channel punjabi
International News USA

ਭਾਰਤ ਅਤੇ ਅਮਰੀਕਾ ਵਿਚਕਾਰ ਭਾਈਵਾਲੀ ਸਾਂਝੇ ਮੁੱਲਾਂ ’ਤੇ ਆਧਾਰਤ : ਤਰਨਜੀਤ ਸਿੰਘ ਸੰਧੂ

ਵਾਸ਼ਿੰਗਟਨ : ਅਮਰੀਕਾ ਵਿੱਚ ਭਾਰਤ ਦੇ ਗਣਤੰਤਰ ਦਿਵਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ । ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਹ ਸਮਾਗਮ ਪਹਿਲੀ ਵਾਰ ਆਨਲਾਈਨ ਆਯੋਜਿਤ ਕੀਤਾ ਗਿਆ। ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਭਾਈਵਾਲੀ ਸਾਂਝੇ ਮੁੱਲਾਂ ’ਤੇ ਆਧਾਰਤ ਹੈ ਅਤੇ ਉਹ ਅਮਰੀਕਾ ਦੇ ਨਵੇਂ ਰਾਸ਼ਟਰਪਤੀ Joe Biden ਦੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਨ। ਸੰਧੂ ਨੇ ਗਣਤੰਤਰ ਦਿਵਸ ’ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰਾ ਅਮਰੀਕਾ ਨਾਲ ਸਾਡੇ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ ਹੈ। ਭਾਰਤੀ ਰਾਜਦੂਤ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਈਚਾਰਾ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਾ ਜਾਰੀ ਰੱਖੇਗਾ। ਸੰਧੂ ਨੇ ਕਿਹਾ ਕਿ ਉਹ ਰਾਸ਼ਟਰਪਤੀ Joe Biden ਅਤੇ ਉਪ ਰਾਸ਼ਟਰਪਤੀ Kamla Harris ਦੀ ਅਗਵਾਈ ਵਾਲੇ ਨਵੇਂ ਪ੍ਰਸ਼ਾਸਨ ਨਾਲ ਕੰਮ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ।

ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਵਿਚਕਾਰ ਭਾਈਵਾਲੀ ਲੋਕਤੰਤਰ, ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਕਾਨੂੰਨ ਦੇ ਸ਼ਾਸਨ ਜਿਹੇ ਸਾਂਝੇ ਮੁੱਲਾਂ ਦੀ ਨੀਂਹ ’ਤੇ ਬਣੀ ਹੈ। ਪੁਲਾੜ ਤੋਂ ਲੈ ਕੇ ਨੈਨੋ-ਟੈਕਨਾਲੋਜੀ, ਹਿੰਦ-ਪ੍ਰਸ਼ਾਂਤ ਤੋਂ ਲੈ ਕੇ ਜਲਵਾਯੂ ਪਰਿਵਰਤਨ, ਸਿਹਤ ਦੇਖਭਾਲ ਤੋਂ ਲੈ ਕੇ ਸਿੱਖਿਆ ਅਤੇ ਆਈਟੀ ਤੱਕ ਇਸ ਗੱਲ ਨੂੰ ਲੈ ਕੇ ਮਾਨਤਾ ਮਿਲੀ ਹੈ ਕਿ ਸਾਡੀ ਭਾਈਵਾਲੀ ਨਾਲ ਸਿਰਫ਼ ਸਾਡੇ ਦੋ ਮੁਲਕਾਂ ਨੂੰ ਹੀ ਨਹੀਂ, ਸਗੋਂ ਪੂਰੀ ਦੁਨੀਆ ਨੂੰ ਲਾਭ ਹੋ ਸਕਦਾ ਹੈ।
ਕੋਰੋਨਾ ਵਾਇਰਸ ਵਿਰੁੱਧ ਜੰਗ ’ਤੇ ਸੰਧੂ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੋਵਾਂ ਨੇ ਟੀਕੇ ਬਣਾ ਲਏ ਹਨ ਅਤੇ ਹੁਣ ਵਿਆਪਕ ਪੱਧਰ ’ਤੇ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਸੀਂ ਦੁਨੀਆ ਦਾ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾ ਰਹੇ ਹਾਂ। ਭਾਰਤ ਸਰਕਾਰ ਨੇ ਇਸ ਗੱਲ ਦਾ ਵੀ ਖਾਸ ਤੌਰ ’ਤੇ ਧਿਆਨ ਰੱਖਿਆ ਹੈ ਕਿ ਭਾਰਤ ਵਿੱਚ ਬਣੇ ਟੀਕੇ ਹੋਰ ਦੇਸ਼ਾਂ, ਸਾਡੇ ਗੁਆਂਢੀ ਦੇਸ਼ਾਂ, ਦੋਸਤਾਂ ਅਤੇ ਭਾਈਵਾਲਾਂ ਨੂੰ ਵੀ ਮਿਲਣ।

ਭਾਰਤ ਦੇ 72ਵੇਂ ਗਣਤੰਤਰ ਦਿਵਸ ਦਾ ਸਮਾਗਮ ਕੋਰੋਨਾ ਕਾਰਨ ਆਨਲਾਈਨ ਆਯੋਜਤ ਕੀਤਾ ਗਿਆ ਸੀ, ਜਿਸ ਵਿੱਚ ਦੇਸ਼ ਭਰ ਦੇ ਸੈਂਕੜੇ ਭਾਰਤੀ ਅਮਰੀਕੀਆਂ ਨੇ ਸ਼ਿਰਕਤ ਕੀਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਗਣਤੰਤਰ ਦਿਵਸ ਮੌਕੇ ਸੰਬੋਧਨ ਨੂੰ ਵੀ ਇੱਥੇ ਚਲਾਇਆ ਗਿਆ। ਇਸ ਦੌਰਾਨ ਕੁਝ ਸੱਭਿਆਚਾਰਕ ਪ੍ਰੋਗਰਮਾ ਵੀ ਆਯੋਜਤ ਕੀਤੇ ਗਏ, ਜਿਸ ਵਿੱਚ ਰਿਚਮੰਡ ਦੇ ‘ਗੰਧਰਵ ਸਕੂਲ ਆਫ਼ ਮਿਊਜ਼ਿਕ’ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਦੀ ਪੇਸ਼ਕਾਰੀ ਦਿੱਤੀ।

Related News

ਲੋਰਨ ਐਵੇਨਿਊ ‘ਤੇ 67 ਸਾਲਾ ਸਾਈਕਲ ਸਵਾਰ ਨੂੰ ਵਾਹਨ ਨੇ ਮਾਰੀ ਟੱਕਰ: ਸਸਕੈਟੂਨ ਪੁਲਿਸ

Rajneet Kaur

ਓਕਵਿਲੇ ਵਿੱਚ ਇੱਕ ਮਸ਼ਹੂਰ ਸਟੀਕਹਾਉਸ ਵਿੱਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਮਿਸੀਸਾਗਾ ਵਿੱਚ ਸੜਕ ਹਾਦਸੇ ਦੀ ਘਟਨਾ ਤੋਂ ਬਾਅਦ ਸਕੇਟਬੋਰਡਰ ਜ਼ਖਮੀ

Rajneet Kaur

Leave a Comment