Channel Punjabi
International News

ਲੇਬਨਾਨ ਦੀ ਸਰਕਾਰ ਨੇ ਦਿੱਤਾ ਅਸਤੀਫ਼ਾ! PM ਹਸਨ ਦਿਆਬ ਨੇ ਆਪਣੀ ਕੈਬਨਿਟ ਸਮੇਤ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪਿਆ

drad

ਬੰਬ ਧਮਾਕਿਆਂ ਦੇ ਛੇ ਦਿਨ ਬਾਅਦ ਲੇਬਨਾਨ ਦੀ ਸਰਕਾਰ ਨੇ ਦਿੱਤਾ ਅਸਤੀਫਾ

ਪ੍ਰਧਾਨ ਮੰਤਰੀ ਹਸਨ ਦਿਆਬ ਨੇ ਆਪਣੀ ਪੂਰੀ ਕੈਬਨਿਟ ਦੇ ਨਾਲ ਅਸਤੀਫਾ ਸੌਂਪਿਆ

PM ਹਸਨ ਦਿਆਬ ਨੇ ਰਾਸ਼ਟਰੀ ਚੈਨਲ ‘ਤੇ ਅਸਤੀਫੇ ਬਾਰੇ ਦਿੱਤੀ ਜਾਣਕਾਰੀ

ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਿਆਸੀ ਸਰਗਰਮੀਆਂ ਤੇਜ਼

ਧਮਾਕਿਆਂ ਕਾਰਨ ਹੋਇਆ 15 ਅਰਬ ਡਾਲਰ ਦਾ ਨੁਕਸਾਨ

ਨਿਊਜ਼ ਡੈਸਕ : ਬੇਰੂਤ ਵਿਚ ਬੀਤੇ ਮੰਗਲਵਾਰ ਨੂੰ ਹੋਏ ਧਮਾਕੇ ਤੋਂ ਕਰੀਬ ਇੱਕ ਹਫ਼ਤੇ ਬਾਅਦ ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਆਪਣੀ ਪੂਰੀ ਕੈਬਨਿਟ ਦੇ ਨਾਲ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਹਸਨ ਦਿਆਬ ਨੇ ਸੋਮਵਾਰ ਸ਼ਾਮੀ ਰਾਸ਼ਟਰੀ ਟੈਲੀਵੀਜ਼ਨ ‘ਤੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ਵਿਚ ਖੁਦ ਇਸ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਉਸ ਤ੍ਰਾਸਦੀ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਅਤੇ ਅਸਲੀ ਬਦਲਾਅ ਦੀ ਲੋਕਾਂ ਦੀ ਇੱਛਾ ਦਾ ਅਸੀਂ ਪਾਲਣ ਕਰ ਰਹੇ ਹਾਂ।ਸੰਸਦ ਨੂੰ ਹੁਣ ਨਵਾਂ ਪ੍ਰਧਾਨ ਮੰਤਰੀ ਚੁਣਨਾ ਹੋਵੇਗਾ।

ਹਾਲਾਂਕਿ ਇਸ ਤੋਂ ਪਹਿਲਾਂ ਨਿਊਜ਼ ਏਜੰਸੀਆਂ ਮੁਤਾਬਕ ਇਹ ਖਬਰ ਆ ਗਈ ਸੀ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਲੇਬਨਾਨ ਦੇ ਰਾਸ਼ਟਰਪਤੀ ਮਾਇਕਲ ਆਓਨ ਨੂੰ ਸੌਂਪ ਦਿੱਤਾ ਹੈ ਅਤੇ ਇਸ ਦਾ ਅਧਿਕਾਰਕ ਐਲਾਨ ਜਲਦ ਹੀ ਹੋਣ ਵਾਲਾ ਹੈ। ਉਨ੍ਹਾਂ ਦੇ ਅਸਤੀਫਾ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਕਈ ਮੰਤਰੀਆਂ ਨੇ ਵੀ ਆਪਣਾ ਅਸਤੀਫਾ ਦਿੱਤਾ ਸੀ। ਹਾਲਾਂਕਿ, ਅਜਿਹੀ ਮੰਗ ਉੱਠ ਰਹੀ ਸੀ ਕਿ ਪੂਰੀ ਸਰਕਾਰ ਹੀ ਅਸਤੀਫਾ ਦੇਵੇ।

ਪ੍ਰਧਾਨ ਮੰਤਰੀ ਹਸਨ ਦਿਆਬ ਆਪਣੀ ਕੈਬਨਿਟ ਸਮੇਤ ਅਸਤੀਫ਼ਾ ਦੇਣ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ

ਪਿਛਲੇ ਹਫਤੇ ਮੰਗਲਵਾਰ ਨੂੰ ਲੇਬਨਾਨ ਦੀ ਰਾਜਧਾਨੀ ਵਿਚ ਹੋਏ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 220 ਹੋ ਗਈ ਹੈ ਅਤੇ ਬੇਰੂਤ ਦੇ ਗਵਰਨਰ ਮਰਵਾਨ ਅਬੂਦ ਮੁਤਾਬਕ ਹੁਣ ਵੀ 110 ਲੋਕ ਲਾਪਤਾ ਹਨ। ਇਨ੍ਹਾਂ ਵਿਚੋਂ ਵਿਦੇਸ਼ੀ ਕਰਮਚਾਰੀ ਅਤੇ ਟਰੱਕ ਡਰਾਈਵਰ ਹਨ। ਇਸ ਧਮਾਕੇ ਵਿਚ ਕਰੀਬ 6,000 ਲੋਕ ਜ਼ਖਮੀ ਵੀ ਹੋਏ ਹਨ। ਇਸ ਧਮਾਕੇ ਦੌਰਾਨ ਕੈਨੇਡਾ ਦੇ ਵੀ ਕਈ ਨਾਗਰਿਕ ਮਾਰੇ ਗਏ ਨੇ ਜਾਂ ਸਖ਼ਤ ਫੱਟੜ ਹੋਏ ਨੇ ।

ਆਪਣੇ ਅਸਤੀਫੇ ਤੋਂ ਪਹਿਲਾਂ ਲੇਬਨਾਨ ਦੇ ਪ੍ਰਧਾਨ ਮੰਤਰੀ ਦੱਸ ਚੁੱਕੇ ਹਨ ਕਿ ਧਮਾਕੇ ਦਾ ਕਾਰਨ ਬੇਰੂਤ ਬੰਦਰਗਾਹ ‘ਤੇ ਪਿਛਲੇ 6 ਸਾਲਾਂ ਤੋਂ ਜਮ੍ਹਾ ਕੀਤਾ ਜਾ ਰਿਹਾ ਅਮੋਨੀਅਮ ਨਾਈਟ੍ਰੇਟ ਸੀ। ਬੇਰੂਤ ਬੰਦਰਗਾਹ ‘ਤੇ 2,750 ਟਨ ਅਮੋਨੀਅਮ ਨਾਈਟ੍ਰੇਟ ਮੌਜੂਦ ਸੀ, ਜਿਸ ਵਿਚ ਅੱਗ ਲੱਗਣ ਦੇ ਚੱਲਦੇ ਧਮਾਕਾ ਹੋਇਆ ਸੀ। ਇਸ ਧਮਾਕੇ ਦੇ ਚੱਲਦੇ ਬੇਰੂਤ ਵਿਚ ਘਟੋਂ-ਘੱਟ 3 ਅਰਬ ਡਾਲਰ ਦੇ ਨੁਕਸਾਨ ਦੀ ਸ਼ੰਕਾ ਜਤਾਈ ਜਾ ਰਹੀ ਹੈ, ਪਰ ਇਸ ਧਮਾਕੇ ਨਾਲ ਪੂਰੇ ਲੇਬਨਾਨ ਦੀ ਅਰਥ ਵਿਵਸਥਾ ਨੂੰ 15 ਅਰਬ ਡਾਲਰ ਦਾ ਨੁਕਸਾਨ ਹੋਣ ਦੀ ਸ਼ੰਕਾ ਜਤਾਈ ਗਈ ਹੈ।
ਇਸ ਧਮਾਕੇ ਤੋਂ ਬਾਅਦ ਲੇਬਨਾਨ ਵਿਚ ਆਰਥਿਕ ਸੰਕਟ ਵੀ ਵਧਦਾ ਜਾ ਰਿਹਾ ਹੈ। ਇਸ ਧਮਾਕੇ ਦਾ ਕਾਰਨ ਲੇਬਨਾਨ ਦੇ ਰਾਜਨੀਤਕ ਵਰਗ ਵਿਚ ਭ੍ਰਿਸ਼ਟਾਚਾਰ ਅਤੇ ਦੁਰਾਚਾਰ ਮੰਨਿਆ ਜਾ ਰਿਹਾ ਹੈ, ਸ਼ਹਿਰ ਦੇ ਮੁੱਖ ਹਿੱਸੇ ਵਿਚ ਵਿਸਫੋਟਕ ਰੱਖਣ ਦੀਆਂ ਥਾਵਾਂ ਨੂੰ ਲੈ ਕੇ ਸਵਾਲ ਪੁੱਛਿਆ ਜਾ ਰਿਹਾ ਹੈ। ਇਸ ਕਾਰਨ ਬੇਰੂਤ ਦੀਆਂ ਸੜਕਾਂ ‘ਤੇ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਵੀ ਲਗਾਤਾਰ ਦੂਜੇ ਦਿਨ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚ ਹਿੰਸਕ ਝੜਪ ਦੇਖਣ ਨੂੰ ਮਿਲੀਆਂ ਸਨ।

ਲੇਬਨਾਨ ਦੇ ਸੰਕਟ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੀ ਮਨੁੱਖੀ ਸਹਾਇਤਾ ਮੁਹੱਈਆ ਕਰਾ ਰਹੀਆਂ ਹਨ ਜਦਕਿ ਫ੍ਰਾਂਸਿਸੀ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਭਾਈਚਾਰੇ ਨੇ ਲੇਬਨਾਨ ਨੂੰ 29.7 ਕਰੋੜ ਡਾਲਰ ਦੀ ਮਦਦ ਦੇਣਾ ਦਾ ਫੈਸਲਾ ਵੀ ਲਿਆ ਹੈ।

ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਲੈਬਨਾਨ ਦੀ ਮਦਦ ਲਈ 5 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕਰ ਚੁੱਕੇ ਹਨ।

drad

Related News

ਅਕਾਈ ਬੇਰੀ ਨਾਲ ਕੋਰੋਨਾ ਵਾਇਰਸ ਦੇ ਜੌਖਮ ਨੂੰ ਘਟਾਇਆ ਜਾ ਸਕਦੈ : ਕੈਨੇਡੀਅਨ ਮਾਹਿਰ

Rajneet Kaur

ਬੀ.ਸੀ : ਦੱਖਣੀ ਓਕਾਨਾਗਨ ‘ਚ ਕ੍ਰਿਸਟੀ ਪਹਾੜੀ ਜੰਗਲ ਦੀ ਅੱਗ ਬੁਝਾਉਣ ‘ਚ ਰੁੱਝੇ ਫਾਇਰ ਫਾਈਟਰ ਦੀ ਗੱਡੀ ਹੋਈ ਚੋਰੀ

Rajneet Kaur

ਟੈਕਸਾਸ ‘ਚ ਤੂਫ਼ਾਨ ਹੰਨਾ ਨੇ ਮਚਾਈ ਤਬਾਹੀ , ਮੌਸਮ ਵਿਭਾਗ ਵਲੋਂ ਹਾਈ ਅਲਰਟ ਜਾਰੀ, ਇਕ ਹੋਰ ਤੂਫ਼ਾਨ ਨਾਲ ਵੀ ਕਰਨਾ ਪੈ ਸਕਦੈ ਸਾਮਨਾ

Rajneet Kaur

Leave a Comment

[et_bloom_inline optin_id="optin_3"]