾਰਤੀ ਕਿਸਾਨਾਂ ਦੀ ਏਕਤਾ ਅਤੇ ਰਣਨੀਤੀ ਦੇ ਸੋਹਲੇ ਗਾਉਂਦੇ ਨਹੀਂ ਥੱਕ ਰਹੇ। ਯਕੀਨ ਮੰਨੋਂ ਭਾਰਤ ਦਾ ਅਸਲ ਸੱਭਿਆਚਾਰ, ਆਪਸੀ ਭਾਈਚਾਰਕ ਸਾਂਝ, ਅਨੇਕਤਾ ‘ਚ ਏਕਤਾ ਦੀ ਜਿਉਂਦੀ ਜਾਗਦੀ ਇਬਾਰਤ ਬਣ ਚੁੱਕਾ ਹੈ ਇਹ ਕਿਸਾਨੀ ਅੰਦੋਲਨ । ਫਿਰ ਵੀ ਕੋਈ ਸ਼ੱਕ ਹੈ ਤਾਂ ਇੱਕ ਵਾਰ ਕਿਸਾਨ ਅੰਦੋਲਨ ਵਿੱਚ ਹਾਜ਼ਰੀ ਜ਼ਰੂਰ ਭਰੋ, ਸਾਰੀਆਂ ਗਲਤ ਫਹਿਮੀਆਂ ਦੂਰ ਹੋ ਜਾਣਗੀਆਂ।

ਖ਼ੈਰ, ਹੁਣ ਗੱਲ ਕਰਦੇ ਹਾਂ ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਬਾਰੇ।

ਸਰਕਾਰ ਨਾਲ ਗੱਲਬਾਤ ਨੂੰ ਲੈ ਕੇ ਮਿਲੀ ਚਿੱਠੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸ਼ਨਿਚਰਵਾਰ ਨੂੰ ਗੱਲਬਾਤ ਦਾ ਫੈਸਲਾ ਕਰ ਲਿਆ। ਸਾਂਝਾ ਕਿਸਾਨ ਮੋਰਚੇ ਨੇ ਤੈਅ ਕੀਤਾ ਹੈ ਕਿ ਗੱਲਬਾਤ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ। ਹੁਣ ਕਿਸਾਨਾਂ ਅਤੇ ਸਰਕਾਰ ਦਰਮਿਆਨ ਮੀਟਿੰਗ 29 ਦਸੰਬਰ ਨੂੰ ਸਵੇਰੇ 11 ਵਜੇ ਸੱਦੀ ਗਈ ਹੈ । ਇਸ ਮੀਟਿੰਗ ਲਈ ਕਿਸਾਨਾਂ ਨੇ ਚਾਰ ਸ਼ਰਤਾਂ ਰੱਖੀਆਂ ਹਨ।

1. ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਸੰਭਾਵਨਾਵਾਂ ਤੇ ਗੱਲਬਾਤ ਹੋਵੇ

2. ਐਮਐਸਪੀ ਦੀ ਕਾਨੂੰਨੀ ਗਰੰਟੀ ਗੱਲਬਾਤ ਦੇ ਏਜੰਡੇ ਵਿੱਚ ਸ਼ਾਮਲ ਹੋਵੋ

3. COMMISSION FOR THE AIR QUALITY MANAGEMENT ORDINANCE ਦੇ ਤਹਿਤ ਸਜ਼ਾ ਦੇ ਪ੍ਰੋਵਿਜਨ ਕਿਸਾਨਾਂ ਤੇ ਲਾਗੂ ਨਾ ਹੋਣ, ਆਰਡੀਨੈਂਸਾਂ ਵਿੱਚ ਰੱਦੋਬਦਲ ਕਰਕੇ ਸੂਚਿਤ ਕੀਤਾ ਜਾਵੇ

4. ਇਲੈਕਟਰੀਸਿਟੀ ਅਮੈਂਡਮੈਂਟ ਬਿਲ ਵਿੱਚ ਬਦਲਾਅ ਦਾ ਮੁੱਦਾ ਵੀ ਗੱਲਬਾਤ ਦੇ ਏਜੰਡੇ ਵਿਚ ਸ਼ਾਮਲ ਹੋਣਾ ਚਾਹੀਦਾ ਹੈ।

ਇਸ ਵਿਚਾਲੇ ਕੁਝ ਕਿਸਾਨ ਆਗੂ ਦਾ ਦਾਅਵਾ ਹੈ ਕਿ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣੈ ਕਿ ਉਨ੍ਹਾਂ ਨੂੰ ਬਿਹਾਰ ਤੋਂ ਇੱਕ ਫੋਨ ਆਇਆ ਸੀ, ਕਾਲ ਕਰਨ ਵਾਲੇ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਕਾਲ ਰਿਕਾਰਡ ਕਰ ਕੇ ਪੁਲਿਸ ਕੋਲ ਭੇਜੀ ਗਈ ਹੈ। ਹੁਣ ਪੁਲਿਸ ਦੇਖੇ ਕਿ ਉਸ ਦਾ ਕੀ ਕਰਨਾ ਹੈ।

ਇਸਦੇ ਨਾਲ ਹੀ ਇੱਕ ਹੋਰ ਵੱਡੀ ਗੱਲ ਕਿਸਾਨਾਂ ਨੇ ਕਹੀ ਹੈ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨਾ ਬੰਦ ਕਰੇ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਿਛਲੀ ਮੀਟਿੰਗ ਬਾਰੇ ਗ਼ਲਤ ਜਾਣਕਾਰੀ ਨਹੀਂ ਫੈਲਾਉਣੀ ਚਾਹੀਦੀ। ਸਰਕਾਰੀ ਤੰਤਰ ਨੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਦੱਸਿਆ ਕਿ 30 ਦਸੰਬਰ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਸਿੰਘੂ ਬਾਰਡਰ ਰਾਹੀਂ ਕੱਢਿਆ ਜਾਵੇਗਾ। ਪੰਜਾਬ ਅਤੇ ਹਰਿਆਣਾ ਵਿਚ ਸਥਾਈ ਤੌਰ ਤੇ ਟੌਲ ਖੁੱਲੇ ਰਹਿਣਗੇ।

(ਵਿਵੇਕ ਸ਼ਰਮਾ)

Related News

ਪੁਲਿਸ ਨੇ 33 ਸਾਲਾ ਲਾਪਤਾ ਵਿਅਕਤੀ ਨੂੰ ਲੱਭਣ ‘ਚ ਲੋਕਾਂ ਤੋਂ ਕੀਤੀ ਮਦਦ ਦੀ ਮੰਗ

Rajneet Kaur

ਕਿਊਬਿਕ ‘ਚ ਕੋਰੋਨਾ ਦੇ 114 ਨਵੇਂ ਮਾਮਲੇ ਕੀਤੇ ਗਏ ਦਰਜ, 89 ਲੋਕ ਹੋਏ ਸਿਹਤਯਾਬ

Rajneet Kaur

ਦਿੱਲੀ ਪੁਲਿਸ ਦੀ ਸਫ਼ਾਈ : ਗ੍ਰੇਟਾ ਥਨਬਰਗ ਖ਼ਿਲਾਫ਼ ਨਹੀਂ ਦਰਜ ਕੀਤੀ F.I.R., ਟੂਲਕਿੱਟ ਦੇ ਲੇਖਕ ‘ਤੇ ਦਰਜ ਹੋਇਆ ਮਾਮਲਾ

Vivek Sharma

Leave a Comment