channel punjabi
Canada News North America

ਕੈਨੇਡਾ ਦੇ ਇਕਾਂਤਵਾਸ ਹੋਟਲਾਂ ਦੀ ਗਿਣਤੀ ਵਿੱਚ ਵਾਧਾ, ਅੰਤਰਰਾਸ਼ਟਰੀ ਯਾਤਰੀਆਂ ਲਈ ਕੈਨੇਡਾ ਪ੍ਰਵੇਸ਼ ਤੋਂ ਪਹਿਲਾਂ ਜ਼ਰੂਰੀ ਹੈ ਹੋਟਲ ਕੁਆਰੰਟੀਨ

ਟੋਰਾਂਟੋ : ਕੈਨੇਡਾ ਸਰਕਾਰ ਨੇ ਕੌਮਾਂਤਰੀ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਏਕਾਂਤਵਾਸ ਲਈ ਨਿਰਧਾਰਤ ਕੀਤੇ ਗਏ ਹੋਟਲਾਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਯਾਤਰੀਆਂ ਨੂੰ ਨਿਰਧਾਰਤ ਤਰੀਕ ਤੇ ਹੋਟਲ ਉਪਲੱਬਧ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਆਪਣੀ ਯਾਤਰਾ ਦੀ ਯੋਜਨਾ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਟਰੂਡੋ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੌਮਾਂਤਰੀ ਯਾਤਰੀਆਂ ਦਾ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਕੋਰੋਨਾ ਟੈਸਟ ਕਰਾਉਣ ਤੇ ਉਸ ਦੀ ਰਿਪੋਰਟ ਆਉਣ ਤੱਕ ਹੋਟਲਾਂ ‘ਚ ਏਕਾਂਤਵਾਸ ਹੋਣ ਦੀ ਸ਼ਰਤ ਲਾਜ਼ਮੀ ਕੀਤੀ ਗਈ ਸੀ।

ਇਹ ਨਿਯਮ 22 ਫਰਵਰੀ ਨੂੰ ਲਾਗੂ ਕੀਤੇ ਗਏ ਸਨ, ਇਨ੍ਹਾਂ ਨਿਯਮਾਂ ਤਹਿਤ ਪਹਿਲਾਂ ਸਰਕਾਰ ਵੱਲੋਂ ਨਿਰਧਾਰਤ 22 ਹੋਟਲਾਂ ਦੀ ਸੂਚੀ ਜਾਰੀ ਕੀਤੀ ਗਈ ਸੀ, ਜੋ ਕਿ ਫੈਡਰਲ ਸਰਕਾਰ ਦੀ ਵੈਬਸਾਈਟ ‘ਤੇ ਉਪਲੱਬਧ ਸੀ। ਫਰਵਰੀ ਦੇ ਅੰਤ ਤੱਕ ਇਸ ਸੂਚੀ ‘ਚ ਵਾਧਾ ਕਰਦੇ ਹੋਏ ਹੋਟਲਾਂ ਦੀ ਗਿਣਤੀ 37 ਕਰ ਦਿੱਤੀ ਗਈ। ਹੁਣ ਇਹ ਗਿਣਤੀ 57 ਹੋਟਲਾਂ ਤੱਕ ਪੁੱਜ ਗਈ ਹੈ।

ਕੌਮਾਂਤਰੀ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਏਕਾਂਤਵਾਸ ਹੋਟਲਾਂ ਦੀ ਗਿਣਤੀ ਵਿੱਚ ਅਜੇ ਹੋਰ ਵਾਧਾ ਕਰ ਰਹੀ ਹੈ ਤਾਂ ਜੋ ਮੁਲਕ ‘ਚ ਆ ਰਹੇ ਯਾਤਰੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਕੈਨੇਡਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ 22 ਫਰਵਰੀ ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਜਿਸ ਤਹਿਤ ਕੈਨੇਡਾ ਦੀ ਧਰਤੀ ‘ਤੇ ਉਤਰਦੇ ਸਾਰ ਯਾਤਰੀ ਦਾ ਕੋਰੋਨਾ ਟੈਸਟ ਹੁੰਦਾ ਹੈ। ਉਸ ਦੀ ਰਿਪੋਰਟ ਤਿੰਨ ਬਾਅਦ ਆਉਂਦੀ ਹੈ। ਰਿਪੋਰਟ ਆਉਣ ਤੱਕ ਯਾਤਰੀ ਨੂੰ ਫੈਡਰਲ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਹੋਟਲਾਂ ਵਿੱਚ ਏਕਾਂਤਵਾਸ ਰਹਿਣਾ ਪੈਂਦਾ ਹੈ। ਹੋਟਲ ਦਾ ਸਾਰਾ ਖਰਚ ਯਾਤਰੀ ਨੂੰ ਆਪਣੀ ਜੇਬ੍ਹ ‘ਚੋਂ ਖਰਚਣਾ ਪੈਂਦਾ ਹੈ। ਤਿੰਨ ਦਿਨ ਦਾ 2 ਹਜ਼ਾਰ ਡਾਲਰ ਖਰਚ ਪੈ ਸਕਦਾ ਹੈ, ਜਦਕਿ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਪ੍ਰਤੀ ਦਿਨ 3 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਨੇ ਦੱਸਿਆ ਕਿ 8 ਮਾਰਚ ਤੱਕ 15 ਅਜਿਹੇ ਯਾਤਰੀਆਂ ਨੂੰ ਜੁਰਮਾਨਾ ਲਾਇਆ ਜਾ ਚੁੱਕਾ ਹੈ, ਜਿਨ੍ਹਾਂ ਨੇ ਕੈਨੇਡਾ ਆਉਣ ਤੋਂ ਪਹਿਲਾਂ ਫੈਡਰਲ ਸਰਕਾਰ ਵੱਲੋਂ ਨਿਰਧਾਰਤ ਹੋਟਲ ਦੀ ਬੁਕਿੰਗ ਨਹੀਂ ਕੀਤੀ ਸੀ।
ਹਾਲਾਂਕਿ ਕੈਨੇਡਾ ਆਉਣ ਵਾਲੇ ਅੰਤਰਰਾਸਟਰੀ ਯਾਤਰੀਆਂ ਲਈ ਨਿਰਧਾਰਤ ਕੀਤੀ ਗਈ ਹਵਾਈ ਅੱਡਿਆਂ ਦੀ ਸੂਚੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਤਰੀ ਸਿਰਫ਼ ਵੈਨਕੁਵਰ, ਕੈਲਗਰੀ, ਟੋਰਾਂਟੋ ਜਾਂ ਮੌਂਟਰੀਅਲ ਹਵਾਈ ਅੱਡਿਆਂ ਰਾਹੀਂ ਹੀ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖ ਸਕਦੇ ਹਨ।

Related News

ਪਾਰਕੈਡ ਦੀ ਅੱਗ ਕਾਰਨ ਵੈਨਕੂਵਰ ਕੋਰਟਹਾਉਸ ਕਰਵਾਉਣਾ ਪਿਆ ਖਾਲੀ

Rajneet Kaur

WHO : ਕੋਰੋਨਾ ਵਾਇਰਸ ਦਾ ਸੰਕਟ ਦਿਨੋ-ਦਿਨ ਵਿਗੜ ਸਕਦਾ ਹੈ

Rajneet Kaur

51 ਸਾਲਾ ਵਿਅਕਤੀ ‘ਤੇ ਕੋਲ ਹਾਰਬਰ ਗੋਲੀਬਾਰੀ’ ਚ ਪਹਿਲੀ ਡਿਗਰੀ ਕਤਲ ਦਾ ਇਲਜ਼ਾਮ,ਹਮਲੇ ‘ਚ ਹਰਬ ਧਾਲੀਵਾਲ ਦੀ ਹੋਈ ਸੀ ਮੌਤ

Rajneet Kaur

Leave a Comment