channel punjabi
International News

ਕਾਮੇਡੀ ਕਲਾਕਾਰ ਭਾਰਤੀ ਸਿੰਘ ਨੂੰ ਲੰਮੇਂ ਸਮੇਂ ਤੱਕ ਰਹਿਣਾ ਪੈ ਸਕਦਾ ਹੈ ਜੇਲ੍ਹ ‘ਚ !

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਆਤਮ-ਹੱਤਿਆ ਮਾਮਲੇ ਤੋਂ ਬਾਅਦ ਬਾਲੀਵੁੱਡ ਨੂੰ ਜਿਸ ਖ਼ਬਰ ਨੇ ਸਭ ਤੋਂ ਵੱਧ ਝੰਜੋੜਿਆ ਹੈ ਉਹ ਹੈ ਕਾਮੇਡੀ ਕਲਾਕਾਰ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੀ ਗ੍ਰਿਫ਼ਤਾਰੀ। ਨਸ਼ੀਲੇ ਪਦਾਰਥਾਂ ਨਾਲ ਆਪਣੇ ਘਰ ਤੋਂ ਗ੍ਰਿਫਤਾਰ ਕੀਤੀ ਗਈ ਕਾਮੇਡੀਅਨ ਭਾਰਤੀ ਸਿੰਘ ਨੂੰ ਅਗਲੇ ਕੁਝ ਮਹੀਨੇ ਜੇਲ ਵਿੱਚ ਬਿਤਾਉਣੇ ਪੈ ਸਕਦੇ ਹਨ ਕਿਉਂਕਿ ਭਾਰਤੀ ਸਿੰਘ ਕੋਲੋਂ ਬਰਾਮਦ ਕੀਤਾ ਗਿਆ ਨਸ਼ੀਲਾ ਪਦਾਰਥ ਗਾਂਜਾ ਐੱਨ.ਡੀ.ਪੀ.ਐੱਸ. ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸ ਐਕਟ 1985 ਦੇ ਤਹਿਤ ਕਵਰ ਹੁੰਦਾ ਹੈ ਅਤੇ ਗਾਂਜਾ ਫੜੇ ਜਾਣ ਦੀ ਸੂਰਤ ਵਿਚ 10 ਸਾਲ ਤੱਕ ਦੀ ਕੈਦ ਅਤੇ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਕਾਨੂੰਨ ਦੇ ਮਾਹਿਰਾਂ ਅਨੁਸਾਰ ਭਾਰਤੀ ਸਿੰਘ ਨੂੰ ਇਸ ਮਾਮਲੇ ਵਿਚ ਜ਼ਮਾਨਤ ਹਾਸਲ ਕਰਨ ਲਈ ਲੰਬੀ ਜੱਦੋ-ਜਹਿਦ ਕਰਨੀ ਪੈ ਸਕਦੀ ਹੈ ਅਤੇ ਇਸ ਵਿਚ ਕਾਫੀ ਲੰਮਾ ਸਮਾਂ ਵੀ ਲਗ ਸਕਦਾ ਹੈ। ਕਿਉਂਕਿ ਐੱਨ.ਡੀ.ਪੀ.ਐੱਸ ਦੇ ਤਹਿਤ ਕੀਤਾ ਗਿਆ ਅਪਰਾਧ ਗੈਰ ਜ਼ਮਾਨਤੀ ਹੁੰਦਾ ਹੈ।

ਦੱਸਣਯੋਗ ਹੈ ਕਿ ਕਾਮੇਡੀਅਨ ਭਾਰਤੀ ਸਿੰਘ ਕੋਲੋਂ 86 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ । ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 20 ਦੇ ਤਹਿਤ ਗਾਂਜੇ ਦੀ ਐਨੀ ਮਾਤਰਾ ਘੱਟ ਮੰਨੀ ਜਾਂਦੀ ਹੈ ਅਤੇ 1 ਕਿਲੋ ਤੋਂ ਘੱਟ ਗਾਂਜੇ ਦੀ ਬਰਾਮਦਗੀ ‘ਤੇ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਹੀ ਹੋਵੇਗੀ ਹਾਲਾਂਕਿ ਭਾਰਤੀ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਇਹ ਗਾਂਜਾ ਉਸ ਨੇ ਖੁਦ ਦੇ ਸੇਵਨ ਲਈ ਰੱਖਿਆ ਹੈ । ਫਿਲਹਾਲ ਭਾਰਤੀ ਸਿੰਘ ਦਾ ਮੈਡੀਕਲ ਕਰਵਾਏ ਜਾਣ ਤੋਂ ਬਾਅਦ ਹੀ ਇਹ ਸਾਫ ਹੋਵੇਗਾ ਕਿ ਉਹ ਸੱਚਮੁੱਚ ਵਿਚ ਗਾਂਜੇ ਦਾ ਸੇਵਨ ਕਰਦੀ ਹੈ ਜਾਂ ਇਹ ਗਾਂਜਾ ਉਸ ਨੇ ਕਿਸੇ ਹੋਰ ਨੂੰ ਦੇਣਾ ਸੀ।

ਭਾਰਤੀ ਸਿੰਘ ਦੇ ਨਜ਼ਦੀਕੀ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਕਿ ਉਹ ਨਸ਼ੇ ਦੇ ਜਾਲ਼ ਵਿੱਚ ਉਲਝੀ ਹੋਈ ਹੈ। ਕਾਮੇਡੀ ਕਲਾਕਾਰ ਰਾਜੀਵ ਠਾਕੁਰ ਦਾ ਕਹਿਣਾ ਹੈ ਕਿ ਇਹ ਅਸੰਭਵ ਜਾਪ ਰਿਹਾ ਹੈ ਕਿ ਭਾਰਤੀ ਨਸ਼ੇ ਦੇ ਦਲਦਲ ਵਿੱਚ ਫਸ ਚੁੱਕੀ ਹੈ । ਭਾਰਤੀ ਨਾਲ ਕੰਮ ਕਰ ਚੁੱਕੇ ਰੰਗਮੰਚ ਦੇ ਕਲਾਕਾਰ ਵਿਜੇ ਸ਼ਰਮਾ ਅਨੁਸਾਰ ਇਹ ਖਬਰ ਉਨ੍ਹਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ, ਕਿਉਂਕਿ ਭਾਰਤੀ ਸਿੰਘ ਰੰਗਮੰਚ ਪਰਿਵਾਰ ਦਾ ਹਿੱਸਾ ਰਹੀ ਹੈ। ਭਾਰਤੀ ਨੇ ਨਸ਼ਿਆਂ ਸਮੇਤ ਸਮਾਜਿਕ ਬੁਰਾਈਆਂ ਖ਼ਿਲਾਫ਼ ਅਨੇਕਾਂ ਨਾਟਕਾਂ ‘ਚ ਭਾਗ ਲਿਆ ਹੈ।

ਭਾਰਤੀ ਸਿੰਘ ਨੂੰ ਤਰਾਸ਼ਣ ਵਾਲੇ ਅਤੇ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਸਿੰਘ ਬਰਾੜ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਭਾਰਤੀ ਸਿੰਘ ਨਸ਼ਾ ਕਰ ਸਕਦੀ ਹੈ। ਬਰਾੜ ਅਨੁਸਾਰ ਭਾਰਤੀ ਸਿੰਘ ਨੇ 300 ਤੋਂ ਵੱਧ ਨਾਟਕਾਂ ਵਿਚ ਆਪਣੀ ਪੇਸ਼ਕਾਰੀ ਦਿੱਤੀ। ਉਹ ਇੰਨੀ ਸਮਝਦਾਰ ਹੈ ਕਿ ਉਹ ਨਸ਼ਿਆਂ ਦੀ ਦਲਦਲ ਵਿਚ ਨਹੀ ਜਾ ਸਕਦੀ ।

ਫਿਲਹਾਲ ਜਾਂਚ ਵਿਚ ਕੀ ਸਾਹਮਣੇ ਆਉਂਦਾ ਹੈ ਇਹ ਸਮਾਂ ਦੱਸੇਗਾ । ਪਰ ਕਮੇਡੀ ਕਲਾਕਾਰ ਭਾਰਤੀ ਸਿੰਘ ਦੇ ਨਸ਼ੇ ਨਾਲ ਗ੍ਰਿਫਤਾਰ ਹੋਣ ਤੋਂ ਬਾਅਦ ਪੰਜਾਬ ਨਾਲ ਸਬੰਧਤ ਬਾਲੀਵੁੱਡ ਦੇ ਅਨੇਕਾਂ ਮਸ਼ਹੂਰ ਕਲਾਕਾਰ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੇ ਹਨ।

Related News

ਟਰੰਪ ਨੇ ਕੇਨੋਸ਼ਾ ਦਾ ਕੀਤਾ ਦੌਰਾ, ਡੈਮੋਕਰੇਟਸ ਨੂੰ ਲਿਆ ਆੜੇ ਹੱਥੀਂ

Vivek Sharma

ਕੈਨੇਡਾ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਤਾਂ ਚਾਹੀਦਾ ਹੈ, ਪਰ ਉਹ ਇਸ ਨੂੰ ਲਾਜ਼ਮੀ ਕਰਨ ਦੇ ਹੱਕ ਵਿੱਚ ਨਹੀਂ : ਸਰਵੇਖਣ

Vivek Sharma

ਅਮਰੀਕਾ: ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਵਿਦੇਸ਼ਾਂ ‘ਚ ਵੀ ਵੇਖਣ ਨੂੰ ਮਿਲਿਆ

Rajneet Kaur

Leave a Comment