channel punjabi
International News

BIG NEWS : ਭਾਰਤ ਸਰਕਾਰ ਦਾ ਵੱਡਾ ਐਲਾਨ, ਕੇਂਦਰ ਨੇ ਕੈਪਟਨ ਦੀ ਸਲਾਹ ਨੂੰ ਮੰਨਿਆ:45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ

ਨਵੀਂ ਦਿੱਲੀ / ਚੰਡੀਗੜ੍ਹ : ਭਾਰਤ ਸਰਕਾਰ ਨੇ ਦੇਸ਼ ਅੰਦਰ ਕੋਰੋਨਾ ਤਾਲਾਬੰਦੀ ਦੀ ਪਹਿਲੀ ਵਰ੍ਹੇਗੰਢ (23 ਮਾਰਚ) ‘ਤੇ ਆਮ ‌ਲੋਕਾਂ ਲਈ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ। ਅਜਿਹਾ ਐਲਾਨ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਹਾਲੇ ਤੱਕ ਨਹੀਂ ਕੀਤਾ ਗਿਆ। ਭਾਰਤ ਸਰਕਾਰ ਨੇ ਦੇਸ਼ ਅੰਦਰ ਕੋਰੋਨਾ ਦੇ ਨਵੇਂ ਸਰੂਪਾਂ ਦੇ ਮਾਮਲੇ ਅਚਾਨਕ ਵਧਣ ਤੋਂ ਬਾਅਦ ਵੱਡੇ ਫੈਸਲੇ ਤਹਿਤ 45 ਸਾਲ ਤੋਂ ਵਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਗਲਵਾਰ ਨੂੰ ਨਾਗਰਿਕਾਂ ਨੂੰ ਕੋਵਿਡ-19 ਵੈਕਸੀਨ ਲਈ ਅੱਗੇ ਆਉਣ ਲਈ ਕਿਹਾ ਤੇ ਜਾਣਕਾਰੀ ਦਿੱਤੀ ਕਿ ਪਹਿਲੀ ਅਪ੍ਰੈਲ ਤੋਂ 45 ਸਾਲ ਤੋਂ ਵਧ ਉਮਰ ਵਾਲੇ ਲੋਕਾਂ ਲਈ Vaccination (ਟੀਕਾਕਰਨ) ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਦਾ ਟੀਕਾ 45 ਸਾਲ ਉਮਰ ਵਰਗ ਦੇ ਲੋਕਾਂ ਲਈ ਖੋਲ੍ਹਣ ਦੀ ਇਜਾਜ਼ਤ ਮੰਗੀ ਸੀ, ਜੋ ਕਿ ਪ੍ਰਵਾਨ ਕਰਨ ਲਈ ਗਈ ਹੈ । ਜ਼ਿਕਰਯੋਗ ਹੈ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵਿੱਚ ਹਾਲੇ 50-60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ ।


ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ, ‘ਵੈਕਸੀਨ ਹੀ ਇਕ ਮਹੱਤਵਪੂਰਨ ਸੁਰੱਖਿਆ ਕਵਚ ਹੈ। ਮਾਸਕ ਤਾਂ ਲਗਾਉਣਾ ਹੀ ਹੈ, ਹੱਥ ਧੋਣਾ ਹੀ ਹੈ ਪਰ ਜੋ ਵੈਕਸੀਨ ਲੈ ਸਕਦੇ ਹਨ ਉਨ੍ਹਾਂ ਨੂੰ ਲੈ ਲੈਣੀ ਚਾਹੀਦੀ ਹੈ।’ ਸਿਹਤ ਮੰਤਰਾਲੇ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਹੁਣ ਤਕ 5 ਕਰੋੜ ਤੋਂ ਵਧ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਮਿਲ ਚੁੱਕੀ ਹੈ। ਸਿਰਫ਼ ਸੋਮਵਾਰ ਨੂੰ ਹੀ ਦੇਸ਼ ਭਰ ’ਚ 32,53,095 ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ।

ਦਰਅਸਲ ਪੰਜਾਬ ਅੰਦਰ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਕੋਰੋਨਾ ਮਾਮਲਿਆਂ ਦੀ ਗਿਣਤੀ ਵਧਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਦਾ ਟੀਕਾ 45 ਸਾਲ ਉਮਰ ਵਰਗ ਦੇ ਲੋਕਾਂ ਲਈ ਖੋਲ੍ਹਣ ਦੀ ਇਜਾਜ਼ਤ ਮੰਗੀ ਸੀ, ਕੈਪਟਨ ਦੀ ਮੰਗ ਨੂੰ ਕੁਝ ਘੰਟਿਆਂ ਅੰਦਰ ਹੀ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ । ਇਸ ‘ਤੇ ਟਵੀਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੀ ਬੇਨਤੀ ਦਾ ਜਵਾਬ ਦੇਣ ਅਤੇ ਕੋਵਿਡ-19 ਟੀਕਾ 45 ਨੂੰ ਖੋਲ੍ਹਣ ਲਈ ਨਰਿੰਦਰ ਮੋਦੀ ਜੀ ਦਾ ਧੰਨਵਾਦ। ਮੈਂ ਬੇਨਤੀ ਕਰਦਾ ਹਾਂ ਕਿ ਅਧਿਆਪਕਾਂ, ਜੱਜਾਂ, ਵਕੀਲਾਂ, ਵਿਧਾਇਕਾਂ / ਸੰਸਦ ਮੈਂਬਰਾਂ ਆਦਿ ਦੇ ਨਾਜ਼ੁਕ ਪੇਸ਼ਿਆਂ ਨੂੰ ਤਰਜੀਹ ਦੇਣ ਦੇ ਸਾਡੇ ਸੁਝਾਅ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਵਿਆਪਕ ਸੰਪਰਕ ਵਿੱਚ ਆਉਂਦੇ ਹਨ।

ਵਧਦੇ ਕੋਰੋਨਾ ਕੇਸਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਬਾਦੀ ਦੇ ਵੱਡੇ ਹਿੱਸੇ ਲਈ ਟੀਕਾਕਰਨ ਤੁਰੰਤ ਖੋਲ੍ਹਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿ ਮਾਹਰਾਂ ਨੇ ਮੌਜੂਦਾ ਕੋਵੀਸ਼ੀਲਡ ਵੈਕਸੀਨ ਨੂੰ ਕੋਰੋਨਾ ਦੇ ਇਸ ਨਵੇਂ ਸਟ੍ਰੇਨ ਵਿਰੁੱਧ ਬਰਾਬਰ ਪ੍ਰਭਾਵਸ਼ਾਲੀ ਪਾਇਆ ਹੈ, ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾ ਕੇ ਇਸ ਚੇਨ ਨੂੰ ਤੋੜਨਾ ਜ਼ਰੂਰੀ ਹੈ। ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਕ ਦੂਰੀਆਂ ਕਾਇਮ ਰੱਖਣ ਸਮੇਤ ਸਾਰੇ ਕੋਵਿਡ ਸੇਫਟੀ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬਾ ਸਰਕਾਰ, ਜਿਸ ਨੇ ਪਹਿਲਾਂ ਹੀ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਜੇਕਰ ਲੋਕ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਹੋਰ ਜ਼ਿਆਦਾ ਪਾਬੰਦੀਆਂ ਲਗਾਉਣ ਲਈ ਮਜਬੂਰ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਕੋਰੋਨਾ ਦਾ ਇਹ ਨਵਾਂ ਸਟ੍ਰੇਨ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਕਿ ਯੂਕੇ ਵਿੱਚ 98% ਅਤੇ ਸਪੇਨ ਵਿੱਚ 90% ਨਵੇਂ ਕੇਸਾਂ ਨੂੰ ਦਰਸਾਉਂਦਾ ਹੈ। ਯੂਕੇ ਦੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਇਹ ਅਸਲ ਵਾਇਰਸ ਨਾਲੋਂ 70% ਵਧੇਰੇ ਪ੍ਰਸਾਰਣਯੋਗ ਹੈ । ਦੱਸਣਯੋਗ ਹੈ ਕਿ ਪੰਜਾਬ ਵਿਚ ਇਸ ਸਾਲ ਸੋਮਵਾਰ ਨੂੰ ਇਕੋ ਦਿਨ ਕੋਰੋਨਾ ਤੋਂ ਸਭ ਤੋਂ ਵੱਧ ਮੌਤਾਂ ਹੋਈਆਂ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2319 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 6382 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ।

Related News

ਟੋਰਾਂਟੋ ਵਿਖੇ ਸੋਮਵਾਰ ਨੂੰ ਸਤਾਰਾਂ ਕੋਵਿਡ 19 ਟੀਕੇ ਕਲੀਨਿਕਾਂ ਦਾ ਕੀਤਾ ਜਾਵੇਗਾ ਆਯੋਜਨ

Rajneet Kaur

BIG NEWS : ਕੈਨੇਡਾ ਨੇ ਹੁਆਵੇਈ ਕੰਪਨੀ ‘ਤੇ ਪਾਬੰਦੀ ਕਿਉਂ ਨਹੀਂ ਲਗਾਈ ? ਵਿਦੇਸ਼ ਮੰਤਰੀ ਨੇ ਦਿੱਤੀ ਸਫ਼ਾਈ !

Vivek Sharma

ਅਲਬਰਟਾ: ਕੈਫ਼ੇ ਨੇ ਨਿਯਮਾਂ ਦੀ ਕੀਤੀ ਉਲੰਘਣਾ,ਹੋ ਸਕਦੈ ਭਾਰੀ ਜ਼ੁਰਮਾਨਾ

Rajneet Kaur

Leave a Comment