channel punjabi
Canada News North America

BIG NEWS : ਪਾਬੰਦੀਆਂ ਖ਼ਿਲਾਫ਼ ਓਂਟਾਰੀਓ ‘ਚ ਪ੍ਰਦਰਸ਼ਨ! ਹਾਲਾਤਾਂ ਵਿੱਚ ਕਿਵੇਂ ਹੋਵੇਗਾ ਸੁਧਾਰ ?

ਵੁੱਡਸਟਾਕ : ਸੂਬਾ ਸਰਕਾਰ ਵੱਲੋਂ ਲਾਗੂ ਕੀਤੀਆ ਪਾਬੰਦੀਆਂ ਖਿਲਾਫ਼ ਲੋਕਾਂ ਦਾ ਰੋਹ ਫੁੱਟਨਾ ਸ਼ੁਰੂ ਹੋ ਗਿਆ ਹੈ । ਉਂਟਾਰੀਓ ਸੂਬੇ ਦੇ ਵੁੱਡਸਟਾਕ ਸ਼ਹਿਰ ਵਿਚ ਮੌਸਮ ਬੇਸ਼ਕ ਠੰਢਾ ਹੈ ਪਰ ਇੱਥੇ ਹੋ ਰਹੇ ਲਗਾਤਾਰ ਪ੍ਰਦਰਸ਼ਨਾਂ ਨੇ ਵੀ ਪ੍ਰਸ਼ਾਸਨ ਨੂੰ ਕੁੜਕੁੜ ਕਰਨ ਲਾ ਦਿੱਤਾ ਹੈ ।

ਵੁੱਡਸਟਾਕ ਵਿਖੇ ਐਤਵਾਰ ਨੂੰ ਕੋਵਿਡ-19 ਤੋਂ ਬਚਾਅ ਵਾਸਤੇ ਲਾਗੂ ਕੀਤੀਆਂ ਜਾ ਰਹੀਆਂ ਪਾਬੰਦੀਆਂ ਵਿਰੁੱਧ ਰੈਲੀ ਲਈ ਦਰਜਨਾਂ ਲੋਕ ਇਕੱਠੇ ਹੋਏ। ਰੈਲੀ ਦੁਪਹਿਰ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਵਿੱਚ ਲਗਭਗ 80 ਲੋਕਾਂ ਦੀ ਭੀੜ ਮਿਊਜ਼ੀਅਮ ਸਕੁਏਅਰ ਤੱਕ ਪ੍ਰਦਰਸ਼ਨ ਕਰਦੇ ਹੋਏ ਪਹੁੰਚ ਗਈ।

ਮੌਸਮ ਖ਼ਰਾਬ ਹੋਣ ਅਤੇ ਮੀਂਹ ਪੈਣ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਹ ਜਤਾਉਣਾ ਜਾਰੀ ਰੱਖਿਆ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਲਾਜ਼ਮੀ ਮਾਸਕਿੰਗ ਬਾਈਲਾਜ ਦੇ ਨਾਲ-ਨਾਲ ਸਿਹਤ ਸੰਬੰਧੀ ਹੋਰ ਪਾਬੰਦੀਆਂ ਦਾ ਵੀ ਵਿਰੋਧ ਕੀਤਾ । ਕਮਾਲ ਇਸ ਗੱਲ ਦਾ ਰਿਹਾ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੇ ਮੂੰਹ ਤੇ ਮਾਸਕ ਨਹੀਂ ਪਾਇਆ ਹੋਇਆ ਸੀ ।


ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਸਨ। ਪ੍ਰਸ਼ਾਸ਼ਨ ਖਿਲਾਫ਼ ਰੋਹ ਵਿੱਚ ਨਜ਼ਰ ਆ ਰਹੇ ਪ੍ਰਦਰਸ਼ਨਕਾਰੀਆਂ ਨੇ ਕੋਵਿਡ-19 ਦੀ ਗੰਭੀਰਤਾ ਅਤੇ ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ‘ਤੇ ਸ਼ੰਕਾ ਜਤਾਈ।

ਐਤਵਾਰ ਦੀ ਰੈਲੀ ਸਾਰਨੀਆ ਅਤੇ ਸੇਂਟ ਥਾਮਸ ਵਿੱਚ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਇੱਕ ਦਿਨ ਬਾਅਦ ਹੋਈ ਹੈ, ਜਿਸ ਵਿੱਚ 200 ਦੇ ਕਰੀਬ ਲੋਕਾਂ ਦੀ ਭੀੜ ਲੱਗੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪ੍ਰਦਰਸ਼ਨ ਪ੍ਰਸ਼ਾਸਨ ਵੱਲੋਂ ਭੀੜ ਜਾਂ ਇਕੱਠ ਨਾ ਕਰਨ ਦੀਆਂ ਜਾਰੀ ਹਦਾਇਤਾਂ ਦੇ ਬਾਵਜੂਦ ਹੋਏ ਹਨ ।

ਉਧਰ ਵੁੱਡਸਟਾਕ ਪੁਲਿਸ ਇਨ੍ਹਾਂ ਸਾਹਮਣੇ ਬੇਵੱਸ ਅਤੇ ਸ਼ਾਂਤ ਨਜ਼ਰ ਆਈ । ਪੁਲਿਸ ਨੇ ਪੂਰੇ ਖੇਤਰ ਵਿਚ ਤਾਇਨਾਤ ਕਈ ਅਧਿਕਾਰੀਆਂ ਨਾਲ ਭੀੜ ‘ਤੇ ਨਜ਼ਰ ਰੱਖੀ ।

ਇੱਥੇ ਕਮਾਲ ਦੀ ਗੱਲ ਇਹ ਵੀ ਹੈ ਕਿ ਵੁੱਡਸਟਾਕ ਦੇ ਪੁਲਿਸ ਮੁਖੀ ਡੈਰਲ ਲੌਂਗਵਰਥ ਅਤੇ ਮੇਅਰ ਟ੍ਰੇਵਰ ਬਰਟਚ ਦੋਵਾਂ ਨੇ ਐਤਵਾਰ ਦੀ ਰੈਲੀ ਤੋਂ ਪਹਿਲਾਂ ਬਿਆਨ ਜਾਰੀ ਕੀਤੇ ਸਨ । ਲੌਂਗਵਰਥ ਨੇ ਭਰੋਸਾ ਦਿਵਾਇਆ ਸੀ ਕਿ ਜਨਤਕ ਸੁਰੱਖਿਆ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਮੇਅਰ ਬਰਟਚ ਨੇ ਲੋਕਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾਂ ਇਕੱਠ ਕਰਨ ਤੋਂ ਬਚਣ ਲਈ ਅਪੀਲ ਕੀਤੀ ਸੀ।

ਇਸ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੇ ਕਮਿਊਨਿਟੀ ਸਰਵਿਸ ਅਧਿਕਾਰੀ ਸ਼ੈਲੇਨ ਜੈਕਸਨ ਨੇ ਇਹ ਕਹਿ ਕੇ ਪ੍ਰਸ਼ਾਸਨ ਦਾ ਬਚਾਅ ਕੀਤਾ ਕਿ ਦੋਵਾਂ ਬਿਆਨਾਂ ਨੇ ਐਤਵਾਰ ਨੂੰ ਨੰਬਰ ਘੱਟ ਰੱਖਣ ਵਿੱਚ ਸਹਾਇਤਾ ਕੀਤੀ ਹੈ । ਹਲਾਂਕਿ ਪ੍ਰਦਰਸ਼ਨ ਦੌਰਾਨ ਖੇਤਰ ਦੇ ਕੁਝ ਦਰਸ਼ਕ ਵੀ ਵੇਖੇ ਗਏ ਅਤੇ ਜ਼ਿਆਦਾਤਰ ਕਾਰੋਬਾਰ ਬੰਦ ਹੋ ਗਏ ।

‘ਖਸਿਆਣੀ ਬਿੱਲੀ ਖੰਬਾ ਨੋਚੇ’ ਵਾਲੀ ਕਹਾਵਤ ਨੂੰ ਪੂਰਦਿਆਂ ਕਮਿਊਨਟੀ ਅਧਿਕਾਰੀ ਸ਼ੈਲੇਨ ਜੈਕਸਨ ਨੇ ਇਹ ਕਹਿ ਕੇ ਗੱਲ ਮੁੱਕਦੀ ਕੀਤੀ ਕਿ,’ਅਸੀਂ ਕੋਵਿਡ ਦੀਆਂ ਪਾਬੰਦੀਆਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਨਾਲ ਹੀ ਲੋਕਾਂ ਨੂੰ ਵਿਰੋਧ ਦਾ ਅਧਿਕਾਰ ਵੀ ਹੈ।’

ਜ਼ਿਕਰਯੋਗ ਹੈ ਕਿ ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਡਾ਼. ਥੈਰੇਸਾ ਟਾਮ ਲੋਕਾਂ ਨੂੰ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਲਗਾਤਾਰ ਜਾਣੂ ਕਰਵਾਉਂਦੇ ਹੋਏ ਸੁਚੇਤ ਅਤੇ ਜਾਗਰੂਕ ਰਹਿਣ ਦੀ ਅਪੀਲ ਕਰ ਰਹੇ ਨੇ। ਉਧਰ ਦੂਜੇ ਪਾਸੇ ਸੂਬਾ ਸਰਕਾਰਾਂ ਦੀ ਢਿੱਲਮੱਠ ਲੋਕਾਂ ਦੀ ਜਾਨ ‘ਤੇ ਭਾਰੀ ਪੈ ਰਹੀ ਹੈ । ਫ਼ਿਲਹਾਲ ਲੋਕਾਂ ਨੂੰ ਜਿੱਥੇ ਪ੍ਰਦਰਸ਼ਨ ਕਰਨ ਦਾ ਹੱਕ ਹੈ ਉਥੇ ਹੀ ਇਹ ਵੀ ਸਮਝਨਾ ਚਾਹੀਦਾ ਹੈ ਕਿ ਪਾਬੰਦੀਆਂ ਪੂਰੀ ਕਮਿਊਨਿਟੀ ਦੇ ਹੱਕ ਵਿੱਚ ਹਨ। ਪ੍ਰਸ਼ਾਸ਼ਨ ਅਤੇ ਲੋਕਾਂ ਨੂੰ ਆਪਸੀ ਤਾਲਮੇਲ ਅਤੇ ਸਮਝ ਨਾਲ ਕੰਮ ਲੈਂਦੇ ਹੋਏ ਪਾਬੰਦੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
(ਵਿਵੇਕ ਸ਼ਰਮਾ)

Video Clips Courtesy : Andrew Graham Twitter

Related News

ਕੈਨੇਡਾ ਨੂੰ ਇਸ ਹਫਤੇ ਕੋਵਿਡ-19 ਵੈਕਸੀਨ ਦੀਆਂ ਦੋ ਮਿਲੀਅਨ ਡੋਜ਼ਾਂ ਤੋਂ ਵੀ ਵੱਧ ਵੈਕਸੀਨ ਹਾਸਲ ਹੋਣ ਦੀ ਉਮੀਦ

Rajneet Kaur

ਓਟਾਵਾ: ਹੈਲਥ ਕੈਨੇਡਾ ਸਕਰੀਨਿੰਗ ਦੇ ਮਕਸਦ ਨਾਲ ਹੋਮ ਟੈਸਟਿੰਗ ਡਿਵਾਇਸਿਜ਼ ਨੂੰ ਮਨਜ਼ੂਰੀ ਦੇਣ ਬਾਰੇ ਕਰ ਰਿਹੈ ਵਿਚਾਰ

Rajneet Kaur

ਡ੍ਰੈਗਨ ਨੂੰ ਮਾਤ ਦੇਣ ਲਈ ਅਮਰੀਕਾ ਨੇ ਲਿਆ ਵੱਡਾ ਫੈਸਲਾ ! ਲੰਮੇ ਇੰਤਜਾਰ ਤੋਂ ਬਾਅਦ ਚੁੱਕਿਆ ਕਦਮ

Vivek Sharma

Leave a Comment