channel punjabi
International News

ਟੁੱਟਿਆ ਅਕਾਲੀ-ਭਾਜਪਾ ਗਠਜੋੜ : ਕੈਪਟਨ ਨੇ ਸੁਖਬੀਰ ਨੂੰ ਭਿਉਂ-ਭਿਉਂ ਸੁਣਾਈਆਂ

ਟੁੱਟਿਆ ਨਹੁੰ-ਮਾਸ ਦਾ ਰਿਸ਼ਤਾ !
ਸੁਖਬੀਰ ਦੇ ਐਲਾਨ ਤੋਂ ਬਾਅਦ ਭਖੀ ਸਿਆਸਤ
ਵਿਰੋਧੀਆਂ ਨੇ ਕਸੇ ਤੰਜ

ਚੰਡੀਗੜ੍ਹ : ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਭਾਰਤੀ ਜਨਤਾ ਪਾਰਟੀ ਨਾਲੋਂ ਰਿਸ਼ਤਾ ਖਤਮ ਕਰਨ ਦਾ ਐਲਾਨ ਕਰ ਦਿੱਤਾ । ਦੇਰ ਸ਼ਾਮ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਕ LIVE ਪ੍ਰੈਸ ਕਾਨਫਰੰਸ ਦਾ ਆਯੋਜਨ ਕਰਦਿਆਂ ਭਾਜਪਾ ਨਾਲ ਆਪਣਾ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ । ਸੁਖਬੀਰ ਬਾਦਲ ਦੇ ਐਲਾਨ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਉਬਾਲ ਆ ਚੁੱਕਾ ਹੈ ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਇਹ ਫੈਸਲਾ ਬਾਦਲਾਂ ਦੀ ਸਿਆਸੀ ਮਜਬੂਰੀ ਹੈ, ਅਕਾਲੀ ਦਲ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਬਚਿਆ।

ਦੇਰ ਰਾਤ ਜਾਰੀ ਕੀਤੇ ਗਏ ਬਿਆਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਐਨ.ਡੀ.ਏ. ਛੱਡਣ ਦੇ ਫੈਸਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਾਦਲਾਂ ਲਈ ਰਾਜਸੀ ਮਜਬੂਰੀ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ, ਜਿਨਾਂ ਕੋਲ ਖੇਤੀਬਾੜੀ ਬਿਲਾਂ ਉਤੇ ਭਾਜਪਾ ‘ਤੇ ਦੋਸ਼ ਮੜੇ ਜਾਣ ਤੋਂ ਬਾਅਦ ਐਨ.ਡੀ.ਏ. ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਸੀ।

ਆਪਣੇ ਪਹਿਲਾਂ ਵਾਲੇ ਬਿਆਨ ਵੱਲ ਧਿਆਨ ਦਿਵਾਉਂਦਿਆਂ, ਜਿਸ ਵਿੱਚ ਉਨਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਐਨ.ਡੀ.ਏ. ਹੁਣ ਅਕਾਲੀਆਂ ਨੂੰ ਮੱਖਣ ਵਿੱਚੋਂ ਵਾਲ ਵਾਂਗ ਕੱਢ ਦੇਵੇਗੀ ਜੇਕਰ ਉਨਾਂ ਖੁਦ ਹੀ ਇੱਜ਼ਤ ਨਾਲ ਗਠਜੋੜ ਨਾ ਛੱਡਿਆ ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਵਿੱਚ ਕੋਈ ਵੀ ਨੈਤਿਕਤਾ ਸ਼ਾਮਲ ਨਹੀਂ ਹੈ। ਅਕਾਲੀਆਂ ਸਾਹਮਣੇ ਹੋਰ ਕੋਈ ਰਾਸਤਾ ਨਹੀਂ ਸੀ ਬਚਿਆ। ਹੁਣ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਸਾਫ ਕਰ ਦਿੱਤਾ ਸੀ ਕਿ ਉਹ ਖੇਤੀਬਾੜੀ ਬਿੱਲਾਂ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਸਮਝਦੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਐਨ.ਡੀ.ਏ. ਨਾਲੋਂ ਤੋੜ-ਵਿਛੋੜਾ ਕਰਨ ਦਾ ਅਕਾਲੀ ਦਲ ਫੈਸਲਾ ਉਨਾਂ ਵੱਲੋਂ ਬੋਲੇ ਜਾਂਦੇ ਝੂਠ ਅਤੇ ਬੇਇਮਾਨੀ ਦੀ ਕਹਾਣੀ ਦਾ ਅੰਤ ਹੈ ਜਿਸ ਦਾ ਸਿੱਟਾ ਬਿੱਲਾਂ ਦੇ ਮੁੱਦੇ ਉਤੇ ਉਹਨਾਂ ਦੇ ਇਕੱਲੇ ਪੈ ਜਾਣ ਦੇ ਰੂਪ ਵਿੱਚ ਸਾਹਮਣੇ ਆਇਆ। ਕੈਪਟਨ ਨੇ ਤੰਜ਼ ਕਸਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਹਾਲਤ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਬਣ ਗਈ ਸੀ ਕਿਉਂ ਜੋ ਉਸ ਨੇ ਮੁੱਢਲੇ ਦੌਰ ਵਿੱਚ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਉਤੇ ਅਸੂਲਾਂ ਭਰਪੂਰ ਸਟੈਂਡ ਨਹੀਂ ਸੀ ਲਿਆ, ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਕੀਤੇ ਵਿਆਪਕ ਰੋਹ ਕਾਰਨ ਉਸ ਨੇ ਅਚਾਨਕ ਹੀ ਇਸ ਮੁੱਦੇ ਉਤੇ ਯੂ-ਟਰਨ ਲੈ ਲਿਆ।

ਮੁੱਖ ਮੰਤਰੀ ਨੇ ਸਾਫ ਕੀਤਾ ਕਿ ਹੁਣ ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਕਾਲੀ ਦਲ ਦੇ ਝੂਠ, ਫਰੇਬ ਅਤੇ ਦੋਹਰੇ ਮਾਪਦੰਡਾਂ ਦਾ ਪਾਜ ਉਘੇੜ ਕੇ ਰੱਖ ਦਿੱਤਾ, ਤਾਂ ਅਕਾਲੀਆਂ ਕੋਲ ਐਨ.ਡੀ.ਏ. ਤੋਂ ਬਾਹਰ ਆਉਣ ਦਾ ਹੀ ਇਕੋ-ਇਕ ਰਾਹ ਬਚਿਆ ਸੀ। ਪਰ ਇਸ ਕਦਮ ਨਾਲ ਅਕਾਲੀਆਂ ਨੂੰ ਆਪਣਾ ਨੱਕ ਬਚਾਉਣ ਵਿੱਚ ਮੱਦਦ ਨਹੀਂ ਮਿਲੇਗੀ ਜਿਵੇਂ ਕਿ ਉਨਾਂ ਦੀ ਉਮੀਦ ਸੀ ਕਿਉਂਕਿ ਹੁਣ ਅਕਾਲੀ ਖੁਦ ਨੂੰ ਵੱਡੇ ਸਿਆਸੀ ਤੂਫਾਨ ਵਿੱਚ ਘਿਰਿਆ ਪਾਉਣਗੇ ਅਤੇ ਉਨਾਂ ਕੋਲ ਹੁਣ ਪੰਜਾਬ ਜਾਂ ਕੇਂਦਰ ਵਿੱਚ ਕਿਤੇ ਵੀ ਸਿਆਸੀ ਤੌਰ ਉਤੇ ਖੜ੍ਹਨ ਵਾਸਤੇ ਥਾਂ ਨਹੀਂ ਬਚੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਹੋਰ ਅਕਾਲੀ ਆਗੂਆਂ ਵਿੱਚ ਕੋਈ ਵੀ ਸ਼ਰਮ ਬਚੀ ਹੈ ਤਾਂ ਉਨਾਂ ਨੂੰ ਕੇਂਦਰ ਸਰਕਾਰ ਦੇ ਭਾਈਵਾਲ ਬਣ ਕੇ ਚੁੱਕੇ ਗਏ ਆਪਣੇ ਧੋਖਾਧੜੀ ਭਰਪੂਰ ਕਦਮਾਂ ਨੂੰ ਕਬੂਲ ਕਰ ਕੇ ਕਿਸਾਨਾਂ ਤੋਂ ਇਸ ਦੀ ਮਾਫੀ ਮੰਗਣੀ ਚਾਹੀਦੀ ਹੈ ।

Related News

ਬਰੈਂਪਟਨ ਦੇ ਇੱਕ ਘਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਖਮੀ

Vivek Sharma

‘ਥੈਂਕਸ ਗਿਵਿੰਗ ਪਾਰਟੀ’ ਦੇਣ ਵਾਲਿਆਂ ਨੂੰ ਡਾਕਟਰਾਂ ਦੀ ਵੱਡੀ ਸਲਾਹ, ਇਸ ਵਾਰ ਇਸ ਇਸ ਗੱਲ ਦਾ ਰੱਖੋ ਖ਼ਾਸ ਪ੍ਰਹੇਜ਼

Vivek Sharma

ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ, ਕੈਨੇਡਾ ਤੋਂ ਲੰਡਨ ਤੱਕ ਗੱਡੇ ਝੰਡੇ

Vivek Sharma

Leave a Comment