Channel Punjabi
International News

ਕਿਸਾਨਾਂ ਦੇ ਹੱਕ ਵਿੱਚ ਨਾਮਚੀਨ ਹਸਤੀਆਂ ਵਲੋਂ ਸਰਕਾਰੀ ਸਨਮਾਨਾਂ ਨੂੰ ਵਾਪਸ ਕਰਨ ਦਾ ਐਲਾਨ! ਆਪਣੀਆਂ ਖੋਹਾਂ ਤੋਂ ਬਾਹਰ ਆਏ ਸਿਆਸੀ ਖੁੰਡ !

ਚੰਡੀਗੜ੍ਹ / ਨਵੀਂ ਦਿੱਲੀ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਵਿਢਿੱਆ ਸੰਘਰਸ਼ ਹੁਣ ਰੰਗ ਲਿਆਉਂਦਾ ਨਜ਼ਰ ਆ ਰਿਹਾ ਹੈ । ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਖੜੀਆਂ ਹੋਈਆਂ ਹਨ। ਹੁਣ ਇਨ੍ਹਾਂ ਜਥੇਬੰਦੀਆਂ ਨੇ ਸਾਮੂਹਿਕ ਤੌਰ ਤੇ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਅੱਗੇ ਸ਼ਰਤ ਰੱਖੀ ਹੈ । ਇਸ ਬਾਰੇ ਕੇਂਦਰ ਸਰਕਾਰ 5 ਦਸੰਬਰ ਨੂੰ ਆਖਰੀ ਫੈਸਲਾ ਲਵੇਗੀ ।

ਉਧਰ ਕਿਸਾਨਾਂ ਦੇ ਇਸ ਨਿਰੋਲ ਕਿਸਾਨੀ ਮੰਗਾਂ ਦੇ ਅੰਦੋਲਨ ਨੂੰ ਸਫ਼ਲ ਹੁੰਦਾ ਵੇਖ ਕਈ ਸਿਆਸੀ ਆਗੂ ਵੀ ਹੁਣ ਆਪਣੀਆਂ ਆਰਾਮਗਾਹਾਂ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਇਹਨਾਂ ਵਿੱਚ ਕੁਝ ਉਹ ਆਗੂ ਵੀ ਹਨ ਜਿਹੜੇ ਪਹਿਲਾਂ ਇਹਨਾਂ ਖੇਤੀ ਬਿਲਾਂ ਦੀ ਹਮਾਇਤ ਕਰਦੇ ਰਹੇ। ਨਾ ਸਿਰਫ ਇਹਨਾਂ ਵਲੋਂ ਭਾਜਪਾ ਸਰਕਾਰ ਦੇ ਖੇਤੀ ਬਿਲਾਂ ਦੀ ਹਮਾਇਤ ਕੀਤੀ ਗਈ ਸੀ ਸਗੋਂ ਇਨ੍ਹਾਂ ਵੱਲੋਂ ਕਿਸਾਨਾਂ ਨੂੰ ਵੱਡੇ-ਵੱਡੇ ਬਿਆਨ ਜਾਰੀ ਕੀਤੇ ਗਏ ਸਨ ਕਿ ਇਹਨਾਂ ਖੇਤੀ ਬਿੱਲਾਂ ਨੂੰ ਕਾਨੂੰਨ ਬਣਨ ਦਿੱਤਾ ਜਾਵੇ, ਇਹ ਕਿਸਾਨਾਂ ਦੇ ਫਾਇਦੇ ਲਈ ਹਨ। ਇਸ ਕੜੀ ਵਿੱਚ ਸ਼ਾਮਲ ਸਨ ਦੇਸ਼ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਅਤੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ।

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਆਪਣਾ ‘ਪਦਮ ਵਿਭੂਸ਼ਨ’ ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ। ਵੱਡੇ ਬਾਦਲ ਨੇ ਆਪਣਾ ਇਹ ਵੱਕਾਰੀ ਪੁਰਸਕਾਰ ਵਾਪਸ ਕਰਦਿਆਂ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।

ਬਾਦਲ ਦੀ ਤਿੱਖੀ ਸ਼ਬਦਵਾਲੀ ਨੂੰ ਵੇਖ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦੀ ਸਿਆਸਤ ਦਾ ਰੁਖ਼ ਬਦਲ ਰਿਹਾ ਹੈ। ਬਾਦਲ ਨੇ ਪਹਿਲੀ ਵਾਰ ਕੇਂਦਰ ਦੀ ਮੋਦੀ ਸਰਕਾਰ ਪ੍ਰਤੀ ਇੰਨੀ ਸਖਤ ਸ਼ਬਦਵਾਲੀ ਵਰਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੀ ਸਿਆਸਤ ਵੱਡੀ ਕਰਵਟ ਲੈਣ ਜਾ ਰਹੀ ਹੈ। ਇਸ ਕਰਕੇ ਹੀ ਘਾਗ ਸਿਆਸਤਦਾਨ ਬਾਦਲ ਪਹਿਲਾਂ ਹੀ ਹਾਲਾਤ ਨੂੰ ਸਮਝ ਗਏ ਹਨ। ਕਰੀਬ ਦੋ ਮਹੀਨਿਆਂ ਤੱਕ ਮੌਣ ਧਾਰੀ ਬੈਠੇ ਰਹੇ ਵੱਡੇ ਬਾਦਲ ਦਾ ਇਹ ਐਲਾਨ ਫਿਲਹਾਲ ਸਿਆਸੀ ਪੈਂਤਰੇਬਾਜ਼ੀ ਹੀ ਮੰਨਿਆ ਜਾ ਰਿਹਾ ਹੈ ।

ਸਿਰਫ਼ ਪ੍ਰਕਾਸ਼ ਸਿੰਘ ਬਾਦਲ ਹੀ ਨਹੀਂ ਸਗੋਂ ਰਾਜ ਸਭਾ ਮੈਂਬਰ ਅਤੇ ਕਿਸੇ ਸਮੇਂ ਸ਼੍ਰੌਮਣੀ ਅਕਾਲੀ ਦਲ ਦੇ ਸਭ ਤੋਂ ਮਜ਼ਬੂਤ ਥੰਮ੍ਹ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਪਦਮ ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ।

ਬਾਦਲਾਂ ਨਾਲ ਨਾਤਾ ਤੋੜ ਚੁੱਕੇ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਗਏ ਕਿਸਾਨਾਂ ਨੂੰ ਸਰਕਾਰ ਨਹੀਂ ਪੁੱਛ ਰਹੀ ਅਤੇ ਉਨ੍ਹਾਂ ‘ਤੇ ਜ਼ੁਲਮ ਢਾਹ ਰਹੀ ਹੈ ਤਾਂ ਫਿਰ ਉਨ੍ਹਾਂ ਨੇ ‘ਪਦਮ ਭੂਸ਼ਣ’ ਪੁਰਸਕਾਰ ਰੱਖ ਕੇ ਕੀ ਕਰਨਾ ਹੈ, ਇਸ ਲਈ ਉਹ ਇਸ ਪੁਰਸਕਾਰ ਨੂੰ ਵਾਪਸ ਕਰ ਦੇਣਗੇ।

ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਨਵੀਂ ਦਿੱਲੀ ਵਿਚ ਹੋਈ ਮੁਲਾਕਾਤ ਵੀ ਸਿਆਸੀ ਪੈਂਤਰੇਬਾਜ਼ੀ ਮੰਨੀ ਜਾ ਰਹੀ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰੀ ਮੰਤਰੀ ਨੂੰ ਕਿਸਾਨਾਂ ਦੇ ਹੱਕ ਵਿਚ ਜਲਦੀ ਤੋਂ ਜਲਦੀ ਫ਼ੈਸਲਾ ਲੈਣ ਲਈ ਅਪੀਲ ਕੀਤੀ ਹੈ। ਕਿਉਂਕਿ ਇਹ ਪੰਜਾਬ ਦੀ ਆਰਥਿਕਤਾ ਅਤੇ ਦੇਸ਼ ਦੀ ਸੁਰੱਖਿਆ ਲਈ ਚਿੰਤਾ ਦਾ ਮਸਲਾ ਹੈ, ਉਸ ਸਮੇਂ ਜਦੋਂ ਸਰਹੱਦ ‘ਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਬਣਿਆ ਹੋਇਆ ਹੈ ।

ਇਸ ਵਿਚਾਲੇ ਕਾਲੀ ਵੇਈਂ ਦੀ ਸਫ਼ਾਈ ਕਰਨ ਦਾ ਬੀੜਾ ਚੁੱਕਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹੱਕ ‘ਚ ਖੜ੍ਹਦਿਆਂ 2017 ‘ਚ ਮਿਲਿਆ ਪਦਮਸ੍ਰੀ ਪੁਰਸਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਉਹ 5 ਦਸੰਬਰ ਨੂੰ ਦਿੱਲੀ ਜਾ ਕੇ ਆਪਣਾ ਐਵਾਰਡ ਵਾਪਸ ਕਰਨਗੇ ਤੇ ਨਾਲ ਹੀ ਸਿੰਘੂ ਬਾਰਡਰ ‘ਤੇ ਕਿਸਾਨੀ ਅੰਦੋਲਨ ‘ਚ ਸ਼ਿਰਕਤ ਵੀ ਕਰਨਗੇ। ਉਨ੍ਹਾਂ ਦੀ ਅਗਵਾਈ ‘ਚ ਹੀ ਪੰਜਾਬ ਨਾਲ ਸਬੰਧਿਤ ਕੌਮੀ ਤੇ ਕੌਮਾਂਤਰੀ ਖਿਡਾਰੀ ਵੀ ਆਪਣੇ ਸਨਮਾਨ ਵਾਪਸ ਕਰਨਗੇ।

ਪੰਜਾਬ ਦੇ ਕਲਾਕਾਰਾਂ ਤੇ ਖਿਡਾਰੀਆਂ ਨੇ ਵੀ ਆਪਣੇ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। 7 ਦਸੰਬਰ ਨੂੰ ਪੰਜਾਬ ਦੇ ਖਿਡਾਰੀ ਤੇ ਕਲਾਕਾਰ ਆਪਣੇ ਐਵਾਰਡ ਵਾਪਸ ਕਰਨ ਜਾ ਰਹੇ ਹਨ।

ਇਸ ਵਾਰ ਦੇ ਕਿਸਾਨ ਅੰਦੋਲਨ ਦੀ ਖਾਸ ਗੱਲ ਇਹ ਹੈ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਵਾਰ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਅੰਦੋਲਨ ਦੇ ਨੇੜੇ ਨਹੀਂ ਆਉਣ ਦੇ ਰਹੀਆਂ । ਕਿਸਾਨ ਆਪਣੀ ਸੂਝ-ਬੂਝ ਅਤੇ ਭਵਿੱਖ ਦੀਆਂ ਚਿੰਤਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਲੜਾਈ ਬਿਨਾਂ ਕਿਸੇ ਹਿੰਸਾ ਦੇ ਅੱਗੇ ਤੋਰ ਰਹੀਆਂ ਹਨ। ਬੀਤੇ 3 ਦਹਾਕਿਆਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੈ ਜਦੋਂ ਰਾਜਧਾਨੀ ਦਿੱਲੀ ਨੂੰ ਏਨੀ ਵੱਡੀ ਗਿਣਤੀ ਕਿਸਾਨਾਂ ਨੇ ਜੱਫਾ ਪਾਇਆ ਹੋਵੇ ।

ਕਿਸਾਨ ਕਿਸੇ ਵੀ ਤਰਾਂ ਦੀ ਹਿੰਸਾ ਦੇ ਪੱਖ ਵਿੱਚ ਨਹੀਂ ਹਨ। ਕਿਸਾਨਾਂ ਦੇ ਠਰੱਮੇ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਦੇਸ਼ਾਂ ਤੋਂ ਕਿਸਾਨਾਂ ਨੂੰ ਮਿਲ ਰਹੇ ਸਮਰਥਨ ਤੋਂ ਕਿਸਾਨ ਉਤਸਾਹਿਤ ਹਨ , ਉਹ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕਰ ਰਹੇ ਹਨ, ਨਾਲ ਹੀ ਉਹ ਅਤਿ ਉਤਸ਼ਾਹ ਵਿਚ ਆਕੇ ਕੋਈ ਅਜਿਹਾ ਕਦਮ ਨਹੀਂ ਚੁੱਕ ਰਹੇ ਜਿਸ ਨਾਲ ਸਫ਼ਲ ਹੋਣ ਜਾ ਰਹੇ ਇਸ ਅੰਦੋਲਨ ਵਿਚ ਕੋਈ ਰੁਕਾਵਟ ਆਵੇ। ਕਿਸਾਨ ਜਿਹਨਾਂ ‘ਚ ਵੱਡੀ ਗਿਣਤੀ ਨੌਜਵਾਨ ਕਿਸਾਨ ਵੀ ਸ਼ਾਮਲ ਹਨ, ਇਸ ਵਾਰ ਆਪਣੀ ਲੜਾਈ ਆਪਣੇ ਦਮ ‘ਤੇ ਹੀ ਲੜਨ ਲਈ ਫੈਸਲਾ ਕਰ ਚੁੱਕੇ ਹਨ। ਫਿਲਹਾਲ ਹੁਣ ਕਿਸਾਨਾਂ ਨੂੰ ਇੰਤਜ਼ਾਰ ਸ਼ਨੀਵਾਰ ਦਾ ਹੈ ਜਦੋਂ ਕੇਂਦਰ ਸਰਕਾਰ ਆਪਣਾ ਆਖਰੀ ਫ਼ੈਸਲਾ ਕਿਸਾਨਾਂ ਸਾਹਮਣੇ ਰੱਖੇਗੀ।

(ਵਿਵੇਕ ਸ਼ਰਮਾ)

Related News

NASA ਅਤੇ SPACE X ਨੇ ਸਪੇਸ ਸਟੇਸ਼ਨ ‘ਤੇ ਭੇਜੇ ਪੁਲਾੜ ਯਾਤਰੀ

Vivek Sharma

ਨਹੀਂ ਮੰਨਦੇ ਲੋਕ, ਪਾਬੰਦੀਆਂ ਦੇ ਬਾਵਜੂਦ ਕੀਤੀ ਵੱਡੀ ਕਾਰ ਰੈਲੀ, ਉਡਾਈਆਂ ਪਾਬੰਦੀਆਂ ਦੀਆਂ ਧੱਜੀਆਂ

Vivek Sharma

ਲੁਟੇਰਿਆਂ ਦੇ ਹੌਂਸਲੇ ਬੁਲੰਦ‌: ਕੈਨੈਡਾ ਦੇ ਦੋ ਸ਼ਹਿਰਾਂ ਵਿੱਚ ਲੁੱਟੀਆਂ ਕਾਰਾਂ, ਪੁਲਿਸ ਨੇ ਇੱਕ ਸ਼ੱਕੀ ਨੂੰ ਕੀਤਾ ਕਾਬੂ

Vivek Sharma

Leave a Comment

[et_bloom_inline optin_id="optin_3"]