channel punjabi
International News

ਐੱਮ.ਐੱਸ. ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਭਾਰਤੀ ਕ੍ਰਿਕਟ ਇਤਿਹਾਸ ਦੇ ਇੱਕ ਯੁੱਗ ਦਾ ਹੋਇਆ ਅੰਤ

ਮਹਿੰਦਰ ਸਿੰਘ ਧੋਨੀ ਦੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ

ਧੋਨੀ ਨੇ ਇੰਸਟਾਗ੍ਰਾਮ ਰਾਹੀ ਆਪਣੇ ਸੰਨਿਆਸ ਦਾ ਕੀਤਾ ਐਲਾਨ

ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਕਿਹਾ,
‘ਮੈਂ ਮਹਿੰਦਰ ਸਿੰਘ ਧੋਨੀ ਅੱਗੇ ਸਿਰ ਝੁਕਾਉਂਦਾ ਹਾਂ, ਉਹ ਬੇਮਿਸਾਲ ਹਨ!’

ਵੱਖ-ਵੱਖ ਦੇਸ਼ਾਂ ਦੀ ਕ੍ਰਿਕਟ ਟੀਮਾਂ ਦੇ ਕਪਤਾਨਾਂ ਨੇ ਧੋਨੀ ਦੀ ਕੀਤੀ ਖੁੱਲ੍ਹੇ ਦਿਲ ਨਾਲ ਸ਼ਲਾਘਾ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸ਼ਾਨਦਾਰ ਅਤੇ ਸਫਲ ਕਪਤਾਨ ਐੱਮ.ਐੱਸ. ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ।ਧੋਨੀ ਨੇ ਆਪਣੇ ਸੰਨਿਆਸ ਦੀ ਖ਼ਬਰ ਕਿਸੇ ਪੱਤਰਕਾਰ ਸੰਮੇਲਨ ਜਾਂ ਵਿਸ਼ੇਸ਼ ਸਮਾਗਮ ਵਿਚ ਨਹੀਂ ਦਿੱਤੀ ਸਗੋਂ ਉਹਨਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੋਸਟ ਰਾਹੀਂ ਸੰਨਿਆਸ ਦੀ ਸੂਚਨਾ ਸਾਂਝੀ ਕੀਤੀ ।

ਧੋਨੀ ਪਿਛਲੇ ਕਰੀਬ ਇੱਕ ਸਾਲ ਤੋਂ ਭਾਰਤੀ ਕ੍ਰਿਕਟ ਟੀਮ ਲਈ ਕੋਈ ਮੈਚ ਨਹੀ ਖੇਡੇ ਸਨ । ਧੋਨੀ ਨੇ ਆਖਰੀ ਵਾਰ ਨਿਊਜ਼ੀਲੈਂਡ ਵਿਰੁੱਧ ਸਾਲ 2019 ਦੇ ਵਿਸ਼ਵ ਕੱਪ ਵਿੱਚ ਭਾਰਤ ਲਈ ਖੇਡਿਆ ਸੀ ਜੋ ਸੈਮੀਫਾਈਨਲ ਮੁਕਾਬਲਾ ਸੀ। ਭਾਰਤ ਇਸ ਮੈਚ ਵਿਚ ਹਾਰ ਗਿਆ ਸੀ ਅਤੇ ਉਦੋਂ ਤੋਂ ਹੀ ਧੋਨੀ ਦੇ ਕ੍ਰਿਕਟ ਕਰੀਅਰ ਨੂੰ ਲੈ ਕੇ ਕਾਫ਼ੀ ਅਟਕਲਾਂ ਚੱਲ ਰਹੀਆਂ ਸਨ। ਹੁਣ ਮਾਹੀ ਨੇ ਅਚਾਨਕ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ।

ਮਹਿੰਦਰ ਸਿੰਘ ਧੋਨੀ ਨੂੰ ‘ਮਾਹੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ‘ਮਾਹੀ’ ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਰਹੇ ਹਨ, ਜਿਹਨਾਂ ਆਪਣੀ ਅਗਵਾਈ ਵਿਚ ਭਾਰਤ ਨੂੰ ਸਫਲਤਾ ਦੀਆਂ ਨਵੀਆਂ ਸਿਖਰਾਂ ‘ਤੇ ਪਹੁੰਚਾਇਆ। ਸ਼ਾਇਦ ਹੀ ਕੋਈ ਜਾਣਦਾ ਵੀ ਨਹੀਂ ਸੀ ਕਿ ਜਦੋਂ ਮਹਿੰਦਰ ਸਿੰਘ ਧੋਨੀ ਨੂੰ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਗਈ ਸੀ, ਤਾਂ ਉਹ ਇਸ ਟੀਮ ਨੂੰ ਉਸ ਸਿਖਰ ‘ਤੇ ਲੈ ਜਾਣਗੇ, ਜਿਸਦੀ ਕਿਸੇ ਨੇ ਕਲਪਨਾ ਹੀ ਨਹੀਂ ਕੀਤੀ ਹੋਵੇਗੀ। ਰਾਹੁਲ ਦ੍ਰਾਵਿੜ ਦੇ ਕਪਤਾਨੀ ਛੱਡਣ ਤੋਂ ਬਾਅਦ, ਧੋਨੀ ਨੂੰ ਕਪਤਾਨੀ ਸੌਂਪੀ ਗਈ ਸੀ ਅਤੇ ਉਸ ਨੇ ਟੀ -20 ਵਿਸ਼ਵ ਕੱਪ ਵਿਚ ਪਹਿਲੀ ਵਾਰ 2007 ਵਿਚ ਨੌਜਵਾਨ ਭਾਰਤੀ ਖਿਡਾਰੀਆਂ ਨਾਲ ਦੱਖਣੀ ਅਫਰੀਕਾ ਵਿਚ ਭਾਰਤ ਦਾ ਝੰਡਾ ਲਹਿਰਾਇਆ ਸੀ। ਧੋਨੀ ਨੇ ਆਪਣੇ ਅੰਦਾਜ਼ ਨਾਲ ਦਿਖਾਇਆ ਦਿੱਤਾ ਸੀ ਕਿ ਉਹ ਟੀਮ ਲਈ ਅੱਗੇ ਕੀ ਕਰ ਸਕਦੇ ਹਨ ।

ਇਸ ਤੋਂ ਬਾਅਦ, ਧੋਨੀ ਦਾ ਸਫਰ ਅੱਗੇ ਵਧਿਆ ਅਤੇ ਟੀਮ ਇਕ ਤੋਂ ਇਕ ਨਵੀਂ ਸਫਲਤਾ ਪ੍ਰਾਪਤ ਕਰਦੀ ਰਹੀ। ਫਿਰ 2011 ਦਾ ਸਮਾਂ ਆਇਆ ਜਦੋਂ ਭਾਰਤ ਵਿਚ ਵਨਡੇ ਵਰਲਡ ਕੱਪ ਹੋਇਆ ਸੀ। ਟੀਮ ਇੰਡੀਆ ਲਈ ਆਪਣੀ ਧਰਤੀ ‘ਤੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਦੂਜੀ ਵਾਰ ਵਨਡੇ ਵਰਲਡ ਕੱਪ ਦਾ ਖਿਤਾਬ ਜਿੱਤਣ ਦਾ ਇਹ ਸੁਨਹਿਰੀ ਮੌਕਾ ਸੀ। ਮਾਹੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਵਰਲਡ ਕੱਪ ਵਿਚ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ 28 ਸਾਲਾਂ ਬਾਅਦ ਧੋਨੀ ਨੇ ਇਕ ਵਾਰ ਫਿਰ ਦੇਸ਼ ਵਾਸੀਆਂ ਨੂੰ ਉਹ ਖੁਸ਼ੀ ਦਿੱਤੀ ਜਿਸ ਦਾ 1983 ਤੋਂ ਲਗਾਤਾਰ ਇੰਤਜ਼ਾਰ ਹੋ ਰਿਹਾ ਸੀ। ਧੋਨੀ ਨੇ ਭਾਰਤ ਨੂੰ ਦੂਜਾ ਵਨਡੇ ਵਰਲਡ ਕੱਪ ਦਾ ਖਿਤਾਬ ਜਿੱਤ ਕੇ ਦਿੱਤਾ।

ਬੱਲੇਬਾਜ਼ੀ ਕਰਦੇ ਸਮੇਂ ਧੋਨੀ ਦਾ ਹੈਲੀਕਾਪਟਰ ਸ਼ਾਟ ਉਨ੍ਹਾਂ ਦਾ ਸਿਗਨੇਚਰ ਸ਼ਾਟ ਬਣ ਗਿਆ । ਪ੍ਰਸੰਸਕ ਉਨ੍ਹਾਂ ਦੇ ਇਸ ਸ਼ਾਟ ਨੂੰ ਵੇਖਣ ਲਈ ਬੇਤਾਬ ਰਹਿੰਦੇ ਸਨ।

ਧੋਨੀ ਦੀ ਸਫਲਤਾ ਦਾ ਕਾਰਵਾਂ ਇਕ ਵਾਰ ਸ਼ੁਰੂ ਹੋਇਆ ਤਾਂ ਉਹ ਕਿਤੇ ਵੀ ਨਹੀਂ ਰੁਕਿਆ, ਸਗੋਂ ਉਹ ਅੱਗੇ ਵੱਧਦਾ ਹੀ ਰਿਹਾ । ਧੋਨੀ ਟੀਮ ਦਾ ਲੱਕੀ ਚਾਰਮ ਸਾਬਤ ਹੋਇਆ । ਟੀਮ ਇੰਡੀਆ ਵੀ ਅੱਗੇ ਵੱਧਦੀ ਰਹੀ ਅਤੇ ਫਿਰ ਸਾਲ 2013 ਵਿੱਚ ਉਸਨੇ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਖਿਤਾਬ ਵੀ ਭਾਰਤੀ ਟੀਮ ਦੀ ਝੋਲੀ ਪਾਇਆ। ਉਸਦੀ ਕਪਤਾਨੀ ਵਿਚ ਭਾਰਤ ਨੇ ਸਾਲ 2010 ਅਤੇ 2016 ਵਿਚ ਦੋ ਵਾਰ ਏਸ਼ੀਆ ਕੱਪ ਦਾ ਖਿਤਾਬ ਵੀ ਜਿੱਤਿਆ ਸੀ। ਮਾਹੀ ਵਿਸ਼ਵ ਦੀ ਇਕਲੌਤਾ ਕਪਤਾਨ ਹੈ ਜਿਸਨੇ ਆਪਣੀ ਕਪਤਾਨੀ ਹੇਠ ਸਾਰੇ ਆਈਸੀਸੀ ਖਿਤਾਬ ਜਿੱਤੇ ਹਨ।

ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ, ਰਾਹੁਲ ਦ੍ਰਵਿੜ ਅਤੇ ਸਦੀ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਧੋਨੀ ਦੇ ਸੰਨਿਆਸ ਨੂੰ ਭਾਰਤੀ ਕ੍ਰਿਕਟ ਟੀਮ ਲਈ ਵੱਡਾ ਘਾਟਾ ਦੱਸਿਆ ਹੈ। ਨਾਲ ਹੀ ਇਨ੍ਹਾਂ ਨੇ ਧੋਨੀ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਕ੍ਰਿਕਟ ਜਗਤ ਵਿਚ ਕੈਪਟਨ ਕੂਲ ਦੇ ਨਾਂ ਨਾਲ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ ਦਾ ਤੋੜ ਦੁਨੀਆ ਦੀ ਕਿਸੇ ਵੀ ਕ੍ਰਿਕਟ ਟੀਮ ਕੋਲ ਨਹੀਂ ਸੀ। ਧੋਨੀ ਨੇ ਭਾਰਤੀ ਕ੍ਰਿਕਟ ਟੀਮ ਦੀ ਔਖੀ ਤੋਂ ਔਖੀ ਘੜੀ ਵਿੱਚ ਵੀ ਜਿਸ ਠਰੱਮੇ ਅਤੇ ਹੋਂਸਲੇ ਨਾਲ ਅਗਵਾਈ ਕੀਤੀ ਉਹ ਭਾਰਤ ਦਾ ਕੋਈ ਵੀ ਸਾਬਕਾ ਕਪਤਾਨ ਨਹੀਂ ਕਰ ਸਕਿਆ। ਮਹਿੰਦਰ ਸਿੰਘ ਧੋਨੀ ਦੇ ਫੈਨ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਹਨ । ਪਾਕਿਸਤਾਨ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਵੀ ਧੋਨੀ ਦੇ ਸੰਨਿਆਸ ਤੇ ਹੈਰਾਨਗੀ ਜਤਾਈ ਹੈ ।
ਫਿਲਹਾਲ ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸ ਵਿੱਚ ਧੋਨੀ ਯੁੱਗ ਸੰਪੰਨ ਹੋ ਗਿਆ ਹੈ, ਪਰ ਧੋਨੀ ਆਪਣੇ ਪ੍ਰਸ਼ੰਸ਼ਕਾਂ ਲਈ ਆਈਪੀਐਲ ਖੇਡਦੇ ਰਹਿਣਗੇ ।

ਭਾਰਤੀ ਕ੍ਰਿਕਟ ਟੀਮ ਦੀ ਸ਼ਾਨ ਵਿੱਚ ਚਾਰ ਚੰਨ ਲਾਉਣ ਲਈ ਦਿਲੋਂ ਧੰਨਵਾਦ ਐੱਮ.ਐੱਸ.ਧੋਨੀ।

Related News

ਹੁਆਵੇਈ ਦੀ ਕਾਰਜਕਾਰੀ ਮੇਂਗ ਵਾਨਜ਼ੋ ਦੇ ਕੇਸ ਦੀ ਸੁਣਵਾਈ ਦੌਰਾਨ ਵਕੀਲ ਨੇ ਦਿੱਤੇ ਜ਼ੋਰਦਾਰ ਤਰਕ, ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

Vivek Sharma

ਜਸਟਿਨ ਟਰੂਡੋ ਦੀ ਵਿੱਤ ਮੰਤਰੀ ਫ੍ਰੀਲੈਂਡ ਨੂੰ ਵਿੱਤੀ ਹਾਲਾਤ ਸੁਧਰਨ ਤੱਕ ਖਰਚਿਆਂ ਨੂੰ ਕੰਟਰੋਲ ਕਰਨ ਦੀ ਸਲਾਹ

Vivek Sharma

ਦੱਖਣੀ ਕੈਲੀਫੋਰਨੀਆ ਦੇ ਓਂਟਾਰੀਓ ਖੇਤਰ ਵਿੱਚ ਪਟਾਕੇ ਚੱਲਣ ਕਾਰਨ ਹੋਏ ਧਮਾਕੇ ਵਿੱਚ ਦੋ ਵਿਅਕਤੀਆਂ ਅਤੇ ਇੱਕ ਕੁੱਤੇ ਦੀ ਮੌਤ

Rajneet Kaur

Leave a Comment