channel punjabi
International News

BIG NEWS : ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ : ਸਰੀ ਵਿਖੇ ਪਾਵਨ ਸਰੂਪਾਂ ਦੀ ਛਪਾਈ ਬਾਰੇ ਲਿਆ ਵੱਡਾ ਫੈਸਲਾ

ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਿੰਘ ਸਾਹਿਬਾਨਾਂ ਦੀ ਇਕੱਤਰਤਾ

ਕਈ ਅਹਿਮ ਮਸਲਿਆਂ ‘ਤੇ ਸਿੰਘ ਸਾਹਿਬਾਨ ਨੇ ਲਏ ਫ਼ੈਸਲੇ

ਸਰੀ-ਕੈਨੇਡਾ ਵਿਖੇ ਪਾਵਨ ਸਰੂਪਾਂ ਦੀ ਛਪਾਈ ਸੰਬੰਧੀ ਸਿੰਘ ਸਾਹਿਬਾਨ ਦਾ ਸਖ਼ਤ ਫ਼ੈਸਲਾ

6 ਮਹੀਨੇ ਅੰਦਰ ਮੰਗੀ ਪੂਰੀ ਰਿਪੋਰਟ

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਬਾਰੇ ਸੁਣਾਇਆ ਵੱਡਾ ਫ਼ੈਸਲਾ

ਅੰਮ੍ਰਿਤਸਰ/ਸਰੀ : ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਥ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਇਕੱਤਰਤਾ ਹੋਈ । ਇਸ ਦੌਰਾਨ ਪੰਜ ਤਖ਼ਤਾਂ ਦੇ ਜਥੇਦਾਰ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜਾਂ ਪਿਆਰਿਆਂ ਚੋਂ ਗਿਆਨੀ ਦਿਲਬਾਗ ਸਿੰਘ ਨੇ ਕਈ ਮਸਲਿਆਂ ‘ਤੇ ਫੈਸਲੇ ਕੀਤੇ ਹਨ।

ਸਰੀ-ਕੈਨੇਡਾ ਵਿਖੇ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ

ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜੇ ਮਸਲੇ ਪ੍ਰਮੁੱਖਤਾ ਨਾਲ ਵਿਚਾਰੇ ਗਏ ਉਨ੍ਹਾਂ ਵਿੱਚ ਸਰੀ-ਕੈਨੇਡਾ ਵਿਖੇ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ ਵੀ ਸ਼ਾਮਲ ਰਿਹਾ । ਸਰੀ ਵਿਖੇ ਬਿਨਾਂ ਆਗਿਆ ਲਏ ਛਪਾਈ ਕੀਤੇ ਜਾਣ ਦੀਆਂ ਮਿਲੀਆਂ ਸ਼ਿਕਾਇਤਾਂ ‘ਤੇ ਸਿੰਘ ਸਾਹਿਬਾਨ ਨੇ ਆਪਣਾ ਵੱਡਾ ਫੈਸਲਾ ਸੁਣਾ ਦਿੱਤਾ।

ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਕਿ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ,ਬੀਸੀ (ਕੈਨੇਡਾ) ਆਪਣੀ ਨਿੱਜੀ ਸੰਸਥਾ ਸਤਿਨਾਮ ਰਿਲੀਜਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਤੀ 09-05-1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ । ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ। ਇਨ੍ਹਾਂ ਨੇ ਬਿਨ੍ਹਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ । ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਝਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਕੈਨੇਡਾ ਨਿਵਾਸੀ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਇੱਕ ਮਹੀਨੇ ਦੇ ਅੰਦਰ – ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ । ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਹੁਣ ਤੀਕ ਤਿਆਰ ਕੀਤੇ ਗਏ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਭੈਲਟਾ-ਸਰੀ, ਬੀਸੀ ਕੈਨੇਡਾ ਵਿਖੇ ਮੋਹਤਬਾਰ ਸਿੱਖਾਂ ਦੀ ਹਾਜ਼ਰੀ ਵਿਚ ਸੁਭਾਇਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ,ਤਤਕਰੇ ਤੋਂ ਰਾਗ ਮਾਲਾ ਤੀਕ ਦੀ ਵਾਧ-ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ ਛੇ ਮਹੀਨੇ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ ।

ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਗਏ। ਇਨ੍ਹਾਂ ਵਿੱਚੋਂ ਲਾਪਤਾ ਹੋਏ 267 ਪਾਵਨ ਸਰੂਪਾਂ ਦਾ ਮਾਮਲਾ ਅਹਿਮ ਹੈ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਹਫ਼ਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਰਿਮ ਕਮੇਟੀ ਦੀ ਮੀਟਿੰਗ ਸੱਦ ਕੇ ਇਸ ਵਿੱਚ ਜ਼ਿੰਮੇਵਾਰ ਮੁਲਾਜ਼ਮਾਂ (ਅਧਿਕਾਰੀਆਂ ਤੇ ਕਰਮਚਾਰੀਆਂ) ਦੇ ਖਿਲਾਫ ਕਾਰਵਾਈ ਕੀਤੀ ਜਾਵੇ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਦਿੱਤਾ ਸਖ਼ਤ ਫੈਸਲਾ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਮਲੇ ‘ਤੇ ਵੀ ਫ਼ੈਸਲਾ ਲਿਆ ਗਿਆ ਹੈ। ਜਥੇਦਾਰ ਨੇ ਕਿਹਾ ਕਿ ਢੱਡਰੀਆਂ ਵਾਲੇ ਦੇ ਕਥਨਾਂ ਸਬੰਧੀ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ ਕਮੇਟੀ ਦੀ ਰਿਪੋਰਟ ਅਨੁਸਾਰ ਉਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ। ਉਹ ਇਨ੍ਹਾਂ ਕਥਨਾਂ ਸਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ।
ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਤੇ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਹੈ ਕਿ ਜਿੰਨਾ ਚਿਰ ਤੱਕ ਉਹ ਆਪਣੀ ਗਲਤ ਬਿਆਨੀ ਲਈ ਸ੍ਰੀ ਅਕਾਲ ਤਖਤ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ, ਓਨਾਂ ਚਿਰ ਤੱਕ ਉਸ ਦੇ ਸਮਾਗਮ ਨਾ ਕਰਵਾਏ ਜਾਣ ਤੇ ਨਾ ਹੀ ਉਸ ਨੂੰ ਸੁਣਿਆ ਜਾਵੇ ਤੇ ਨਾ ਹੀ ਇਸ ਦੀਆਂ ਵੀਡੀਓ ਅੱਗੇ ਸ਼ੇਅਰ ਕੀਤੀਆਂ ਜਾਣ। ਜੇਕਰ ਇਹ ਹਾਲੇ ਵੀ ਬਾਜ਼ ਨਾ ਆਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ. ਦਾ ਮਾਮਲਾ

ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ਼ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸਬੰਧ ਵਿਚ ਸ਼ਿਕਾਇਤਾਂ ਪੁੱਜੀਆਂ ਸਨ । ਜਿਸ ਇਸ ਨੂੰ (ਪੱਕਾ ਨੰਬਰ ਅ : ਤ /19/370 ਮਿਤੀ 06-01-2021 ) ਰਾਹੀਂ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਸੀ, ਜੋ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਭੇਜਿਆ । ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੋਂ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੋਸ਼ – ਵਿਦੇਸ਼ ਦੀਆਂ ਸਿੱਖ ਸੰਗਤਾਂ , ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ ।

ਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਦੇਣ ਦਾ ਮਾਮਲਾ

ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫੀ ਨਹੀਂ ਹੈ । ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ ।

ਹੋਰ ਵੱਡੇ ਮਸਲੇ ਜਿਨ੍ਹਾਂ ‘ਤੇ ਲਏ ਗਏ ਫ਼ੈਸਲੇ

ਸਾਬਕਾ ਜਥੇਦਾਰ ਗਿ : ਇਕਬਾਲ ਸਿੰਘ ਨੇ ਅੱਯੁਧਿਆ ਵਿਖੇ ਸਮਾਗਮ ਵਿਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਿਤਾਉਂਦਿਆਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਸੀ,ਹੈ ਅਤੇ ਰਹੇਗੀ । ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ।

ਬਾਬਾ ਸ਼ਮਸ਼ੇਰ ਸਿੰਘ ਨੇ ਸ੍ਰੀ ਜਗਨਨਾਥਪੁਰੀ, ਉੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ । ਜਦ ਕਿ ਇਹ ਉਹ ਅਸਥਾਨ ਨਹੀਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ । ਪਹਿਲਾਂ ਵੀ ਇਸ ਨੂੰ ਸੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜੁ਼ਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ । ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ । ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਬਾਬਾ ਸ਼ਮਸ਼ੇਰ ਸਿੰਘ ਇੱਕ ਮਹੀਨੇ ਦੇ ਅੰਦਰ – ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਨਹੀਂ ਤਾਂ ਅਗਲੀ ਇਕੱਤਰਤਾ ਵਿਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਉਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਪਿਛਲੇ ਦਿਨੀਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ । ਬਾਰ-ਬਾਰ ਪਤ੍ਰਿਕਾਵਾਂ ਭੇਜਣ ਤੇ ਵੀ ਇਨ੍ਹਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ । ਇਸ ਸਬੰਧੀ ਸੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਪ੍ਰਧਾਨ ਅਤੇ ਅਹੁਦੇਦਾਰ ਸਬੰਧਤ ਜਾਣਕਾਰੀ ਲੈ ਕੇ ਖੁਦ ਮਿਤੀ 18-09-2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜ਼ਰ ਹੋਣ ।

ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨਾਂ ਵਿਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਚਿੱਤ ਨਹੀਂ ਹੈ ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ਼ ਹੈ । ਸਿੱਖ ਹਮੇਸ਼ਾਂ ਹੀ ਅਰਦਾਸ ਰਾਹੀ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ । ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ । ਪੈਸੇ ਦੇ ਲਾਲਚ ਵਿਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ । ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੁਚੇਤ ਰਹਿਣ।

Related News

ਓਟਾਵਾ: ਸਿਹਤ ਅਧਿਕਾਰੀਆਂ ਨੇ ਸ਼ਹਿਰ ਦੇ ਮੁੱਢਲੇ ਖੇਤਰ ਵਿੱਚ ਦੋ ਹੋਰ ਮੁਲਾਂਕਣ ਕੇਂਦਰਾਂ ਦਾ ਕੀਤਾ ਐਲਾਨ

Rajneet Kaur

ਫਲੋਰਿਡਾ ‘ਚ ਸਥਿਤ ਸਯੁੰਕਤ ਰਾਜ ਦੀ ਇਕ ਵਿਸ਼ੇਸ਼ ਫੋਜ ਦੇ ਸਰਜੈਂਟ ਨੇ ਅੰਨ੍ਹੇਵਾਹ ਕੀਤੀ ਗੋਲੀਬਾਰੀ, 3 ਵਿਅਕਤੀ ਜ਼ਖਮੀ

Rajneet Kaur

ਆਕਸਫੋਰਡ ਦਾ ਕੋਰੋਨਾ ਵੈਕਸੀਨ ਟ੍ਰਾਇਲ ਹਾਲੇ ਵੀ ਹਵਾ ਵਿੱਚ !

Vivek Sharma

Leave a Comment