channel punjabi
News

ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ ਤੇ ਤਾਮਿਲਨਾਡੂ ‘ਚ ਅਚਾਨਕ ਵਧੇ ਕੋਰੋਨਾ ਦੇ ਮਾਮਲੇ, ਕੇਂਦਰ ਨੇ ਭੇਜੀ ਵਿਸ਼ੇਸ਼ ਟੀਮ

ਨਵੀਂ ਦਿੱਲੀ/ਚੰਡੀਗੜ੍ਹ : ਕੁਝ ਹਫ਼ਤਿਆਂ ਤਕ ਕਾਬੂ ਵਿੱਚ ਰਹਿਣ ਤੋਂ ਬਾਅਦ ਭਾਰਤ ‘ਚ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ ਤੇ ਤਾਮਿਲਨਾਡੂ ‘ਚ ਅਚਾਨਕ ਮਾਮਲੇ ਵਧਣ ਲੱਗੇ ਹਨ। ਖਾਸਕਰ ਪੰਜਾਬ ਤੇ ਮਹਾਰਾਸ਼ਟਰ ‘ਚ ਸਥਿਤੀ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ। ਕੇਂਦਰ ਨੇ ਇਨ੍ਹਾਂ ਦੋਵਾਂ ਸੂਬਿਆਂ ‘ਚ ਮਾਹਰਾਂ ਦੀਆਂ ਟੀਮਾਂ ਭੇਜੀਆਂ ਹਨ ਤਾਂ ਜੋ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਇਸ ਮਹਾਮਾਰੀ ਨੂੰ ਠੱਲ੍ਹ ਪਾਈ ਜਾ ਸਕੇ।

ਦੇਸ਼ ‘ਚ 36 ਦਿਨਾਂ ਬਾਅਦ ਇਕ ਦਿਨ ‘ਚ 18 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਲਗਾਤਾਰ ਦੂਜੇ ਦਿਨ ਕੋਰੋਨਾ ਨਾਲ 2 ਸੌ ਤੋਂ ਜ਼ਿਆਦਾ ਲੋਕਾਂ ਦੀ ਜਾਨ ਇਕ ਦਿਨ ‘ਚ ਗਈ ਹੈ। ਸ਼ਨਿੱਚਰਵਾਰ ਲਗਾਤਾਰ ਚੌਥੇ ਦਿਨ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਮਾਮਲੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਤੋਂ ਘੱਟ ਹਨ। ਮਰੀਜ਼ਾਂ ਦੀ ਠੀਕ ਹੋਣ ਦੀ ਦਰ ਵੀ 97 ਫ਼ੀਸਦੀ ਤੋਂ ਥੱਲੇ ਆ ਗਈ ਹੈ।

ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ‘ਚ ਮਹਾਰਾਸ਼ਟਰ ਤੇ ਪੰਜਾਬ ‘ਚ ਮਾਹਰਾਂ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਮਹਾਰਾਸ਼ਟਰ ‘ਚ ਭੇਜੀ ਗਈ ਟੀਮ ਦੀ ਅਗਵਾਈ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ‘ਚ ਆਫਤ ਪ੍ਰਬੰਧਨ ਸੈੱਲ ‘ਚ ਸੀਨੀਅਰ ਸੀ.ਐਮ.ਓ ਪੀ. ਰਵਿੰਦਰ ਕਰ ਰਹੇ ਹਨ ਜਦਕਿ ਨਵੀਂ ਦਿੱਲੀ ਸਥਿਤ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨਸੀਡੀਸੀ) ਦੇ ਨਿਦੇਸ਼ਕ ਐੱਸਕੇ ਸਿੰਘ ਦੀ ਅਗਵਾਈ ‘ਚ ਪੰਜਾਬ ‘ਚ ਟੀਮ ਭੇਜੀ ਗਈ ਹੈ।

ਉਧਰ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਪਾਬੰਦੀਆਂ ਲਗਾਉਣ ਦੇ ਅਧਿਕਾਰ ਦੇ ਦਿੱਤੇ ਹਨ, ਜਿਸ ਦੇ ਚੱਲਦਿਆਂ ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਵੀ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਬਾਹਰ ਨਿਕਲਣ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।
ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਹਿਲਾਂ ਹੀ ਨਾਈਟ ਕਰਫਿਊ ਦਾ ਐਲਾਨ ਕੀਤਾ ਜਾ ਚੁੱਕਾ ਹੈ ।

ਇਸ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਇਹ ਟੀਮਾਂ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨਗੀਆਂ। ਮਹਾਰਾਸ਼ਟਰ ਤੇ ਪੰਜਾਬ ਦੇ ਨਾਲ ਕੇਰਲ, ਕਰਨਾਟਕ ਤੇ ਤਾਮਿਲਨਾਡੂ ‘ਚ 82 ਫ਼ੀਸਦੀ ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਦੇਸ਼ ‘ਚ 18,327 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਇਸ ਤੋਂ ਜ਼ਿਆਦਾ 18, 855 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ।

Related News

ਨਹੀਂ ਰੁਕੀ ਕੋਰੋਨਾ ਦੀ ਰਫ਼ਤਾਰ, ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ‘ਚ ਤੇਜ਼ੀ ਬਰਕਰਾਰ

Vivek Sharma

ਕਰੀਬ ਡੇਢ ਮਹੀਨੇ ਬਾਅਦ ਮਿਲੀ ਛੇ ਸਾਲਾ ਲੜਕੇ ਦੀ ਲਾਸ਼ , ਮਕਵਾ ਝੀਲ ‘ਚ ਵਾਪਰਿਆ ਸੀ ਹਾਦਸਾ

Vivek Sharma

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ, ਠੀਕ ਹੋਣ ‘ਚ ਲੱਗ ਸਕਦੈ 2 ਸਾਲ ਤੱਕ ਦਾ ਸਮਾਂ : ਮਾਹਿਰ

Rajneet Kaur

Leave a Comment