channel punjabi
International News SPORTS

ਟੀਮ ਇੰਡੀਆ ਨੇ ਬੇਹੱਦ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਵਨ ਡੇਅ ਸੀਰੀਜ਼

ਪੁਣੇ : ਭਾਰਤ ਦੌਰੇ ‘ਤੇ ਆਈ ਇੰਗਲੈਂਡ ਦੀ ਟੀਮ ਨੂੰ ਖਾਲੀ ਹੱਥ ਆਪਣੇ ਦੇਸ਼ ਪਰਤਣਾ ਪੈ ਰਿਹਾ ਹੈ ਕਿਉਂਕਿ ਟੀਮ ਇੰਡੀਆ ਨੇ ਇੰਗਲੈਂਡ ਖ਼ਿਲਾਫ਼ ਤੀਜੇ ਤੇ ਫ਼ੈਸਲਾਕੁੰਨ ਵਨ ਡੇਅ ਅੰਤਰਰਾਸ਼ਟਰੀ ਮੈਚ ਵਿਚ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਵਨ ਡੇਅ ਮੈਚਾਂ ਦੀ ਲੜ੍ਹੀ ਵੀ ਆਪਣੇ ਨਾਂ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤ T-20 ਮੈਚਾਂ ਦੀ ਲੜੀ ਵੀ 3-2 ਨਾਲ ਜਿੱਤ ਚੁੱਕਾ ਹੈ।

ਟੀਮ ਇੰਡੀਆ ਨੇ ਜਿੱਤ ਦੀ ਖੁਸ਼ੀ ਕੁਝ ਇਸ ਤਰ੍ਹਾਂ ਸਾਂਝੀ ਕੀਤੀ

ਪੁਣੇ ਵਿੱਚ ਖੇਡਿਆ ਗਿਆ ਵਨ ਡੇਅ ਮੈਚਾਂ ਦੀ ਲੜੀ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਬੇਹੱਦ ਰੋਮਾਂਚਕ ਰਿਹਾ । ਸਾਂਹ ਰੋਕ ਦੇਣ ਵਾਲੇ ਇਸ ਮੈਚ ਵਿੱਚ ਰੋਮਾਂਚ ਆਖਰੀ ਗੇਂਦ ਸੁੱਟੇ ਜਾਣ ਤੱਕ ਬਣਿਆ ਰਿਹਾ। ਭਾਰਤ ਨੇ ਟਾਸ ਹਾਰ ਕੇ ਮਹਿਮਾਨ ਟੀਮ ਦੇ ਕਹੇ ਅਨੁਸਾਰ ਪਹਿਲਾਂ ਬੱਲੇਬਾਜ਼ੀ ਕੀਤੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਸ਼ਿਖਰ ਧਵਨ, ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਦੇ ਅਰਧ ਸੈਂਕੜਿਆਂ ਦੇ ਦਮ ‘ਤੇ ਭਾਰਤੀ ਟੀਮ 48.2 ਓਵਰਾਂ ਵਿਚ ਸਾਰੇ ਖਿਡਾਰੀਆਂ ਦੇ ਆਊਟ ਹੋਣ ਤੱਕ 329 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 330 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਮਹਿਮਾਨ ਟੀਮ 50 ਓਵਰਾਂ ਵਿਚ ਨੌਂ ਵਿਕਟਾਂ ‘ਤੇ 322 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਇੰਗਲੈਂਡ ਦੀ ਟੀਮ ਸੱਤ ਦੌੜਾਂ ਨਾਲ ਮੈਚ ਅਤੇ ਵਨ ਡੇਅ ਲੜੀ ਹਾਰ ਗਈ।

ਜਿੱਤ ਦਾ ਪਿੱਛਾ ਕਰਨ ਮੈਦਾਨ ‘ਚ ਉੱਤਰੀ ਇੰਗਲੈਂਡ ਦੀ ਟੀਮ ਦੀ ਮੋਢੀ ਬੱਲੇਬਾਜ਼ੀ ਸ਼ੁਰੂਆਤ ਵਿੱਚ ਹੀ ਲੜਖੜਾ ਗਈ। ਇੱਕ ਸਮੇਂ ਇੰਗਲੈਂਡ ਦੀ ਟੀਮ ਦੇ 4 ਖਿਡਾਰੀ 95 ਦੌੜਾਂ ਤੇ ਪੈਵੇਲੀਅਨ ਵਾਪਿਸ ਜਾ ਚੁੱਕੇ ਸਨ । ਅਜਿਹਾ ਲੱਗ ਰਿਹਾ ਸੀ ਕਿ ਅਗਲੇ ਦਸ ਓਵਰਾਂ ਵਿਚ ਟੀਮ ਇੰਗਲੈਂਡ ਆਊਟ ਹੋ ਕੇ ਵੱਡੀ ਹਾਰ ਦਾ ਸਾਹਮਣਾ ਕਰੇਗੀ। ਪਰ ਇਸ ਵਿਚਾਲੇ ਇੰਗਲੈਂਡ ਦੇ ਦੋ ਖਿਡਾਰੀਆਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਲਿਆਮ ਲਿਵਿੰਗਸਟੋਨ (36 ਦੌੜਾਂ) ਅਤੇ ਡੇਵਿਡ ਮਲਾਨ (50 ਦੌੜਾਂ) ਵਿਚਾਲੇ ਹੋਈ 60 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਇੰਗਲੈਂਡ ਨੂੰ ਇੱਕ ਵਾਰ ਤਾਂ ਜਿੱਤ ਦੇ ਟਰੈਕ ‘ਤੇ ਚੜ੍ਹਾ ਦਿੱਤਾ । ਇਸ ਦੌਰਾਨ ਮੌਇਨ ਅਲੀ (29 ਦੌੜਾਂ) ਅਤੇ ਸੈਮ ਕੁਰਾਣ (ਨਾਬਾਦ 95 ਦੌੜਾਂ) ਨੇ ਲਾਜਵਾਬ ਬੱਲੇਬਾਜ਼ੀ ਕਰਦੇ ਹੋਏ ਆਪਣੀ ਟੀਮ ਨੂੰ ਜਿੱਤ ਵੱਲ ਧੱਕਣ ਲਈ ਪੂਰਾ ਜ਼ੋਰ ਲਗਾਇਆ, ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਖਿਡਾਰੀਆਂ ਦੇ ਵਿਕੇਟ ਅੰਤ ਤੱਕ ਝੱਟਕੇ ਜਿਸ ਕਾਰਨ ਇੰਗਲੈਂਡ ਦੀ ਰਨ ਗਤੀ ਮੱਠੀ ਪੈ ਗਈ।

ਇਕ ਰੋਜ਼ਾ ਲੜੀ ਵਿਚ 219 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੇਅਰਸਟਾਅ ਨੂੰ ਪਲੇਅਰ ਆਫ ਦੀ ਸੀਰੀਜ਼ ਚੁਣਿਆ ਗਿਆ ।

ਦਰਅਸਲ ਅੱਜ ਦਾ ਮੈਚ ਭਾਰਤੀ ਗੇਂਦਬਾਜ਼ਾਂ ਸ਼ਾਰਦੂਲ, ਨਟਰਾਜਨ, ਭੁਵਨੇਸ਼ਵਰ ਕੁਮਾਰ ਅਤੇ ਹਾਰਦਿਕ ਪੰਡਿਆ ਦੇ ਨਾਂ ਰਿਹਾ, ਕਿਉਂਕਿ ਅੱਜ ਭਾਰਤੀ ਫੀਲਡਿੰਗ ਬੇਹੱਦ ਖ਼ਰਾਬ ਰਹੀ। ਭਾਰਤੀ ਫੀਲਡਰਾਂ ਨੇ ਇੱਕ ਤੋਂ ਬਾਅਦ ਇੱਕ ਕਈ ਕੈਚ ਛੱਡੇ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਹਾਰ ਭਾਰਤ ਦੇ ਹਿੱਸੇ ਆਵੇਗੀ । ਪਰ ਮੈਚ ਦੇ ਆਖ਼ਰੀ ਦੋ ਓਵਰਾਂ ਨੇ ਪਾਸਾ ਪਲਟ ਦਿੱਤਾ। ਆਖਰੀ ਓਵਰ ਵਿਚ ਨਟਰਾਜਨ ਨੇ ਕਸੀ ਹੋਈ ਗੇਂਦਬਾਜ਼ੀ ਕੀਤੀ ਅਤੇ ਇੰਗਲੈਂਡ ਨੂੰ ਜਿੱਤਣ ਤੋਂ ਰੋਕ ਲਿਆ। ਉਸ ਤੋਂ ਪਹਿਲਾਂ ਹਾਰਦਿਕ ਪੰਡਿਆ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ।

ਇਸ ਮੈਚ ਵਿਚ ਮਿਲੀ ਜਿੱਤ ਤੋਂ ਬਾਅਦ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ ਵਿੱਚ 2-1 ਨਾਲ ਜਿੱਤ ਦਰਜ ਕੀਤੀ। ਇਸ ਤਰ੍ਹਾਂ ਭਾਰਤ ਦੌਰੇ ਤੇ ਆਈ ਇੰਗਲੈਂਡ ਦੀ ਟੀਮ ਟੈਸਟ ਮੈਚਾਂ ਦੀ ਲੜੀ, T-20 ਲੜੀ ਅਤੇ ਵਨ ਡੇਅ ਲੜੀ ਵਿੱਚੋਂ ਕੋਈ ਵੀ ਜਿੱਤ ਨਹੀਂ ਸਕੀ। ਬੇਸ਼ੱਕ ਇੰਗਲੈਂਡ ਦੀ ਟੀਮ ਦੇ ਹਿੱਸੇ ਕਿਸੇ ਵੀ ਲੜੀ ਦੀ ਜਿੱਤ ਨਹੀਂ ਆਈ, ਪਰ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ ਜ਼ਬਰਦਸਤ ਟੱਕਰ ਦਿੱਤੀ ਅਤੇ ਕ੍ਰਿਕਟ ਪ੍ਰੇਮੀਆਂ ਨੂੰ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਵੇਖਣ ਨੂੰ ਮਿਲਿਆ।

(ਵਿਵੇਕ ਸ਼ਰਮਾ)

Related News

ਕੈਨੇਡਾ ‘ਚ ਕੋਵਿਡ 19 ਦੇ 2,559 ਨਵੇਂ ਸੰਕਰਮਣ ਅਤੇ 23 ਮੌਤਾਂ ਦੀ ਪੁਸ਼ਟੀ

Rajneet Kaur

34 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਕੈਨੇਡਾ ‘ਚ ਹੋਏ ਗਾਇਬ ! ਰਿਪੋਰਟ ‘ਚ ਹੋਇਆ ਵੱਡਾ ਖ਼ੁਲਾਸਾ

Vivek Sharma

ਇਟੋਬੀਕੋ ਦੇ ਨਿਊ ਟੋਰਾਂਟੋ ਏਰੀਆ ‘ਚ ਚੱਲੀਆਂ ਲਗਭਗ 80 ਗੋਲੀਆਂ, 1 ਵਿਅਕਤੀ ਜ਼ਖਮੀ

Rajneet Kaur

Leave a Comment