channel punjabi
Canada International News North America

BIG NEWS : ਭਾਰਤ ਕੈਨੇਡਾ ਨੂੰ ਕੋਰੋਨਾ ਵੈਕਸੀਨ ਉਪਲਬਧ ਕਰਵਾਉਣ ਲਈ ਤਿਆਰ! ਪੀ.ਐਮ.ਟਰੂਡੋ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਭਰੋਸਾ, ਦੋਹਾਂ ਨੇ ਲੰਮੇ ਅਰਸੇ ਬਾਅਦ ਕੀਤੀ ਗੱਲਬਾਤ

ਓਟਾਵਾ/ਨਵੀਂ ਦਿੱਲੀ : ਅਮਰੀਕਾ ਤੋਂ ਬਾਅਦ ਕੋਰੋਨਾ ਨਾਲ ਪਿਛਲੇ ਇੱਕ ਸਾਲ ਤੋਂ ਲਗਾਤਾਰ ਜੂਝਦੇ ਆ ਰਹੇ ਕੈਨੇਡਾ ਨੂੰ ਹੁਣ ਭਾਰਤ ਨੇ ਮਦਦ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਕੋਵਿਡ-19 ਟੀਕੇ ਲਈ ਕੈਨੇਡਾ ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗਾ। ਪੀ.ਐਮ. ਮੋਦੀ ਦਾ ਬਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਹਨਾਂ ਨੂੰ ਕੀਤੀ ਗਈ ਫੋਨ ਕਾਲ ਤੋਂ ਬਾਅਦ ਆਇਆ ਹੈ। ਦਰਅਸਲ ਜਸਟਿਨ ਟਰੂਡੋ ਨੇ ਭਾਰਤ ਵਿੱਚ ਤਿਆਰ ਕੋਰੋਨਾ ਵੈਕਸੀਨ ਸਬੰਧੀ ਪੀ.ਐਮ. ਮੋਦੀ ਨਾਲ ਗੱਲਬਾਤ ਕੀਤੀ, ਕਿਉਂਕਿ ਕੈਨੇਡਾ ਨੂੰ ਵੈਕਸੀਨ ਦੀ ਸਪਲਾਈ ਕਰ ਰਹੀ ਇੱਕ ਕੰਪਨੀ ਨੇ ਸਪਲਾਈ ਰੋਕੀ ਹੋਈ ਹੈ ਅਤੇ ਇਸ ਸਪਲਾਈ ਵਿੱਚ ਰੁਕਾਵਟ ਅੱਗੇ ਕੁਝ ਹਫ਼ਤਿਆਂ ਲਈ ਵੀ ਜਾਰੀ ਰਹਿ ਸਕਦੀ ਹੈ।


ਪੀ.ਐਮ. ਮੋਦੀ ਦੇ ਟਵੀਟ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਨ੍ਹਾਂ ਕੋਰੋਨਾ ਤੋਂ ਬਚਾਅ ਦੇ ਟੀਕਿਆਂ, ਮੌਸਮ ਵਿੱਚ ਤਬਦੀਲੀ ਅਤੇ ਵਿਸ਼ਵਵਿਆਪੀ ਆਰਥਿਕ ਬਹਾਲੀ ਬਾਰੇ ਵਿਚਾਰ ਵਟਾਂਦਰੇ ਕੀਤੇ।

ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕੀਤਾ ਕਿ ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ ਹੈ ।

ਜ਼ਿਕਰਯੋਗ ਹੈ ਕਿ ਦੋਹਾਂ ਆਗੂਆਂ ਵਿਚਾਲੇ ਲੰਮੇ ਸਮੇਂ ਬਾਅਦ ਗੱਲਬਾਤ ਹੋਈ ਹੈ। ਕਿਸਾਨੀ ਅੰਦੋਲਨ ਨੂੰ ਹਮਾਇਤ ਕਰਨ ਦੇ ਮੁੱਦੇ ‘ਤੇ ਭਾਰਤ ਸਰਕਾਰ ਕੈਨੇਡਾ ਨਾਲ ਸਖ਼ਤ ਵਿਰੋਧ ਜਤਾ ਚੁੱਕਿਆ ਹੈ। ਭਾਰਤ ਨੇ ਦੋ ਹਰਫ਼ਾਂ ‘ਚ ਕਿਹਾ ਸੀ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ ਕੈਨੇਡਾ ਇਸ ਵਿਚ ਦਖਲ ਨਾ ਦੇਵੇ। ਇਥੋਂ ਤੱਕ ਕਿ ਕੈਨੇਡਾ ਦੇ ਰਾਜਦੂਤ ਨੂੰ ਸੱਦ ਕੇ ਸਖ਼ਤ ਵਿਰੋਧ ਵੀ ਜਤਾਇਆ ਸੀ। ਇਸ ਤੋਂ ਬਾਅਦ ਟਰੂਡੋ ਨੇ ਮੁੜ ਕਿਹਾ ਸੀ ਕਿ ਉਹ ਦੁਨੀਆ ਵਿੱਚ ਕਿਸੇ ਵੀ ਤਰ੍ਹਾਂ ਦੇ ਸ਼ਾਂਤਮਈ ਅੰਦੋਲਨਾਂ ਦੀ ਹਮੇਸ਼ਾ ਹਮਾਇਤ ਕਰਦੇ ਰਹਿਣਗੇ। ਫਿਲਹਾਲ ਦੋਹਾਂ ਮੁਲਕਾਂ ਦੇ ਆਗੂਆਂ ਵਿਚਾਲੇ ਹੁਣ ਕੁਝ ਨਰਮੀ ਆਉਣ ਦੇ ਸੰਕੇਤ ਮਿਲੇ ਹਨ।

ਖਾਸ ਗੱਲ ਇਹ ਕਿ ਕੈਨੇਡਾ ਇਸ ਮਹੀਨੇ ਐਸਟਰਾਜ਼ੇਨੇਕਾ ਦੇ ਨਿਰਯਾਤ ਖੁਰਾਕਾਂ ਨੂੰ ਪ੍ਰਾਪਤ ਕਰਨ ਲਈ ਭਾਰਤ ਸਰਕਾਰ ਦੁਆਰਾ ਮਨਜ਼ੂਰ ਕੀਤੇ 25 ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੈ, ਹਾਲਾਂਕਿ ਫੈਡਰਲ ਅਧਿਕਾਰੀਆਂ ਨੇ ਪਿਛਲੇ ਹਫਤੇ ਸੰਕੇਤ ਕੀਤਾ ਸੀ ਕਿ ਕੈਨੇਡਾ ਨੂੰ ਘੱਟੋ ਘੱਟ ਅਪ੍ਰੈਲ ਤੱਕ ਵੀ ਵੈਕਸੀਨ ਦੀ ਖੇਪ ਆਉਣ ਦੀ ਉਮੀਦ ਨਹੀਂ ਹੈ।

ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਐਸਟ੍ਰੈਜ਼ੇਨੇਕਾ ਨਾਲ ਘੱਟੋ ਘੱਟ ਇਕ ਅਰਬ ਟੀਕਾ ਖੁਰਾਕ ਬਣਾਉਣ ਦਾ ਇਕਰਾਰਨਾਮਾ ਹੈ, ਅਤੇ ਹੈਲਥ ਕੈਨੇਡਾ ਇਸ ਵੇਲੇ ਭਾਰਤ ਅੰਦਰ ਇਸ ਸਹੂਲਤ ਵਿਚ ਨਿਰਮਾਣ ਪ੍ਰਕਿਰਿਆਵਾਂ ਦੀ ਸਮੀਖਿਆ ਕਰ ਰਹੀ ਹੈ ਤਾਂ ਜੋ ਇਹ ਕੈਨੇਡੀਅਨਾਂ ਦੇ ਵਰਤਣ ਲਈ ਐਸਟ੍ਰਾਜ਼ੇਨੇਕਾ ਟੀਕਾ ਤਿਆਰ ਕਰਵਾ ਸਕੇ।

ਇਸ ਤੋਂ ਪਹਿਲਾਂ ਅੱਜ ਟਰੂਡੋ ਨੇ ਕਿਹਾ ਕਿ ਕੋਵਿਡ-19 ਵਿਰੁੱਧ ਕੈਨੇਡਾ ਅਤੇ ਭਾਰਤ ਭਾਈਵਾਲ ਵਜੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੇ ਮੋਦੀ ਨਾਲ ਗੱਲ ਕਰਨ ਦਾ ਜ਼ਿਕਰ ਨਹੀਂ ਕੀਤਾ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਟਰੂਡੋ ਅਤੇ ਮੋਦੀ ਦਾ ਆਪਸ ਵਿੱਚ ਰਿਸ਼ਤਾ ਕੋਈ ਜ਼ਿਆਦਾ ਚੰਗਾ ਨਹੀਂ ਰਿਹਾ ਹੈ। ਸਭ ਤੋਂ ਵੱਡੀ ਗੱਲ, ਹਾਲ ਹੀ ਵਿੱਚ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਟਰੂਡੋ ਪ੍ਰਤੀ ਭਾਰਤ ਸਰਕਾਰ ਆਪਣਾ ਗੁੱਸਾ ਜ਼ਾਹਰ ਕਰ ਚੁੱਕੀ ਹੈ।

Related News

ਅਮਰੀਕਾ ਦੇ ਰਾਸ਼ਟਰਪਤੀ ਚੋਣ ਦੇ ਪ੍ਰਚਾਰ ਲਈ ਬਾਲੀਵੁੱਡ ਦੇ ਗੀਤਾਂ ਦਾ ਸਹਾਰਾ

Vivek Sharma

ਕੈਨੇਡੀਅਨ ਫ਼ੌਜੀ ਵੀ ਹੋਏ ਕੋਰੋਨਾ ਦੇ ਸ਼ਿਕਾਰ, ਇਕਾਂਤਵਾਸ ਵਿੱਚ ਭੇਜਿਆ ਗਿਆ

Vivek Sharma

ਟਰੰਪ ਦੇ ਇੱਕ ਹੋਰ ਫੈਸਲੇ ਨੂੰ ਪਲਟਿਆ, ਹਾਊਸ ਆਫ਼ ਰਿਪ੍ਰੇਜ਼ੇਟੇਟਿਵ ‘ਚ NO BAN ਬਿੱਲ ਹੋਇਆ ਪਾਸ, ਕੋਈ ਵੀ ਰਾਸ਼ਟਰਪੀ ਹੁਣ ਨਹੀਂ ਲਾ ਸਕੇਗਾ ‘ਟ੍ਰੈਵਲ ਬੈਨ’

Vivek Sharma

Leave a Comment