channel punjabi
Canada News North America

ਕੈਨੇਡਾ ਦੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ 8 ਮਾਰਚ ਤੱਕ ਕੋਰੋਨਾ ਪਾਬੰਦੀਆਂ ਨੂੰ ਸਖ਼ਤੀ ਨਾਲ ਮੰਨਣ ਦੀ ਕੀਤੀ ਅਪੀਲ

ਓਟਾਵਾ : ਕੋਰੋਨਾ ਵੈਕਸੀਨ ਦੀ ਸਪਲਾਈ ਵਿੱਚ ਅੜਿੱਕੇ ਝੱਲ ਰਹੇ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵੀ ਖ਼ਤਰਨਾਕ ਸਾਬਤ ਹੋ ਰਹੀ ਹੈ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਲੋਕਾਂ ਲਈ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਸਖ਼ਤ ਕੋਵਿਡ ਪ੍ਰੋਟੋਕਾਲ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਲੋਕਾਂ ਦੀ ਜ਼ਿੰਦਗੀ ਖ਼ਤਮ ਕਰ ਸਕਦੀ ਹੈ। ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕੋਵਿਡ-19 ਦੇ ਵੱਖ-ਵੱਖ ਰੂਪ ਲੋਕਾਂ ਦੀ ਜਾਨ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਆਪਣੀ ਸਿਹਤ ਦੀ ਹਿਫ਼ਾਜ਼ਤ ਲਈ ਸਿਹਤ ਸਬੰਧੀ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ। ਜੇਕਰ ਉਨ੍ਹਾਂ ਨੇ ਲਾਪਰਵਾਹੀ ਵਰਤੀ ਤਾਂ ਕੋਰੋਨਾ ਦੀ ਤੀਜੀ ਲਹਿਰ ਕਹਿਰ ਵਰ੍ਹਾ ਸਕਦੀ ਹੈ, ਜਿਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਕੋਵਿਡ-19 ਦੀ ਤੀਜੀ ਲਹਿਰ ਪਹਿਲੀ ਅਤੇ ਦੂਜੀ ਲਹਿਰ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ।

ਕੈਨੇਡਾ ਦੇ ਸਿਹਤ ਵਿਭਾਗ ਨੇ ਵੀ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਜਿੰਨੇ ਵੀ ਕੋਰੋਨਾ ਪ੍ਰੋਟੋਕਾਲ ਅਤੇ ਸਿਹਤ ਸਬੰਧੀ ਜ਼ਰੂਰੀ ਸਾਵਧਾਨੀਆਂ ਹਨ, ਉਹ ਵੀ ਕੋਰੋਨਾ ਦੀ ਤੀਜੀ ਲਹਿਰ ਦਾ ਮੁਕਾਬਲਾ ਕਰਨ ਵਿੱਚ ਸਮਰੱਥ ਨਹੀਂ ਹਨ। ਜੇਕਰ ਕੋਰੋਨਾ ਵੈਕਸੀਨ ਜਲਦ ਤੋਂ ਜਲਦ ਕੈਨੇਡਾ ਦੇ ਲੋਕਾਂ ਤੱਕ ਨਹੀਂ ਪਹੁੰਚਾਈ ਗਈ ਤਾਂ ਕੋਰੋਨਾ ਵਾਇਰਸ ਭਾਰੀ ਤਬਾਹੀ ਮਚਾ ਸਕਦਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਹਤ ਮਹਿਕਮੇ ਦੇ ਅਲਾਰਮ ਤੋਂ ਬਾਅਦ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਕੋਰੋਨਾ ਪ੍ਰੋਟੋਕਾਲ ਅਤੇ ਦਿਸ਼ਾ-ਨਿਰਦੇਸ਼ਾਂ ਵਿੱਚ ਢਿੱਲ ਦਿੱਤੀ ਗਈ ਹੈ, ਉੱਥੇ ਲੋਕਾਂ ਨੂੰ ਹੋਰ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਦੇ ਨਾਲ ਹੀ ਕਈ ਥਾਵਾਂ ’ਤੇ ਪ੍ਰੋਟੋਕਾਲ ਬਰਕਰਾਰ ਰੱਖਿਆ ਗਿਆ ਹੈ ਤਾਂ ਕਿ ਜੇਕਰ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਤੇਜ਼ੀ ਨਾਲ ਫੈਲਣ ਲੱਗਾ ਤਾਂ ਉਸ ’ਤੇ ਕਾਬੂ ਪਾਇਆ ਜਾ ਸਕੇ।

ਪੀਐਮ ਟਰੂਡੋ ਨੇ ਕੋਵਿਡ-19 ਦੀ ਤੀਜੀ ਲਹਿਰ ’ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਕੈੈਨੇਡਾ ਦੇ ਹਰ ਸੂਬੇ ਵਿੱਚ ਹੁਣ ਕੋਰੋਨਾ ਦਾ ਨਵਾਂ ਸਟ੍ਰੇਨ ਮਿਲ ਚੁੱਕਾ ਹੈ, ਜੋ ਚਿੰਤਾ ਦੀ ਗੱਲ ਹੈ। ਕੋਰੋਨਾ ਦਾ ਨਵਾਂ ਸਟ੍ਰੇਨ ਅਲੱਗ-ਅਲੱਗ ਸੂਬਿਆਂ ਵਿੱਚ ਫੈਲ ਰਿਹਾ ਹੈ ਅਤੇ ਸਿਹਤ ਵਿਭਾਗ ਦੀ ਹੈਲਥ ਐਡਵਾਇਜ਼ਰੀ ਮੁਤਾਬਕ ਕੈਨੇਡਾ ਦਾ ਸਿਹਤ ਮਹਿਕਮਾ ਕੋਰੋਨਾ ਦੀ ਤੀਜੀ ਲਹਿਰ ਦੌਰਾਨ ਸਾਰੇ ਲੋਕਾਂ ਦਾ ਇਲਾਜ ਕਰਨ ਵਿੱਚ ਸਮਰੱਥ ਨਹੀਂ ਹੈ। ਅਜਿਹੇ ਵਿੱਚ ਸਾਰੇ ਲੋਕਾਂ ਨੂੰ ਹੋਰ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਕੈਨੇਡਾ ਦੀ ਚੀਫ਼ ਪੁਬਲਿਕ ਹੈਲਥ ਅਫ਼ਸਰ ਡਾ਼. ਥੈਰੇਸਾ ਟਾਮ ਨੇ ਕੋਰੋਨਾ ਦੀ ਤੀਜੀ ਲਹਿਰ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰ ਇੱਕ ਆਦਮੀ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਤੀਜੀ ਲਹਿਰ ਦੌਰਾਨ ਕੋਰੋਨਾ ਦਾ ਨਵਾਂ ਸਟ੍ਰੇਨ ਜਿੰਨਾ ਖ਼ਤਰਨਾਕ ਅਸਰ ਦਿਖਾਏਗਾ, ਉਸ ਨਾਲ ਕੈਨੇਡਾ ਦੀ ਸਿਹਤ ਵਿਵਸਥਾ ਡਗਮਗਾ ਸਕਦੀ ਹੈ, ਅਜਿਹੇ ਵਿੱਚ ਸਟਰੌਂਗ ਹੈਲਥ ਪ੍ਰੋਟੋਕਾਲ ਦਾ ਪਾਲਣ ਕਰਨਾ ਜ਼ਰੂਰੀ ਹੈ। ਲੋਕਾਂ ਨੂੰ ਲੌਕਡਾਊਨ ਦੀ ਤਰ੍ਹਾਂ ਰਹਿਣਾ ਪਏਗਾ, ਤਾਂ ਜਾ ਕੇ ਤੀਜੀ ਲਹਿਰ ਤੋਂ ਬਚਾਅ ਹੋ ਸਕਦਾ ਹੈ। ਉਹਨਾਂ ਸਮਾਜਿਕ ਦੂਰੀ ਬਣਾਈ ਰੱਖਣ, ਸਮੇਂ ਸਮੇਂ ਤੇ ਹੱਥ ਧੌਂਦੇ ਰਹਿਣ ਅਤੇ ਫੇਸ ਮਾਸਕ ਨੂੰ ਹਰ ਹਾਲਤ ਵਿੱਚ ਪਹਿਨਣ ਦੀ ਪੁਰਜ਼ੋਰ ਅਪੀਲ ਕੀਤੀ।


ਕੈਨੇਡਾ ’ਚ ਕੋਰੋਨਾ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਉਨਟਾਰੀਓ ਸੂਬੇ ’ਚ ਟੋਰਾਂਟੋ ਤੇ ਜੀਟੀਏ ਸਣੇ ਕਈ ਇਲਾਕਿਆਂ ਵਿੱਚ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਸਾਰੇ ਲੋਕਾ ਨੂੰ ਘਰ ਦੇ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ। ਖਾਸ ਕਰ 8 ਮਾਰਚ ਤੱਕ ਲਈ ਪੂਰਨ ਸਖ਼ਤੀ ਵਰਤਣ ਦੀਆਂ ਹਦਾਇਤਾਂ ਹਨ। ਕੈਨੇਡਾ ਦੇ ਸਿਹਤ ਮੰਤਰਾਲੇ ਨੇ 8 ਮਾਰਚ ਤੱਕ ਕੋਰੋਨਾ ਦੀ ਤੀਜੀ ਲਹਿਰ ਵਿੱਚੋਂ ਬਾਹਰ ਨਿਕਲਣ ਦੀ ਉਮੀਦ ਜਤਾਈ ਹੈ। ਇਸ ਤੋਂ ਇਲਾਵਾ ਕੈਨੇਡਾ ’ਚ ਕੋਰੋਨਾ ਵੈਕਸੀਨ ਦਾ ਟੀਕਾਕਰਨ ਵੀ ਕਾਫ਼ੀ ਢਿੱਲਾ ਚੱਲ ਰਿਹਾ ਹੈ।

Related News

ਜਾਣੋ ਕੋਵਿਡ 19 ਲਾਕਡਾਊਨ ਕਾਰਨ ਟੋਰਾਂਟੋ ਅਤੇ ਪੀਲ ‘ਚ ਕੀ ਕੁਝ ਰਹੇਗਾ ਖੁੱਲ੍ਹਾ ਜਾਂ ਬੰਦ?

Rajneet Kaur

ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਸਲਾਹ, ਹਾਲੇ ਨਾ ਆਓ ਕੈਨੇਡਾ !

Vivek Sharma

ਮਹਾਂਮਾਰੀ ਦੌਰਾਨ ਸਾਰੀਆਂ ਤਬਦੀਲੀਆਂ ਕਰਨ ਦੇ ਬਾਵਜੂਦ, ਗ੍ਰੇਟਰ ਵੈਨਕੁਵਰ ਫੂਡ ਬੈਂਕ ਪਹਿਲਾਂ ਦੀ ਬਜਾਏ ਵਧੇਰੇ ਲੋਕਾਂ ਦੀ ਸਹਾਇਤਾ ਕਰਨ ਦੀ ਸਥਿਤੀ ‘ਚ

Rajneet Kaur

Leave a Comment