channel punjabi
KISAN ANDOLAN News

ਜਨਸੰਸਦ ’ਚ ਪਹੁੰਚੇ ਕਾਂਗਰਸੀ ਐੱਮ.ਪੀ. ਰਵਨੀਤ ਬਿੱਟੂ ਅਤੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਹੋਈ ਜ਼ੋਰਦਾਰ ਧੱਕਾ-ਮੁੱਕੀ, ਗੱਡੀ ਦੇ ਸ਼ੀਸ਼ੇ ਭੰਨੇ

ਨਵੀਂ ਦਿੱਲੀ : ਸਿੰਘੂ ਸਰਹੱਦ ’ਤੇ ਕਿਸਾਨਾਂ ਵਲੋਂ ਸੱਦੀ ਗਈ ਜਨਸੰਸਦ ’ਚ ਪਹੁੰਚੇ ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਅਤੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਕੁੱਝ ਕਿਸਾਨਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ। ਇਥੇ ਹੀ ਬਸ ਨਹੀਂ ਐਮ.ਪੀ. ਬਿੱਟੂ ਅਤੇ ਵਿਧਾਇਕ ਜ਼ੀਰਾ ਨਾਲ ਨਾ ਸਿਰਫ਼ ਧੱਕਾ-ਮੁੱਕੀ ਕੀਤੀ ਗਈ ਸਗੋਂ ਉਹਨਾਂ ਨੂੰ ਅਪਸ਼ਬਦ ਵੀ ਬੋਲੇ ਗਏ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜ਼ੀਰਾ ਅਤੇ ਬਿੱਟੂ ਉਥੋਂ ਬੜੀ ਮੁਸ਼ਕਲ ਨਾਲ ਉਥੋਂ ਬਾਹਰ ਨਿਕਲ ਸਕੇ।

ਇਸ ਜ਼ਬਰਦਸਤ ਵਿਰੋਧ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਮੇਰੇ ਲਈ ਅਜਿਹਾ ਵਿਰੋਧ ਕੋਈ ਮਾਇਨੇ ਨਹੀਂ ਰੱਖਦਾ, ਅਸੀਂ ਕਿਸਾਨਾਂ ਨਾਲ ਹਾਂ ਅਤੇ ਸੰਘਰਸ਼ ਨੂੰ ਜਾਰੀ ਰੱਖਾਂਗੇ। ਕੋਈ ਗੱਲ ਨਹੀਂ ਕਿਸਾਨੀ ਸੰਘਰਸ਼ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਹਾਲਾਂਕਿ ਬਿੱਟੂ ਨੇ ਇਹ ਵੀ ਕਿਹਾ ਕਿ ਵਿਰੋਧ ਠੀਕ ਹੈ ਪਰ ਕਿਸੇ ਨੂੰ ਮਾਰਨਾ ਠੀਕ ਨਹੀਂ ਹੈ। ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਵਿਰੋਧ ਹੋਵੇਗਾ। ਮੈਂ ਬਿਨਾਂ ਸੁਰੱਖਿਆ ਕਰਮੀਆਂ ਦੇ ਉੱਥੇ ਗਿਆ।

ਦਰਅਸਲ ਕਾਂਗਰਸੀ ਆਗੂ ਸਿੰਘੂ ਬਾਰਡਰ ਸਥਿਤ ਗੁਰੂ ਤੇਗ ਬਹਾਦਰ ਵਾਰ ਮੈਮੋਰੀਅਲ ਹਾਲ ਵਿਚ ਕਿਸਾਨਾਂ ਵਲੋਂ ਸੱਦੇ ਗਏ ਜਨ ਸੰਸਦ ਵਿਚ ਸ਼ਮੂਲੀਅਤ ਕਰਨ ਆਏ ਸਨ। ਇਸ ਦੌਰਾਨ ਕਿਸਾਨਾਂ ਵਲੋਂ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਗਿਆ, ਇਸ ਦੌਰਾਨ ਰਵਨੀਤ ਬਿੱਟੂ ਨਾਲ ਧੱਕਾ ਮੁੱਕੀ ਕਰਦੇ ਹੋਏ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਬਾਅਦ ਵਿਚ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨਾਲ ਵੀ ਕਿਸਾਨਾਂ ਨੇ ਵਿਰੋਧ ਕਰਦੇ ਹੋਏ ਹੱਥੋ ਪਾਈ ਕੀਤੀ। ਇਸ ਹੱਥੋਪਾਈ ਵਿਚ ਵਿਧਾਇਕ ਜ਼ੀਰਾ ਦੀ ਪੱਗ ਵੀ ਲੱਥ ਗਈ।

ਕਿਸਾਨਾਂ ਦੇ ਵਿਰੋਧ ਹੋਣ ਤੋਂ ਬਾਅਦ ਕਾਂਗਰਸੀ ਆਗੂ ਉਥੋਂ ਵਾਪਸ ਆਪਣੇ ਧਰਨੇ ਵਾਲੀ ਥਾਂ ’ਤੇ ਚਲੇ ਗਏ। ਇਥੇ ਇਹ ਖ਼ਾਸ ਤੌਰ ’ਤੇ ਦੱਸਣਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਕਾਂਗਰਸ ਦੇ ਹੋਰ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਵਲੋਂ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੰਤਰ-ਮੰਤਰ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਇਕ ਵਾਰ ਦਿੱਲੀ ਪੁਲਿਸ ਵਲੋਂ ਉਨ੍ਹਾਂ ਦੇ ਧਰਨੇ ਨੂੰ ਜ਼ਬਰਨ ਚੁੱਕ ਵੀ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਫਿਰ ਕਾਂਗਰਸੀ ਆਗੂ ਧਰਨੇ ਵਾਲੀ ਥਾਂ ’ਤੇ ਡਟ ਗਏ। ਕਾਂਗਰਸੀਆਂ ਦਾ ਆਖਣਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।

Related News

KISAN ANDOLAN : ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਐਲਾਨ, ਆਉਣ ਵਾਲੇ ਦਿਨਾਂ ਲਈ ਤਿਆਰ ਕੀਤੀ ਵੱਡੀ ਰਣਨੀਤੀ

Vivek Sharma

ਹੈਲਥ ਕੇਅਰ ਸੈਂਟਰ ਸੁਧਾਰਾਂ ਲਈ ਚੁੱਕੇ ਅਹਿਮ ਕਦਮ : ਓਂਟਾਰੀਓ ਦੇ ਪ੍ਰੀਮੀਅਰ ਵੱਲੋਂ ਕੀਤੇ ਐਲਾਨ ਦਾ ਬਰੈਂਪਟਨ ਵੱਲੋਂ ਸਵਾਗਤ

Vivek Sharma

ਸਾਬਕਾ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਦਾ ਕੀਤਾ ਐਲਾਨ

Rajneet Kaur

Leave a Comment