channel punjabi
International News

BIG NEWS : ਕੀ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਨੂੰ ਖੂੰਜੇ ਲਾਉਣ ਦੀ ਹੋ ਚੁੱਕੀ ਹੈ ਤਿਆਰੀ !

ਆਪਣੇ ਤੇਜ਼-ਤਰਾਰ ਅੰਦਾਜ਼ ਲਈ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਸੁਰਖੀਆਂ ਵਿਚ ਹਨ। ਇਸ ਵਾਰ ਉਹ ਆਪਣੇ ਕਿਸੇ ਵਿਵਾਦਤ ਬਿਆਨ ਜਾਂ ਕਿਸੀ ਤਲਖ਼ ਟਿੱਪਣੀ ਕਾਰਨ ਨਹੀਂ ਸਗੋਂ ਕਾਂਗਰਸ ਹਾਈਕਮਾਂਡ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਖਬਰਾਂ ਵਿੱਚ ਹਨ। ਦਰਅਸਲ ਸ਼ਨੀਵਾਰ ਦੇਰ ਸ਼ਾਮ ਨੂੰ ਕਾਂਗਰਸ ਵਲੋਂ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੇ ਸਟਾਰ ਪ੍ਰਚਾਰਕਾਂ ਦੀ ਲੰਬੀ-ਚੌੜੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ‘ਚ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸਚਿਨ ਪਾਇਲਟ, ਰਣਦੀਪ ਸੂਰਜੇਵਾਲਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਤਰੂਘਣ ਸਿਨਹਾ ਸਟਾਰ ਪ੍ਰਚਾਰਕਾਂ ਵਜੋਂ ਸ਼ਾਮਲ ਕੀਤੇ ਗਏ ਹਨ, ਪਰ 30 ਸਟਾਰ ਪ੍ਰਚਾਰਕਾਂ ਦੀ ਇਸ ਸੂਚੀ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ।

ਕਾਂਗਰਸ ਵੱਲੋਂ ਇਹ ਸੂਚੀ ਜਾਰੀ ਕਰਨ ਤੋਂ ਬਾਅਦ ਹੀ ਸਵਾਲ ਕੀਤੇ ਜਾ ਰਹੇ ਹਨ ਕਿ ਆਖਰ ਸਿੱਧੂ ਨੂੰ ਇਸ ਸੂਚੀ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ, ਜਦੋਂ ਕਿ ਸਿੱਧੂ ਨੇ
ਪਿਛਲੇ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਬਿਹਾਰ ਵਿੱਚ ਅਨੇਕਾਂ ਥਾਵਾਂ ‘ਤੇ ਕਾਂਗਰਸ ਲਈ ਲਗਾਤਾਰ ਪ੍ਰਚਾਰ ਕੀਤਾ ਸੀ। ਬਿਹਾਰ ਦੀਆਂ ਚੋਣ ਸਭਾਵਾਂ ਵਿੱਚ ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਸਨ । ਲੋਕ ਸਭਾ ਚੋਣਾਂ ਦੌਰਾਨ ਸਿੱਧੂ ਦੀਆਂ ਸਭਾਵਾਂ ਵਿੱਚ ਖ਼ਾਸੀ ਭੀੜ ਦੀ ਲਗਦੀ ਰਹੀ।
ਬਿਹਾਰ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹੀ ਵਿਵਾਦਤ ਬਿਆਨ ਦੇਣ ਕਾਰਨ ਪੂਰਣੀਆ (ਕਟਿਹਾਰ) ‘ਚ ਸਿੱਧੂ ਖ਼ਿਲਾਫ਼ ਐੱਫ.ਆਈ.ਆਰ. ਵੀ ਦਰਜ ਹੋਈ ਸੀ। ਸਿੱਧੂ ਖ਼ਿਲਾਫ਼ ਦਰਜ ਕੀਤਾ ਗਿਆ ਇਹ ਮਾਮਲਾ ਹਾਲੇ ਤਕ ਨਿਪਟਿਆ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਮਾਮਲੇ ਕਾਰਨ ਸਿੱਧੂ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੋਕ ਸਭਾ ਚੌਣਾਂ ਦੇ ਪ੍ਰਚਾਰ ਦੌਰਾਨ ਸਿੱਧੂ ‘ਤੇ ਵਿਵਾਦਤ ਬਿਆਨ ਲਈ ਦਰਜ ਪਰਚੇ ਕਾਰਨ ਬਿਹਾਰ ਪੁਲਿਸ ਸਿੱਧੂ ਨੂੰ ਸੰਮਨ ਕਰਨ ਲਈ ਅੰਮ੍ਰਿਤਸਰ ਵੀ ਆ ਚੁੱਕੀ ਹੈ। ਬਿਹਾਰ ਪੁਲਿਸ ਦੇ ਕੁਝ ਜਵਾਨ ਸੰਮਣ ਦੇਣ ਲਈ ਕਰੀਬ ਇੱਕ ਹਫ਼ਤੇ ਤਕ ਸਿੱਧੂ ਦੇ ਘਰ ਚੱਕਰ ਲਗਾਉਂਦੇ ਰਹੇ ਪਰ ਉਹਨਾਂ ਦੀ ਨਵਜੋਤ ਸਿੱਧੂ ਨਾਲ ਮੁਲਾਕਾਤ ਨਹੀਂ ਹੋ ਸਕੀ । 18 ਜੂਨ ਨੂੰ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਬਿਹਾਰ ਪੁਲਿਸ ਦੀ ਟੀਮ ਅੰਮ੍ਰਿਤਸਰ ‘ਚ 6-7 ਦਿਨਾਂ ਤਕ ਸਿੱਧੂ ਦਾ ਇੰਤਜ਼ਾਰ ਕਰਦੀ ਰਹੀ, ਪਰ ਸਿੱਧੂ ਜਾਂ ਉਨ੍ਹਾਂ ਦੇ ਕਿਸੇ ਵੀ ਨੁਮਾਇੰਦੇ ਨੇ ਇਹ ਸੰਮਨ ਸਵੀਕਾਰ ਨਹੀਂ ਕੀਤੇ । ਇਸ ਤੋਂ ਬਾਅਦ ਬਿਹਾਰ ਪੁਲਿਸ 23 ਜੂਨ ਨੂੰ ਆਪਣੇ ਸੰਮਨ ਸਿੱਧੂ ਦੀ ਕੋਠੀ ਦੇ ਬਾਹਰ ਚਿਪਕਾ ਕੇ ਚਲੀ ਗਈ । ਇਸੇ ਕੇਸ ਦੇ ਚਲਦਿਆਂ ਹੀ ਸਿੱਧੂ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ । ਮੰਨਿਆ ਜਾ ਰਿਹਾ ਹੈ ਕਿ ਸਿੱਧੂ ਜੇਕਰ ਬਿਹਾਰ ਜਾਂਦੇ ਤਾਂ ਉਹ ਇਸ ਕੇਸ ਵਿੱਚ ਫਸ ਸਕਦੇ ਸਨ । ਅਜਿਹੇ ‘ਚ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ ।

ਦੂਜਾ ਵੱਡਾ ਕਾਰਨ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਦੀ ਮੋਗਾ ਰੈਲੀ ਦੌਰਾਨ ਅਨੁਸ਼ਾਸ਼ਨ ਹੀਨਤਾ ਦਿਖਾਏ ਜਾਣ ਨੂੰ ਮੰਨਿਆ ਜਾ ਰਿਹਾ ਹੈ । ਖੇਤੀਬਾੜੀ ਬਿਲਾਂ ਖਿਲਾਫ਼ 4 ਅਕਤੂਬਰ ਨੂੰ ਕਾਂਗਰਸ ਦੀ ਮੋਗਾ ਦੇ ਬੱਧਨੀ ਕਲਾਂ ‘ਚ ਹੋਈ ਰੈਲੀ ਦੌਰਾਨ ਸਿੱਧੂ ਨੇ ਭਰੀ ਸਭਾ ਵਿੱਚ ਹੀ ਸਟੇਜ ਤੋਂ ਆਪਣੀ ਭੜਾਸ ਕੱਢੀ ਸੀ, ਜਦੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਿੱਧੂ ਨੂੰ ਆਪਣਾ ਭਾਸ਼ਣ ਛੋਟਾ ਰੱਖਣ ਲਈ ਹਦਾਇਤ ਕੀਤੀ ਸੀ। ਰੰਧਾਵਾ ਵੱਲੋਂ ਟੋਕੇ ਜਾਣ ‘ਤੇ ਸਿੱਧੂ ਸਟੇਜ ‘ਤੇ ਹੀ ਭੜਕ ਗਏ ਸਨ । ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਇੱਕ ਤਰ੍ਹਾਂ ਸਿੱਧੂ ਨੇ ਆਪਣੇ ਦਿਲ ਦਾ ਗ਼ੁਬਾਰ ਕੱਢਦੇ ਹੋਏ ਕਿਹਾ ਸੀ ਕਿ “ਉਹ ਬਹੁਤ ਸਮਾਂ ਚੁੱਪ ਬੈਠੇ ਰਹੇ ਹਨ, ਹੁਣ ਉਨ੍ਹਾਂ ਨੂੰ ਬੋਲਣ ਦਿੱਤਾ ਜਾਵੇ ।” ਸਿੱਧੂ ਦੇ ਇਸ ਵਤੀਰੇ ਨੂੰ ਸ਼ਾਇਦ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਚੰਗਾ ਨਹੀਂ ਸਮਝਿਆ। ਇਸਨੂੰ ਅਨੁਸ਼ਾਸ਼ਨਹੀਣਤਾ ਮੰਨਦੇ ਹੋਏ ਸਿੱਧੂ ਨੂੰ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਨਹੀਂ ਕੀਤੇ ਜਾਣ ਦਾ ਇੱਕ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।

ਉਧਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਹੁਣ ਵੀ ਇਹੀ ਕਹਿ ਰਹੇ ਹਨ ਕਿ ਸਿੱਧੂ ਪਾਰਟੀ ਦੇ ਵੱਡੇ ਆਗੂ ਹਨ, ਕਾਂਗਰਸ ਪਾਰਟੀ ਇਕ ਪਰਿਵਾਰ ਹੈ ਅਤੇ ਪਰਿਵਾਰ ਵਿਚ ਛੋਟੀ-ਮੋਟੀ ਨਾਰਾਜ਼ਗੀ ਚਲਦੀ ਰਹਿੰਦੀ ਹੈ । ਪਰ ਇਸ ਵਾਰ ਮਾਮਲਾ ਕੁਝ ਵੱਖਰਾ ਜਾਪ ਰਿਹਾ ਹੈ, ਸਿਆਸੀ ਮਾਹਿਰ ਮੰਨ ਰਹੇ ਹਨ ਕਿ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਰੱਖ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਰਟੀ ਹਾਈਕਮਾਂਡ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕਰੇਗੀ, ਆਗੂ ਚਾਹੇ ਛੋਟਾ ਹੋਵੇ ਜਾਂ ਵੱਡਾ।

ਫ਼ਿਲਹਾਲ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਨੇ ਬਿਹਾਰ ਤੋਂ ਲੈ ਕੇ ਪੰਜਾਬ ਤੱਕ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਵਿਰੋਧੀਆਂ ਨੂੰ ਕਾਂਗਰਸ ਖ਼ਿਲਾਫ਼ ਬੈਠੇ ਬਿਠਾਏ ਨਵਾਂ ਮੁੱਦਾ ਮਿਲ ਗਿਆ ਹੈ । ਸਿੱਧੂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ‌ ਅੰਦਾਜ਼ਿਆਂ ਦਾ ਦੌਰ ਮੁੜ ਤੋਂ ਸ਼ੁਰੂ ਹੋ ਚੁੱਕਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਸਿੱਧੂ ਦੇ ਇਸ ਤਾਜ਼ਾ ਮਸਲੇ ਨੂੰ ਕਿਸ ਤਰ੍ਹਾਂ ਮੈਨੇਜ ਕਰਦੀ ਹੈ। (ਵਿਵੇਕ ਸ਼ਰਮਾ)

Related News

ਕੋਰੋਨਾ ਵੈਕਸੀਨ ਨੂੰ ਲੈ ਕੇ ਘਿਰੀ ਟਰੂਡੋ ਸਰਕਾਰ, ਵਿਰੋਧੀਆਂ ਨੂੰ ਸਰਕਾਰ ਦੀ ‘ਵੈਕਸੀਨ’ ਵੰਡ ਯੋਜਨਾ ‘ਤੇ ਨਹੀਂ ਭਰੋਸਾ !

Vivek Sharma

BIG NEWS : ਹੁਣ ਸਿਰਫ਼ 72 ਘੰਟਿਆਂ ਦਾ ਇੰਤਜ਼ਾਰ ! ਰੂਸ ਕੋਰੋਨਾ ਦੀ ਵੈਕਸੀਨ ਦੁਨੀਆ ਸਾਹਮਣੇ ਕਰੇਗਾ ਪੇਸ਼ !

Vivek Sharma

ਹੰਬਰ ਰਿਵਰ ਹਸਪਤਾਲ ਦੀ ਇਮਾਰਤ ‘ਚ ਚੋਰੀ ਹੋਈ ਕਾਰ ਟਕਰਾਉਣ ਤੋਂ ਬਾਅਦ ਔਰਤ ਨੂੰ ਕੀਤਾ ਗਿਆ ਕਾਬੂ

Rajneet Kaur

Leave a Comment